ਕੀ ਤੁਸੀਂ ਦੇਖਿਆ ਹੈ ਝੀਲ ''ਚ ਡੁੱਬਿਆ ਇਹ ਮੰਦਰ ?

05/19/2017 1:55:52 PM

ਜਲੰਧਰ— ਤੁਸੀਂ ਮੰਦਰ ਤਾਂ ਬਹੁਤ ਦੇਖੇ ਹੋਣਗੇ ਪਰ ਪਾਣੀ ਦੇ ਅੰਦਰ ਡੁੱਬੇ ਇਸ ਮੰਦਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਹ ਮੰਦਰ ਪੰਜਾਬ ਦੇ ਤਲਵਾੜਾ ਸ਼ਹਿਰ ਤੋਂ ਲਗਭਗ 34 ਕਿਲੋਮੀਟਰ ਦੀ ਦੂਰੀ ''ਤੇ ਹੈ। ਪੌਂਗ ਡੈਮ ਦੀ ਝੀਲ ''ਚ ਬਣਿਆ ਇਹ ਅਦਭੁੱਤ ਮੰਦਰ ਸਾਲ ਦੇ ਚਾਰ ਮਹੀਨੇ (ਮਾਰਚ ਤੋਂ ਜੂਨ) ਤੱਕ ਹੀ ਨਜ਼ਰ ਆਉਂਦਾ ਹੈ ਅਤੇ ਬਾਕੀ ਸਮਾਂ ਇਹ ਪਾਣੀ ''ਚ ਡੁੱਬਾ ਰਹਿੰਦਾ ਹੈ। ਇਸ ਮੰਦਰ ਨੂੰ ਦੇਖਣ ਲਈ ਸੈਲਾਨੀ ਦੂਰ-ਦੂਰ ਤੋਂ ਇੱਥੇ ਆਉਂਦੇ ਹਨ।
ਇਹ ਮੰਦਰ ਬਹੁਤ ਹੀ ਮਜ਼ਬੂਤ ਪੱਥਰਾਂ ਨਾਲ ਬਣਿਆ ਹੈ। ਇਸ ਲਈ 35 ਸਾਲ ਤੋਂ ਪਾਣੀ ''ਚ ਡੁੱਬੇ ਰਹਿਣ ਦੇ ਬਾਅਦ ਵੀ ਇਹ ਇਮਾਰਤ ਇਕ ਦਮ ਸੁਰੱਖਿਅਤ ਹੈ। ਇਸ ਮੰਦਰ ਕੋਲ ਇਕ ਬਹੁਤ ਵੱਡਾ ਥੰਮ ਹੈ ਅਤੇ ਜਦੋਂ ਪੌਂਗ ਡੈਮ ਦਾ ਪਾਣੀ ਉੱਪਰ ਚੜ੍ਹ ਜਾਂਦਾ ਹੈ ਤਾਂ ਸਿਰਫ ਇਹ ਥੰਮ ਹੀ ਨਜ਼ਰ ਆਉਂਦਾ ਹੈ। ਇਸ ਥੰਮ ਦੇ ਅੰਦਰ ਲਗਭਗ 200 ਪੌੜੀਆਂ ਹਨ।
ਇੱਥੇ ਕੁੱਲ ਅੱਠ ਮੰਦਰ ਹਨ, ਜੋ ਕਿ ''ਵਾਥੂ'' ਨਾਂ ਦੇ ਪੱਥਰ ਤੋਂ ਬਣੇ ਹਨ। ਇਸ ਲਈ ਇਸ ਜਗ੍ਹਾ ਦਾ ਨਾਂ ''ਵਾਥੂ ਦੀ ਲੜੀ'' ਪਿਆ ਹੈ। ਇਸ ਮੰਦਰ ਦੇ ਅੰਦਰ ਭਗਵਾਨ ਵਿਸ਼ਨੂੰ ਅਤੇ ਸ਼ੇਸ਼ਨਾਗ ਦੀ ਮੂਰਤੀ ਰੱਖੀ ਹੋਈ ਹੈ ਅਤੇ ਮੰਦਰ ਦੇ ਪੱਥਰਾਂ ''ਤੇ ਕਾਲੀ ਮਾਤਾ ਅਤੇ ਭਗਵਾਨ ਗਣੇਸ਼ ਜੀ ਦੇ ਬੁੱਤ ਬਣੇ ਹਨ। ਇਸ ਮੰਦਰ ਤੱਕ ਪਹੁੰਚਣ ਲਈ ਕਿਸ਼ਤੀ ਦੁਆਰਾ ਜਾਣਾ ਪੈਂਦਾ ਹੈ ਅਤੇ ਇਸ ਮੰਦਰ ਦੇ ਕਰੀਬ ਟਾਪੂ ਦੀ ਤਰ੍ਹਾਂ ਇਕ ਖਾਲੀ ਜਗ੍ਹਾ ਹੈ ਜਿਸ ਨੂੰ ''ਰੇਨਸਰ'' ਕਿਹਾ ਜਾਂਦਾ ਹੈ।

Related News