ਅਸਫਲਤਾਵਾਂ ਤਾਂ ਸਫਲਤਾ ਦੀ ਪਾਉੜੀ ਦੇ ਡੰਡੇ ਹੁੰਦੀਆਂ ਹਨ

04/10/2020 1:43:22 PM

ਡਾ: ਹਰਜਿੰਦਰ ਵਾਲੀਆ

''ਭੁੱਖਾ ਭਾਣਾ ਮੈਂ ਚੰਡੀਗੜ੍ਹ ਪਹੁੰਚ ਗਿਆ, ਮੇਰੀ ਜੇਬ ਵਿਚ ਇਕ ਖੋਟਾ ਆਨਾ ਵੀ ਨਹੀਂ ਸੀ। ਮੰਗਣਾ ਮੈਂ ਚਾਹੁੰਦਾ ਨਹੀਂ ਸੀ। ਮੰਗਣ ਨਾਲੋਂ ਮਰਨਾ ਮੈਂ ਬਿਹਤਰ ਸਮਝ ਰਿਹਾ ਸੀ। ਜਵਾਨੀ ਦੇ ਜੋਸ਼ ਵਿਚ ਸਮਾਜ ਬਦਲਣ ਨਿਕਲ ਪਿਆ ਸੀ। ਪੜ੍ਹਾਈ ਵਿਚੋਂ ਹੀ ਛੱਡ ਕੇ ਰੂਪੋਸ਼ ਹੋਣਾ ਪਿਆ ਸੀ। ਮੈਂ ਘੁੰਮਦਾ ਘੁੰਮਾਉਂਦਾ ਸਕੱਤਰੇਤ ਵੱਲ ਪਹੁੰਚ ਗਿਆ। ਉਹਨਾਂ ਦਿਨਾਂ ਵਿਚ ਚੰਡੀਗੜ੍ਹ ਦੇਸ਼ ਦਾ ਆਧੁਨਿਕ ਅਤੇ ਆਦਰਸ਼ ਸ਼ਹਿਰ ਮੰਨਿਆ ਜਾਂਦਾ ਸੀ ਅਤੇ ਸੈਕਟਰੀਏਟ ਵੀ ਬਿਲਕੁਲ ਆਧੁਨਿਕ ਕਿਸਮ ਦੀ ਇਮਾਰਤ ਸੀ, ਜਿੱਥੇ ਬੈਠ ਕੇ ਪੰਜਾਬ ਉਤੇ ਹਕੂਮਤ ਚਲਦੀ ਸੀ। ਤੁਰਦੇ ਫਿਰਦਿਆਂ ਮੈਨੂੰ ਦੁਪਹਿਰ ਹੋ ਗਈ। ਦੂਰੋਂ ਮੈਨੂੰ ਇਕ ਬਾਬੂ ਨੁਮਾ ਸ਼ਖਸ ਆਉਂਦਾ ਦਿਖਾਈ ਦਿੱਤਾ। ਮੈਂ ਉਸਨੂੰ ਕਿਹਾ: ''ਭਾਈ ਸਾਹਿਬ, ਅਗਰ ਆਪਕੋ ਮੈਂ ਚੋਰ ਉਚੱਕਾ ਜਾਂ ਠੀਕ ਵਿਅਕਤੀ ਨਹੀਂ ਲਗਤਾ ਤੋ ਮੇਰੀ ਏਕ ਬਾਤ ਸੁਣੀਏ। ਮੁਝੇ ਦੋ ਘੰਟੇ ਕੇ ਲੀਏ ਸਿਰਫ 10 ਰੁਪਏ ਚਾਹੀਏ। ਮੈਂ ਦੋ ਘੰਟੇ ਕੇ ਬਾਅਦ ਯਹੀਂ ਪੇ ਹੂੰਗਾ ਤੋ ਆਪ ਕੋ ਵਾਪਸ ਲੁਟਾ ਦੂੰਗਾ।'' ''ਕਿਹਾ ਕਰੋਗੇ, ਦਸ ਰੁਪਏ ਕਾ'' ਉਸਨੇ ਪੁੱਛਿਆ ''ਇਨ ਦਸ ਰੁਪਏ ਸੇ ਮੈਂ ਬਿਜ਼ਨੈੱਸ ਸ਼ੁਰੂ ਕਰਨੇ ਜਾ ਰਹਾ ਹੂੰ। ਅਭੀ ਮੇਰੇ ਪਾਸ ਫੁੱਟੀ ਕੌਡੀ ਵੀ ਨਹੀਂ ਹੈ।'' ਉਸ ਸ਼ਖਸ ਨੂੰ ਮੈਂ ਦਿਲਚਸਪ ਲੱਗਿਆ ਹੋਵਾਂਗਾ ਜਾਂ ਉਸਨੇ ਮੇਰੀਆਂ ਅੱਖਾਂ ਵਿਚ ਵਿਸ਼ਵਾਸ ਦੀ ਝਲਕ ਦੇਖੀ ਹੋਵੇਗੀ। ਜੋ ਵੀ ਹੋਇਆ ਉਸ ਬੰਦੇ ਨੇ 10 ਰੁਪਏ ਦੇ ਦਿੱਤੇ ਜੋ ਅੱਜ ਤੋਂ ਚਾਲੀ ਪੰਤਾਲੀ ਵਰ੍ਹੇ ਪਹਿਲਾਂ ਕਾਫੀ ਹੁੰਦੇ ਸਨ। ਮੈਂ ਉਹਨਾਂ ਰੁਪਿਆਂ ਦੀ ਦੋ ਢਾਈ ਕਿਲੋ ਮੂਲੀਆਂ ਅਤੇ ਖੀਰੇ ਖਰੀਦੇ। ਉਹਨਾਂ ਨੂੰ ਸਲੀਕੇ ਨਾਲ ਸਾਫ ਕਰਕੇ, ਫਲਾਂ ਦੀ ਇਕ ਖਾਲੀ ਪੇਟ ਮੂਧੀ ਕਰਕੇ ਆਪਣੀ ਸਲਾਦ ਦੀ ਦੁਕਾਨ ਸਜਾ ਲਈ। ਦੋ ਢਾਈ ਘੰਟੇ ਬਾਅਦ ਮੈਂ ਉਸ ਦੁਕਾਨ ਤੋਂ 16 ਰੁਪਏ ਕਮਾ ਲਏ, ਜਿਹਨਾਂ ਵਿਚੋਂ 6 ਰੁਪਏ ਦਾ ਮੈਨੂੰ ਲਾਭ ਹੋਇਆ ਸੀ।

ਠੀਕ ਨਿਸ਼ਚਿਤ ਸਮੇਂ 'ਤੇ ਉਹ ਬਾਬੂ ਉਥੇ ਪਹੁੰਚ ਗਿਆ ਅਤੇ ਮੈਂ ਧੰਨਵਾਦ ਸਹਿਤ ਉਸਦੇ 10 ਰੁਪਏ ਉਸਨੂੰ ਵਾਪਸ ਦਿੰਦੇ ਹੋਏ ਛੇ ਰੁਪਏ ਕਮਾਉਣ ਵਾਲੀ ਗੱਲ ਦੱਸੀ। ਉਹ ਬੰਦਾ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਕਿਹਾ ਕਿ ਅਜੇ ਕੁਝ ਦਿਨ ਲਈ ਹੋਰ ਦਸ ਰੁਪਏ ਵਰਤ ਲਵੇ। ਇਉਂ ਪੰਜਾਬ ਵਿਚ ਮੇਰੇ ਜੀਵਨ ਦੀ ਸ਼ੁਰੂਆਤ ਹੋਈ। ਇਹ ਕਹਾਣੀ ਸੁਣਾਉਣ ਵਾਲਾ ਬੰਦਾ ਮਾਨਸ ਗੋਸਵਾਮੀ ਸੀ, ਜਦੋਂ ਮੈਨੂੰ ਉਹ ਮਿਲਿਆ ਸੀ, ਉਸ ਸਮੇਂ ਉਹ ਇਕ ਵੱਡੇ ਸਕੂਲ ਦਾ ਮਾਲਕ ਸੀ। ਜਿਸ ਦਿਨ ਉਹ ਇਸ ਦੁਨੀਆ ਤੋਂ ਵਿਦਾ ਹੋਇਆ ਤਾਂ ਉਸ ਕੋਲ ਸਾਢੇ ਤਿੰਨ ਕਰੋੜ ਦੀ ਜਾਇਦਾਦ ਸੀ। ਅਸੀਂ ਜੀਵਨ ਦੇ ਰਾਹਾਂ 'ਤੇ ਛੱਡੀਆਂ ਆਪਣੀਆਂ ਪੈੜਾਂ ਨਾਲ ਹੀ ਜਾਣੇ ਜਾਂਦੇ ਹਾਂ, ਜਿਵੇਂ ਅੱਜ ਮੈਂ ਗੋਸਵਾਮੀ ਸਾਹਿਬ ਨੂੰ ਯਾਦ ਕਰ ਰਿਹਾ ਹਾਂ। ਗੋਸਵਾਮੀ ਦੀ ਸਫਲਤਾ ਦਾ ਰਾਜ ਭਲਾ ਕੀ ਸੀ। ਉਸ ਦੀ ਸਕਾਰਾਤਮਕ ਸੋਚ, ਉਸਦਾ ਆਤਮ ਵਿਸ਼ਵਾਸ, ਉਸਦਾ ਦ੍ਰਿੜ੍ਹ ਇਰਾਦਾ, ਉਸਦੀ ਪ੍ਰਤੀਬੱਧਤਾ, ਉਸਦੀ ਹਿੰਮਤ, ਉਸਦੀ ਰਚਨਾਤਮਕ ਸ਼ਕਤੀ, ਉਸਦੀ ਸਿਰਜਣਾਤਮਕ ਸ਼ਕਤੀ, ਉਸਦੀ ਖਤਰੇ ਮੁੱਲ ਲੈਣ ਦੀ ਸ਼ਕਤੀ ਅਤੇ ਉਸਦੀ ਕਲਪਨਾ ਸ਼ਕਤੀ। 

ਸਕਾਰਾਤਮਕ ਸੋਚ ਵਾਲੇ ਲੋਕ ਬੁਰੇ ਸਮਿਆਂ ਵਿਚ ਵੀ ਚੰਗਾ ਸੋਚਦੇ ਹਨ। ਕਾਮਯਾਬੀ ਹਮੇਸ਼ਾ ਉਹਨਾਂ ਦੇ ਦਰਾਂ 'ਤੇ ਹੀ ਦਸਤਖਤ ਦਿੰਦੀ ਹੈ, ਜਿਹਨਾਂ ਦੇ ਦਿਲਾਂ ਵਿਚ ਕਾਮਯਾਬ ਹੋਣ ਦਾ ਸੁਪਨਾ ਹੁੰਦਾ ਹੈ। ਹਾਕੀ ਦੇ ਮੈਦਾਨ ਖਿਡਾਰੀ ਖੇਡ ਰਹੇ ਹਨ, ਇਕ ਗੋਲ ਕਰਨ ਲਈ ਖੇਡਦਾ ਹੈ, ਦੂਜਾ ਗੋਲ ਰੋਕਣ ਲਈ। ਜਿੱਤਣ ਲਈ ਖੇਡਣਾ ਅਤੇ ਨਾ ਹਾਰਨ ਵਾਸਤੇ ਖੇਡਣਾ ਦੋਹਾਂ ਵਿਚ ਬਹੁਤ ਅੰਤਰ ਹੁੰਦਾ ਹੈ। ਜਦੋਂ ਕੋਈ ਜਿੱਤਣ ਲਈ ਖੇਡਦਾ ਹੈ, ਉਸ ਦੀ ਸ਼ਖਸੀਅਤ ਵਿਚ ਵਚਨਬੱਧਤਾ ਅਤੇ ਪ੍ਰਤੀਬੱਧਤਾ ਦੇ ਗੁਣਾਂ ਦੀ ਝਲਕ ਮਿਲਦੀ ਹੈ।ਇਹੀ ਝਲਕ ਉਧਾਰ ਦੇ 10 ਰੁਪਏ ਤੋਂ ਜ਼ਿੰਦਗੀ ਸ਼ੁਰੂ ਕਰਕੇ ਸਫਲ ਜ਼ਿੰਦਗੀ ਦਾ ਰਾਹ ਬਣਾਉਂਦੀ ਹੈ। ਵਿਸ਼ਵਾਸ ਕਰੋ, ਸੱਚਮੁਚ ਹੀ ਵਿਸ਼ਵਾਸ ਕਰੋ ਕਿ ਤੁਸੀਂ ਸਫਲ ਹੋ ਸਕਦੇ ਹੋ, ਨਿਸ਼ਚਿਤ ਰੂਪ ਵਿਚ ਸਫਲਤਾ ਤੁਹਾਡੇ ਪੈਰ ਚੁੰਮੇਗੀ। ਵਿਸ਼ਵਾਸ, ਦ੍ਰਿੜ੍ਹ ਵਿਸ਼ਵਾਸ ਦਿਮਾਗ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਉਦੇਸ਼ ਦੀ ਪ੍ਰਾਪਤੀ ਦੇ ਤਰੀਕੇ ਲੱਭੇ, ਸਫਲਤਾ ਸਾਧਨ ਅਤੇ ਮੰਤਵ ਨੂੰ ਪਾਉਣ ਦੇ ਉਪਾਅ ਸੋਚੇ।  

ਉਕਤ ਕਹਾਣੀ ਵਿਚ ਗੋਸਵਾਮੀ ਨੂੰ ਵਿਸ਼ਵਾਸ ਸੀ ਕਿ ਉਹ ਸਫਲ ਹੋਵੇਗਾ ਅਤੇ ਉਸਨੇ ਪਹਿਲ ਕੀਤੀ, ਕੰਮ ਕਰਨ ਦੀ ਅਤੇ ਕੁਦਰਤ ਨੇ ਉਸਨੂੰ ਰਸਤਾ ਦਿਖਾ ਦਿੱਤਾ। ਮੋਤੀ ਸਮੁੰਦਰ ਦੇ ਕਿਨਾਰੇ ਉਤੇ ਨਹੀਂ ਮਿਲਦੇ। ਜੇ ਤੁਸੀਂ ਮੋਤੀ ਚੁਗਣਾ ਚਾਹੁੰਦੇ ਹੋ ਤਾਂ ਸਮੁੰਦਰ ਵਿਚ ਗੋਤਾ ਤਾਂ ਲਾਉਣਾ ਹੀ ਪਵੇਗਾ। ਮਤਲਬ ਕਿ ਤੁਹਾਨੂੰ ਪਹਿਲ ਕਰਨੀ ਪਵੇਗੀ, ਉਹ ਵੀ ਦ੍ਰਿੜ੍ਹ ਵਿਸ਼ਵਾਸ ਨਾਲ। ਤੁਹਾਨੂੰ ਜਿੱਤਣ ਲਈ ਖੇਡਣਾ ਪਵੇਗਾ। ਆਪਣੀ ਸ਼ਖਸੀਅਤ ਵਿਚੋਂ ਨਾਂਹ ਪੱਖੀ ਸ਼ਬਦਾਂ ਦਾ ਇਸਤੇਮਾਲ ਬੰਦ ਕਰਨਾ ਪਵੇਗਾ। ਸਫਲਤਾ ਪ੍ਰਾਪਤ ਕਰਨ ਵਿਚ ਨਹੀਂ ਸਗੋਂ ਮਹਿਸੂਸ ਕਰਨ ਵਿਚ ਹੈ। ਇਕ ਗੱਲ ਹੋਰ ਸਮਝਣੀ ਬਹੁਤ ਜ਼ਰੂਰੀ ਹੈ। ਅਸਫਲਤਾਵਾਂ ਸਫਲਤਾ ਦੀ ਪਾਉੜੀ ਹੁੰਦੀਆਂ ਹਨ। ਹਾਰਾਂ ਤੋਂ ਬਾਅਦ ਜਿੱਤ ਹੀ ਹੁੰਦੀ ਹੈ। ਹਾਰ ਦੇ ਡਰੋਂ ਨਾ ਖੇਡਣਾ ਵੀ ਤੁਹਾਡੀ ਸ਼ਖਸੀਅਤ ਦੀ ਇਕ ਵੱਡੀ ਕਮਜ਼ੋਰੀ ਹੁੰਦੀ ਹੈ।

ਨਾਕਾਰਾਤਮਕ ਸੋਚ ਵਾਲੀ ਸ਼ਖਸੀਅਤ ਜਾਂ ਤਾਂ ਅਸਫਲ ਹੋਣ ਦੇ ਡਰ ਕਾਰਨ ਖੇਡਦੀ ਹੀ ਨਹੀਂ ਅਤੇ ਜਾਂ ਫਿਰ ਹਾਰ ਤੋਂ ਬਚਣ ਲਈ ਖੇਡਦੀ ਹੈ। ਨਤੀਜੇ ਵਜੋਂ ਹਾਰ ਹੋਣੀ ਨਿਸ਼ਚਿਤ ਹੁੰਦੀ ਹੈ। ਕਦੇ ਕੋਈ ਬੱਚਾ ਪਹਿਲੇ ਦਿਨ ਹੀ ਦੌੜਨ ਲੱਗਦਾ ਹੈ। ਪਹਿਲਾਂ ਰੁੜ੍ਹਦਾ ਹੈ, ਫਿਰ ਤੁਰਨਾ ਸਿੱਖਦਾ ਹੈ। ਕਦਮ ਕਦਮ 'ਤੇ ਡਿੱਗਦਾ ਹੈ, ਫਿਰ ਉਠਦਾ ਹੈ। ਫਿਰ ਉਹੀ ਬੱਚਾ ਉਹਨਾਂ ਹੀ ਪੈਰਾਂ ਨਾਲ ਹਿਮਾਲਾ ਦੀ ਚੇਟੀ ਸਰ ਕਰ ਲੈਂਦਾ ਹੈ। ਹਾਰਾਂ ਅਤੇ ਅਸਫਲਤਾਵਾਂ ਤੋਂ ਘਬਰਾਉਣ ਵਾਲੇ ਲੋਕ ਸਫਲ ਨਹੀਂ ਹੋ ਸਕਦੇ। ਬਲਬ ਦੀ ਖੋਜ ਉਪਰ ਕੰਮ ਕਰਦੇ ਹੋਏ ਥਾਮਸ ਐਡੀਸਨ ਤਕਰੀਬਨ 10 ਹਜ਼ਾਰ ਵਾਰੀ ਅਸਫਲ ਹੋਇਆ। ਇਸ ਧਰਤੀ ਉਪਰ ਸਭ ਤੋਂ ਸ਼ਕਤੀਸ਼ਾਲੀ ਮਨੁੱਖ ਅਮਰੀਕਾ ਦੇ ਰਾਸ਼ਟਰਪਤੀ ਨੂੰ ਮੰਨਿਆ ਜਾਂਦਾ ਹੈ। ਇਸ ਸ਼ਕਤੀਸ਼ਾਲੀ ਪਦਵੀ ਨੂੰ ਹਾਸਲ ਕਰਨ ਲਈ ਇਕ ਮਨੁੱਖ ਸੁਪਨਾ ਸਿਰਜਦਾ ਹੈ। 

ਉਸ ਵਿਅਕਤੀ ਕੋਲ ਸਾਧਨਾਂ ਦੀ ਘਾਟ ਸੀ ਪਰ ਉਸਦਾ ਨਿਸਚਾ ਦ੍ਰਿੜ੍ਹ ਸੀ ਅਤੇ ਦਿਲ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਸੀ। ਉਸਨੇ 21 ਵਰ੍ਹਿਆਂ ਦੀ ਉਮਰ ਵਿਚ ਵਪਾਰ ਸ਼ੁਰੂ ਕੀਤਾ ਪਰ ਸਫਲ ਨਾ ਹੋ ਸਕਿਆ। ਫਿਰ ਇਕ ਹੋਰ ਵਪਾਰ 24 ਵਰ੍ਹਿਆਂ ਦੀ ਉਮਰ ਵਿਚ ਸ਼ੁਰੂ ਕੀਤਾ। ਉਸ ਵਿਚ ਸਫਲਤਾ ਨਾ ਮਿਲੀ। 27 ਵਰ੍ਹਿਆਂ ਦੀ ਉਮਰ ਵਿਚ ਉਸਦਾ ਦਿਮਾਗੀ ਸੰਤੁਲਨ ਵਿਗੜ ਗਿਆ ਕਿਉਂਕਿ ਉਸਦੀ ਪ੍ਰੇਮਿਕਾ ਇਸ ਦੁਨੀਆਂ ਤੋਂ ਚਲੀ ਗਈ ਸੀ। ਸਿਹਤਯਾਬੀ ਪਿੱਛੋਂ ਉਸਨੇ ਸਿਆਸਤ ਵਿਚ ਹੱਥ ਅਜ਼ਮਾਉਣਾ ਸ਼ੁਰੂ ਕੀਤਾ। 34 ਵਰ੍ਹਿਆਂ ਦੀ ਉਮਰ ਵਿਚ ਉਹ ਚੋਣ ਲੜਿਆ ਅਤੇ ਹਾਰ ਗਿਆ। 45 ਸਾਲਾਂ ਦੀ ਉਮਰ ਵਿਚ ਸੈਨੇਟ ਦੀ ਚੋਣ ਫਿਰ ਹਾਰ ਗਿਆ। 47 ਸਾਲਾਂ ਦੀ ਉਮਰ ਵਿਚ ਉਹ ਉਪ ਰਾਸ਼ਟਰਪਤੀ ਲਈ ਖੜ੍ਹਿਆ, ਫਿਰ ਵੀ ਜਿੱਤ ਨਾ ਸਕਿਆ। 49 ਸਾਲ ਦੀ ਉਮਰ ਵਿਚ ਉਹ ਇਕ ਵਾਰ ਫਿਰ ਹਾਰਿਆ। ਇਹ ਹਾਰਾਂ ਉਸਨੂੰ ਆਪਣੇ ਮਕਸਦ ਤੋਂ ਨਹੀਂ ਹਿਲਾ ਸਕੀਆਂ, ਨਾ ਹੀ ਉਸਦੇ ਵਿਸ਼ਵਾਸ ਨੂੰ ਤੋੜ ਸਕੀਆਂ। ਨਤੀਜੇ ਵਜੋਂ 52 ਸਾਲਾਂ ਦੀ ਉਮਰ ਵਿਚ ਚੋਣ ਜਿੱਤਿਆ ਅਤੇ ਅਮਰੀਕਾ ਦਾ ਰਾਸ਼ਟਰਪਤੀ ਬਣਿਆ।

ਸਾਰਾ ਵਿਸ਼ਵ ਉਸਨੂੰ ਅਬ੍ਰਾਹਿਮ ਲਿੰਕਨ ਦੇ ਨਾਮ ਨਾਲ ਜਾਣਦਾ ਹੈ। ਲਿੰਕਨ ਨੂੰ ਲੋਕ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਜਾਣਦੇ ਹਨ, ਨਾ ਕਿ ਅਨੇਕਾਂ ਵਾਰ ਹਾਰੇ ਸਿਆਸੀ ਨੇਤਾ ਜਾਂ ਅਸਫਲ ਵਪਾਰੀ ਦੇ ਤੌਸਰ 'ਤੇ। ਹਾਰ ਅਤੇ ਅਸਫਲਤਾ ਨੂੰ ਜਿੱਤਣ ਦੀ ਪਾਉੜੀ ਦੇ ਡੰਡੇ ਸਮਝਣਾ ਚਾਹੀਦਾ ਹੈ। ਰਾਮਪੁਰਾ ਫੂਲ ਦੇ ਕਾਲਜ ਵਿਚ ਮੈਂ ਸਿਵਲ ਸੇਵਾਵਾਂ ਦੀ ਮੁਕਾਬਲੇ ਦੀ ਪ੍ਰੀਖਿਆ ਪ੍ਰਤੀ ਜਾਗਰੂਕ ਕਰਨ ਹਿਤ ਇਕ ਪ੍ਰੇਰਨਾਤਮਕ ਭਾਸ਼ਣ ਦੇ ਰਿਹਾ ਸੀ। ਭਾਸ਼ਣ ਦੇ ਅੰਤ ਵਿਚ ਇਕ ਬੱਚੀ ਉਠੀ ਅਤੇ ਕਹਿਣ ਲੱਗੀ, ਉਹ ਮੁਕਾਬਲੇ ਦੀ ਪ੍ਰੀਖਿਆ ਵਿਚ ਬੈਠਣਾ ਤਾਂ ਚਾਹੁੰਦੀ ਹੈ ਪਰ ਜੇ ਪਾਸ ਨਾ ਹੋਈ ਤਾਂ ਉਸਨੂੰ ਡਰ ਹੈ ਕਿ ਉਸਦੀਆਂ ਸਹੇਲੀਆਂ ਉਸਦਾ ਮਜ਼ਾਕ ਉਡਾਉਣਗੀਆਂ ਜਾਂ ਉਸਦੇ ਪਿੱਠ ਪਿੱਛੇ ਉਸਦੀ ਆਲੋਚਨਾ ਕਰਨਗੀਆਂ। ਇਸ ਡਰੋਂ ਉਹ ਪ੍ਰੀਖਿਆ ਵਿਚ ਨਹੀਂ ਬੈਠਣਾ ਚਾਹੁੰਦੀ ਸੀ। ਮੈਂ ਉਸਨੂੰ ਕਿਹਾ ਸਫਲ ਮਨੁੱਖਾਂ ਦੇ ਮਨ ਦੀ ਕਿਸੇ ਨੁਕਰੇ ਵੀ ਹਾਰਨ ਦਾ ਭੈਅ ਨਹੀਂ ਹੁੰਦਾ ਅਤੇ ਨਾ ਹੀ ਉਹ ਆਲੋਚਨਾ ਤੋਂ ਡਰਦੇ ਹਨ। ਅਸਲ ਵਿਚ ਜ਼ਿੰਦਗੀ ਵਿਚ ਅਸਫਲਤਾ ਨਾਮ ਦੀ ਕੋਈ ਵੀ ਚੀਜ਼ ਨਹੀਂ ਸਿਰਫ ਫੀਡਬੈਕ ਹੁੰਦੀ ਹੈ।

ਮੰਜ਼ਿਲ ਤੋਂ ਉਰਾਂ ਰਹਿ ਜਾਣ ਵਾਲਾ ਮਨੁੱਖ ਆਪਣੀਆਂ ਗਲਤੀਆਂ ਨੂੰ ਜਾਣ ਸਕਦਾ ਹੈ, ਅਨੁਭਵ ਕਰਦਾ ਹੈ। ਕਮੀਆਂ ਨੂੰ ਸਮਝਦਾ ਹੈ ਅਤੇ ਅਗਲੀ ਲਈ ਤਿਆਰੀ ਆਰੰਭ ਦਿੰਦਾ ਹੈ। ਹੋਰ ਹੌਂਸਲੇ ਨਾਲ, ਹੋਰ ਹਿੰਮਤ ਨਾਲ, ਹੋਰ ਮਿਹਨਤ ਨਾਲ, ਹੋਰ ਦ੍ਰਿੜ੍ਹ ਇਰਾਦੇ ਨਾਲ, ਪਹਿਲੀਆਂ ਕਮੀਆਂ ਅਤੇ ਗਲਤੀਆਂ ਨੂੰ ਦੂਰ ਕਰਕੇ। ਜਦੋਂ ਅਸੀਂ ਕਾਲਜ ਵਿਚ ਪੜ੍ਹਦੇ ਹੁੰਦੇ ਸਾਂ, ਸਾਡਾ ਮਿੱਤਰ ਡਾਕਟਰ ਬਣਨ ਦੀ ਤਿਆਰੀ ਕਰ ਰਿਹਾ ਸੀ। ਬੱਸਾਂ ਦੀ ਕਮੀ ਕਾਰਨ ਕਦੇ ਕਦੇ ਬੱਸ ਉਪਰ ਬੈਠ ਕੇ ਜਾਣਾ ਪੈਂਦਾ ਸੀ। ਇਕ ਦਿਨ ਉਸ ਮਿੱਤਰ ਦੀ ਪੱਗੜੀ ਦਰਖਤ ਦੀ ਟਾਹਣੀ ਵਿਚ ਫਸ ਗਈ ਅਤੇ ਉਹ ਜੂੜੇ ਤੇ ਰੁਮਾਲ ਬੰਨ੍ਹ ਕੇ ਕਲਾਸਾਂ ਲਾ ਰਿਹਾ ਸੀ, ਬਾਕੀ ਸਾਥੀ ਉਸਦਾ ਮਜ਼ਾਕ ਉਡਾ ਰਹੇ ਸਨ। ਮੈਂ ਉਸਨੂੰ ਪੁੱਛਿਆ ਤੈਨੂੰ ਗੁੱਸਾ ਨਹੀਂ ਆਉਂਦਾ। ਉਹ ਕਹਿਣ ਲੱਗਾ, ਬੇਪਰਵਾਹੀ ਨਾਲ, ਲੋਕਾਂ ਦੇ ਮਜ਼ਾਕ ਅਤੇ ਤੇਰੇ ਸਵਾਲ ਦਾ ਜਵਾਬ ਮੈਡੀਕਲ ਦਾ ਨਤੀਜਾ ਆਉਣ 'ਤੇ ਦੇਵਾਂਗਾ। ਸੱਚਮੁਚ ਉਸਨੇ ਜਵਾਬ ਦਿੱਤਾ। ਉਹ ਮੈਰਿਟ ਵਿਚ ਆਇਆ ਅਤੇ ਅੱਜ ਇਕ ਉਚ ਪਦਵੀ ਤੇ ਬਿਰਾਜਮਾਨ ਹੈ।

ਲਿਖਾਰੀ ਨੇ ਠੀਕ ਹੀ ਲਿਖਿਆ ਹੈ ਕਿ ਸਫਲ ਮਨੁੱਖ ਤੁਹਾਡੇ ਨਾਲੋਂ ਵੱਖਰੇ ਨਹੀਂ ਹੁੰਦੇ, ਬੱਸ ਉਹ ਕੰਮਾਂ ਨੂੰ ਵੱਖਰੇ ਅੰਦਾਜ਼ ਨਾਲ ਕਰਨਾ ਜਾਣਦੇ ਹਨ। ਉਹਨਾਂ ਦਾ ਨਜ਼ਰੀਆ ਵੱਖਰਾ ਹੁੰਦਾ ਹੈ। ਉਹਨਾਂ ਦੀ ਸੋਚ ਵੱਖਰੀ ਹੁੰਦੀ ਹੈ। ਉਹਨਾਂ ਦਾ ਵਿਵਹਾਰ ਵੱਖਰਾ ਹੁੰਦਾ ਹੈ। ਉਹਨਾਂ ਦਾ ਕੰਮ ਕਰਨ ਦਾ ਢੰਗ ਵੱਖਰਾ ਹੁੰਦਾ ਹੈ, ਉਹਨਾਂ ਦੀ ਅੱਖ ਅਰਜਨ ਵਾਂਗ ਮੱਛੀ ਦੀ ਅੱਖ ਹੁੰਦੀ ਹੈ। ਜੇਕਰ ਕੋਈ ਕਹਿੰਦਾ ਹੈ, ਅਸੀਂ ਇਹ ਪਾਸ ਕਰ ਲਵਾਂਗੇ, ਮੇਰਾ ਜਵਾਬ ਹੈ, ਹਾਂ, ਕਰ ਸਕਦੇ ਹੋ। ਪਰ ਬਹੁਤ ਵਾਰ ਲੋਕ ਦੂਜੀ ਜਾਂ ਤੀਜੀ ਕੋਸ਼ਿਸ਼ ਵਿਚ ਸਫਲ ਹੁੰਦੇ ਹਨ। ਪਹਿਲੀ ਅਸਫਲਤਾ ਨਹੀਂ ਹੁੰਦੀ, ਅਨੁਭਵ ਹੁੰਦਾ ਹੈ। ਉਹ ਆਪਣੀਆਂ ਗਲਤੀਆਂ ਨੂੰ ਜਾਣ ਜਾਂਦੇ ਹਨ ਅਤੇ ਉਹਨਾਂ ਨੂੰ ਦੂਰ ਕਰਕੇ ਭਵਿੱਖ ਦੀਆਂ ਕੋਸ਼ਿਸ਼ਾਂ ਨੂੰ ਸਫਲ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ। ਮੈਂ ਉਹਨਾਂ ਨੂੰ ਅਕਸਰ ਕਹਿੰਦਾ ਹਾਂ ਕਿ ਅਸਫਲਤਾ ਕੁਝ ਨਹੀਂ ਇਹ ਤਾਂ ਸਫਲਤਾ ਦੀ ਪਾਉੜੀ ਦੇ ਡੰਡੇ ਦਾ ਨਾਮ ਹੈ। ਤੁਸੀਂ ਤਾਂ ਸਿਰਫ ਮੰਜ਼ਿਲ ਮਿੱਥਣੀ ਹੈ। ਵੱਡਾ ਮਕਸਦ ਬਣਾਉਣਾ ਹੈ ਅਤੇ ਉਸ ਮਕਸਦ ਦੀ ਪੂਰਤੀ ਲਈ ਪੂਰੀ ਲਗਨ ਨਾਲ ਲੱਗ ਜਾਣਾ ਹੈ। ਯਾਦ ਰੱਖੋ ਜੋ ਤੁਰਦੇ ਹਨ ਉਹ ਪੁੱਜਦੇ ਹਨ।
 


Vandana

Content Editor

Related News