ਪੰਜਾਬ ''ਚ ‘ਡਬਲ ਇੰਜਣ’ ਸਰਕਾਰ ਲਈ ਭਾਜਪਾ ਤੇਜ਼ ਕਰੇਗੀ ਜ਼ਮੀਨੀ ਲੜਾਈ: ਨਿਤਿਨ ਨਬੀਨ

Monday, Jun 22, 2026 - 09:17 PM (IST)

ਪੰਜਾਬ ''ਚ ‘ਡਬਲ ਇੰਜਣ’ ਸਰਕਾਰ ਲਈ ਭਾਜਪਾ ਤੇਜ਼ ਕਰੇਗੀ ਜ਼ਮੀਨੀ ਲੜਾਈ: ਨਿਤਿਨ ਨਬੀਨ

ਲੁਧਿਆਣਾ : ਜਿਵੇਂ ਪੱਛਮੀ ਬੰਗਾਲ ਵਿੱਚ ਬੰਗਲਾਦੇਸੀ ਘੁਸਪੈਠੀਆਂ ਕਰ ਕੇ ਉੱਥੋਂ ਦੀ ਬਦਲਦੀ  ਡੈਮੋਗ੍ਰਾਫੀ ਦੇਸ ਦੀ ਚਿੰਤਾ ਦਾ ਮਸਲਾ ਬਣ ਗਿਆ ਸੀ। ਉਸੇ ਤਰ੍ਹਾਂ ਪੰਜਾਬ ਦੀ ਖ਼ਰਾਬ ਕਾਨੂੰਨ-ਵਿਵਸਥਾ, ਗੈਂਗਸਟਰਵਾਦ, ਡਰੱਗਜ਼ ਅਤੇ ਨੌਜਵਾਨਾਂ ਦਾ ਪਲਾਇਨ ਸੂਬੇ ਅਤੇ ਸਮੁੱਚੇ ਦੇਸ ਦੀ ਚਿੰਤਾ ਬਣ ਗਿਆ ਹੈ। ਜਿਵੇਂ ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰਾਂ ਨੇ ਜੀਅ ਤੋੜ ਮਿਹਨਤ ਕਰ ਕੇ ਬੰਗਾਲ ਜਿੱਤਿਆ, ਉਵੇਂ ਹੀ ਪੰਜਾਬ ਵਿੱਚ ਸਮੁੱਚੇ ਭਾਜਪਾ ਵਰਕਰ ਦਿਨ ਰਾਤ ਇੱਕ ਕਰਕੇ ਡਬਲ ਇੰਜਨ ਦੀ ਸਰਕਾਰ ਬਣਾਉਣ ਤਾਂ ਜੋ ਪੰਜਾਬ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਹਨ। ਉਹ ਲੁਧਿਆਣਾ ਵਿੱਚ ਸੂਬਾਈ ਅਹੁਦੇਦਾਰਾਂ, ਪਾਰਟੀ ਦੇ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। 

ਨਿਤਿਨ ਨਬੀਨ ਨੇ ਕਿਹਾ ਕਿ ਇਹ ਖੁਸ਼ੀ ਦੀ ਗਲ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਪੂਰੇ ਦਮਖ਼ਮ ਨਾਲ ਲੜਨ ਦੀ ਤਿਆਰੀ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਬੰਗਾਲ ਵਿੱਚ ਜਿਵੇਂ 'ਅਧਿਕਾਰੀ ਪਲੱਸ ਗੁੰਡਾ ਕਲਚਰ' ਬੰਗਾਲੀਆਂ ਵਿੱਚ ਇੱਕ ਮੁਸੀਬਤ ਬਣ ਗਿਆ ਸੀ, ਉਵੇਂ ਪੰਜਾਬ ਵਿੱਚ 'ਅਧਿਕਾਰੀ ਪਲੱਸ ਕਾਰਪੋਰੇਟ' ਦਾ ਨਵਾਂ ਕਲਚਰ ਪੰਜਾਬੀਆਂ ਵਾਸਤੇ ਸਿਰਦਰਦ ਬਣ ਗਿਆ ਹੈ, ਜਿੱਥੇ ਲੋਕਾਂ ਨੂੰ ਕੰਮ ਦੇ ਬਦਲੇ ਪੇਮੈਂਟ ਦੇਣੀ ਪੈਂਦੀ ਹੈ। ਭਾਜਪਾ ਨੂੰ ਇਸ ਨਿਵੇਕਲੇ ਭ੍ਰਿਸ਼ਟਾਚਾਰੀ ਗਠਜੋੜ ਦੇ ਖ਼ਿਲਾਫ਼ ਸੜਕ 'ਤੇ ਲੜ ਕੇ ਭਾਜਪਾ ਦੀ 'ਡਬਲ ਇੰਜਣ' ਸਰਕਾਰ ਬਣਾਉਣੀ ਪਵੇਗੀ, ਜਿਸ ਤੋਂ ਬਿਨਾਂ ਸੂਬੇ ਦਾ ਰਾਜਨੀਤਿਕ ਅਤੇ ਉਦਯੋਗਿਕ ਪੁਨਰ-ਸੁਰਜੀਤੀ ਸੰਭਵ ਨਹੀਂ ਹੈ।  ਭਾਜਪਾ ਕੌਮੀ ਪ੍ਰਧਾਨ ਨੇ ਪਾਰਟੀ ਦੇ ਸੰਗਠਨ ਦੇ ਵਿਸਥਾਰ ਨੂੰ ਸਿਰਫ਼ ਸੂਬਾ ਪ੍ਰਧਾਨ ਜਾਂ ਸੰਗਠਨ ਮਹਾਂਮੰਤਰੀ ਦਾ ਕੰਮ ਨਾ ਦੱਸਦਿਆਂ ਕਿ ਇਹ ਇੱਥੇ ਹਾਜ਼ਰ ਸਾਰੇ 150 ਆਗੂਆਂ ਸਮੂਹਿਕ ਕੰਮ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਲੋਕ ਮੁੱਦਿਆਂ ਉੱਤੇ ਪਹਿਰਾ ਦੇ ਰਹੀ ਹੈ, ਪਰ ਹੁਣ ਗਰਾਊਂਡ 'ਤੇ ਹੋਰ ਹਾਜ਼ਰੀ ਵਧਾਉਣ ਅਤੇ ਸ਼ਹਿਰ ਤੇ ਪਿੰਡ ਪੱਧਰੀ ਮਸਲਿਆਂ ਨੂੰ ਅਧਾਰ ਬਣਾ ਕੇ ਸੂਬਾ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਅੱਗੇ ਰੱਖਣ।  ਉਨ੍ਹਾਂ ਕਿਹਾ ਕਿ ਭਾਜਪਾ ਦੀ ਤਾਕਤ ਉੱਪਰੋਂ ਨਹੀਂ, ਬਲਕਿ ਹੇਠਾਂ ਬੈਠੇ ਬੂਥ ਪ੍ਰਧਾਨ ਅਤੇ ਵਰਕਰਾਂ ਤੋਂ ਮਿਲਦੀ ਹੈ। ਇਸ ਲਈ ਬੂਥ ਪ੍ਰਧਾਨਾਂ ਨਾਲ ਤਾਲਮੇਲ ਤਕੜਾ ਕੀਤਾ ਜਾਵੇ, ਕਿਉਂ ਕਿ ਉਹੀ ਬੂਥ ਤੱਕ ਵੋਟਰਾਂ ਨੂੰ ਲਿਆਉਣ ਦੀ ਭੂਮਿਕਾ ਅਦਾ ਕਰਦੇ ਹਨ।  ਉਨ੍ਹਾਂ ਸੂਬੇ ਵਿੱਚ ਪੈਰ ਪਸਾਰ ਚੁੱਕੇ ਡਰੱਗਜ਼ ਨੈੱਟਵਰਕ ਦੇ ਖ਼ਿਲਾਫ਼ ਪਾਰਟੀ ਨੂੰ ਜਲਦ ਹੀ ਇੱਕ ਵੱਡੀ ਮੁਹਿੰਮ ਸ਼ੁਰੂ ਕਰਨ ਦੀ ਸਲਾਹ ਦਿੱਤੀ।  ਬੈਠਕ ਵਿੱਚ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਰਾਸ਼ਟਰੀ ਉਪ-ਪ੍ਰਧਾਨ ਸੌਦਾਨ ਸਿੰਘ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਕੌਮੀ ਸਕੱਤਰ ਤੇ ਪੰਜਾਬ ਦੇ ਸਹਿ-ਪ੍ਰਭਾਰੀ ਨਰਿੰਦਰ ਰੈਣਾ ਸਮੇਤ ਸੂਬੇ ਦੀ ਪੂਰੀ ਕੋਰ ਕਮੇਟੀ ਹਾਜ਼ਰ ਸੀ। ਜਿਨ੍ਹਾਂ ਨੇ ਕੌਮੀ ਲੀਡਰਸ਼ਿਪ ਨੂੰ ਪੰਜਾਬ ਫ਼ਤਿਹ ਦਾ ਪੂਰਾ ਭਰੋਸਾ ਦਿਵਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Shubam Kumar

Content Editor

Related News