ਵਿਧਾਇਕਾਂ ਤੇ ਕੌਂਸਲਰਾਂ ਨੂੰ ਖੁਸ਼ ਕਰਨ ਦੀ ਕਵਾਇਦ
Friday, Oct 26, 2018 - 04:03 PM (IST)
ਲੁਧਿਆਣਾ (ਹਿਤੇਸ਼) : ਆਪਣੇ ਇਲਾਕਿਆਂ ’ਚ ਵਿਕਾਸ ਕਾਰਜ ਠੱਪ ਰਹਿਣ ਦੇ ਮੁੱਦੇ ’ਤੇ ਵਿਰੋਧ ਕਰ ਰਹੇ ਵਿਧਾਇਕਾਂ ਤੇ ਕੌਂਸਲਰਾਂ ਨੂੰ ਖੁਸ਼ ਕਰਨ ਦੀ ਕਵਾਇਦ ਤਹਿਤ ਮੇਅਰ ਨੇ ਐੱਫ. ਐਂਡ ਸੀ. ਸੀ. ਦੀ ਮੀਟਿੰਗ ਤਾਂ ਬੁਲਾ ਲਈ ਹੈ ਪਰ ਇਸ ਗੱਲ ਨੂੰ ਲੈ ਕੇ ਹਫਡ਼ਾ-ਦਫਡ਼ੀ ਦੇ ਹਾਲਾਤ ਬਣੇ ਹੋਏ ਹਨ ਕਿ ਇਸ ਮੀਟਿੰਗ ਦੌਰਾਨ ਲਏ ਜਾਣ ਵਾਲੇ ਫੈਸਲਿਆਂ ਨੂੰ ਲਾਗੂ ਕਰਨ ਲਈ ਫੰਡ ਕਿੱਥੋਂ ਆਵੇਗਾ। ਇਥੇ ਦੱਸਣਾ ਉਚਿਤ ਹੋਵੇਗਾ ਕਿ ਮੇਅਰ ਬਣਨ ਤੋਂ ਬਾਅਦ ਤੋਂ ਹੀ ਬਲਕਾਰ ਸੰਧੂ ਵਲੋਂ ਹਰ ਗੱਲ ਲਈ ਨਗਰ ਨਿਗਮ ਦਾ ਖਜ਼ਾਨਾ ਖਾਲੀ ਹੋਣ ਦਾ ਹਵਾਲਾ ਦਿੱਤਾ ਜਾਂਦਾ ਹੈ।
ਇਸ ਨੂੰ ਆਧਾਰ ਬਣਾ ਕੇ ਨਵੇਂ ਵਿਕਾਸ ਕਾਰਜਾਂ ਲਈ ਐਸਟੀਮੇਟ ਬਣਾਉਣ ’ਤੇ ਰੋਕ ਲਗਾ ਦਿੱਤੀ ਗਈ ਅਤੇ ਪਹਿਲਾਂ ਤੋਂ ਪਾਸ ਹੋ ਚੁੱਕੀਆਂ ਫਾਈਲਾਂ ’ਤੇ ਟੈਂਡਰ ਲਾਉਣ ਤੇ ਵਰਕ ਆਰਡਰ ਜਾਰੀ ਨਹੀਂ ਕੀਤੇ ਗਏ। ਇਸ ਵਜ੍ਹਾ ਨਾਲ ਆਪਣੇ ਇਲਾਕਿਆਂ ਵਿਚ ਵਿਕਾਸ ਕਾਰਜ ਠੱਪ ਰਹਿਣ ਦੇ ਮੁੱਦੇ ’ਤੇ ਵਿਰੋਧੀਆਂ ਤੋਂ ਇਲਾਵਾ ਕਾਂਗਰਸ ਦੇ ਕੌਂਸਲਰਾਂ ਤੇ ਵਿਧਾਇਕਾਂ ਨੇ ਵੀ ਮੇਅਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਇਨ੍ਹਾਂ ਵਿਚ ਮੁੱਖ ਤੌਰ ’ਤੇ ਸੰਜੇ ਤਲਵਾਡ਼ ਗਰੁੱਪ ਦਾ ਨਾਂ ਸ਼ਾਮਲ ਹੈ, ਜਿਨ੍ਹਾਂ ਵਲੋਂ ਕਈ ਵਾਰ ਖੁਲ੍ਹੇਆਮ ਮੇਅਰ ਖਿਲਾਫ ਭਡ਼ਾਸ ਕੱਢੀ ਜਾ ਚੁੱਕੀ ਹੈ, ਇਨ੍ਹਾਂ ਸਾਰਿਆਂ ਨੂੰ ਸ਼ਾਂਤ ਕਰਨ ਲਈ ਮੇਅਰ ਨੇ 30 ਅਕਤੂਬਰ ਨੂੰ ਐੱਫ. ਐਂਡ ਸੀ. ਸੀ. ਦੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ।
ਸੂਤਰਾਂ ਮੁਤਾਬਕ ਇਸ ਮੀਟਿੰਗ ਦੇ ਏਜੰਡੇ ’ਚ ਕਈ ਸੌ ਕਰੋਡ਼ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਐਸਟੀਮੇਟ ਪਾਸ ਕਰਨ ਤੋਂ ਇਲਾਵਾ ਟੈਂਡਰ ਲਗਾਉਣ ਤੇ ਵਰਕ ਆਰਡਰ ਜਾਰੀ ਕਰਨ ਦੀਆਂ ਫਾਈਲਾਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਨੂੰ ਸਿਰੇ ਚਡ਼੍ਹਾਉਣ ਲਈ ਫੰਡ ਕਿੱਥੋਂ ਆਵੇਗਾ, ਇਸ ਨੂੰ ਲੈ ਕੇ ਸੁਆਲ ਖਡ਼੍ਹੇ ਹੋਣਾ ਲਾਜ਼ਮੀ ਹੈ। ਕਿਉਂਕਿ ਇਸ ਤੋਂ ਪਹਿਲਾਂ ਐੱਫ. ਐਂਡ ਸੀ. ਸੀ. ਮੀਟਿੰਗ ਦੌਰਾਨ ਪਾਸ ਕੀਤੇ ਗਏ ਪ੍ਰਸਤਾਵਾਂ ’ਤੇ ਵੀ ਅਮਲ ਨਹੀਂ ਹੋ ਸਕਿਆ।
