ਅੱਤਵਾਦੀ ਪਾਕਿਸਤਾਨ ਦੇ ਖ਼ਿਲਾਫ਼ ਅਮਰੀਕੀ ਹਥਿਆਰਾਂ ਦੀ ਕਰ ਰਹੇ ਹਨ ਵਰਤੋਂ
Thursday, Mar 28, 2024 - 05:09 PM (IST)
 
            
            ਰਾਵਲਪਿੰਡੀ (ਵਾਰਤਾ)- ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.), ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਹੋਰ ਅੱਤਵਾਦੀ ਸੰਗਠਨ ਅਮਰੀਕਾ ਦੇ ਬਣੇ ਹਥਿਆਰਾਂ ਨਾਲ ਪਾਕਿਸਤਾਨ ਖ਼ਿਲਾਫ਼ ਹਮਲੇ ਕਰ ਰਹੇ ਹਨ। ਹਾਲ ਹੀ ਦੇ ਮਹੀਨਿਆਂ ਵਿੱਚ ਅੱਤਵਾਦੀ ਹਮਲਿਆਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਦੇਸ਼ ਭਰ ਵਿੱਚ ਅੱਤਵਾਦੀ ਸਮੂਹਾਂ ਵੱਲੋਂ ਨਾਗਰਿਕਾਂ ਦੇ ਨਾਲ-ਨਾਲ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਕਈ ਜਾਨਾਂ ਵੀ ਗਈਆਂ ਹਨ।
ਇਹ ਵੀ ਪੜ੍ਹੋ: ਚੀਨੀ ਨਾਗਰਿਕਾਂ 'ਤੇ ਹਮਲੇ ਤੋਂ ਬਾਅਦ ਇਕ ਹੋਰ ਚੀਨੀ ਕੰਪਨੀ ਨੇ ਪਾਕਿਸਤਾਨ 'ਚ ਕੰਮਕਾਜ ਕੀਤਾ ਬੰਦ
'ਜੀਓ ਨਿਊਜ਼' ਦੀ ਰਿਪੋਰਟ ਦੇ ਅਨੁਸਾਰ, 'ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ), ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਹੋਰ ਅੱਤਵਾਦੀ ਸੰਗਠਨ ਅਫਗਾਨਿਸਤਾਨ ਵਿੱਚ ਅਮਰੀਕਾ ਵੱਲੋਂ ਛੱਡੇ ਗਏ ਹਥਿਆਰਾਂ ਸਮੇਤ ਵਿਦੇਸ਼ੀ ਹਥਿਆਰਾਂ ਦੀ ਪਾਕਿਸਤਾਨ 'ਤੇ ਹਮਲੇ ਲਈ ਵਰਤੋਂ ਕਰ ਰਹੇ ਹਨ।' ਪਾਕਿਸਤਾਨ ਨੇ ਇਕ ਵਾਰ ਫਿਰ ਸ਼ਿਕਾਇਤ ਕੀਤੀ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਜਲਦਬਾਜ਼ੀ ਵਿਚ ਵਾਪਸੀ ਕਾਰਨ ਆਧੁਨਿਕ ਹਥਿਆਰ ਅੱਤਵਾਦੀਆਂ ਦੇ ਹੱਥਾਂ ਵਿਚ ਚਲੇ ਗਏ ਹਨ। ਸੁਰੱਖਿਆ ਬਲਾਂ ਵੱਲੋਂ ਜ਼ਬਤ ਕੀਤੇ ਗਏ ਹਥਿਆਰਾਂ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀ ਹਾਲ ਹੀ ਦੇ ਮਹੀਨਿਆਂ 'ਚ ਪਾਕਿਸਤਾਨ ਦੇ ਅੰਦਰ ਆਪਣੇ ਹਮਲਿਆਂ 'ਚ ਅਮਰੀਕਾ ਦੇ ਬਣੇ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ। ਸੁਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਹਾਲ ਹੀ 'ਚ ਤੁਰਬਤ ਹਮਲੇ 'ਚ ਸ਼ਾਮਲ ਅੱਤਵਾਦੀ M32 ਮਲਟੀ-ਸ਼ਾਟ ਗ੍ਰਨੇਡ ਲਾਂਚਰ ਅਤੇ M16A4 ਅਸਾਲਟ ਰਾਈਫਲਾਂ ਸਮੇਤ ਅਮਰੀਕਾ ਦੇ ਬਣੇ ਹਥਿਆਰਾਂ ਨਾਲ ਲੈਸ ਸਨ। ਇਸ ਤੋਂ ਪਹਿਲਾਂ 27 ਜਨਵਰੀ ਨੂੰ ਵੀ ਉੱਤਰੀ ਵਜ਼ੀਰਿਸਤਾਨ ਵਿੱਚ ਨਾਇਕ ਮਿਨੱਲਾਹ ਨਾਮ ਦੇ ਇੱਕ ਅੱਤਵਾਦੀ ਕੋਲੋਂ ਅਮਰੀਕਾ ਦੇ ਬਣੇ ਹਥਿਆਰ ਬਰਾਮਦ ਹੋਏ ਸਨ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ 22 ਜਨਵਰੀ ਨੂੰ ਸਾਂਬਾਜਾ, ਝੋਬ'ਚ ਹੋਏ ਅੱਤਵਾਦੀ ਹਮਲੇ ਪਿੱਛੇ ਅੱਤਵਾਦੀਆਂ ਕੋਲੋਂ ਇਸੇ ਤਰ੍ਹਾਂ ਦੇ ਹਥਿਆਰ ਬਰਾਮਦ ਕੀਤੇ ਸਨ। ਸੂਤਰਾਂ ਨੇ ਦੱਸਿਆ ਕਿ 19 ਜਨਵਰੀ ਨੂੰ ਪਾਕਿ-ਅਫਗਾਨਿਸਤਾਨ ਸਰਹੱਦ 'ਤੇ ਅੱਤਵਾਦੀਆਂ ਤੋਂ ਜ਼ਬਤ ਕੀਤੇ ਗਏ ਹਥਿਆਰ ਵੀ ਵਿਦੇਸ਼ੀ ਸਨ। ਪਿਛਲੇ ਸਾਲ 29 ਦਸੰਬਰ ਨੂੰ ਸੁਰੱਖਿਆ ਬਲਾਂ ਨੇ ਮੀਰ ਅਲੀ 'ਚ ਅੱਤਵਾਦੀਆਂ ਕੋਲੋਂ ਗੋਲਾ-ਬਾਰੂਦ ਦੇ ਨਾਲ-ਨਾਲ ਏ.ਕੇ.-47 ਅਤੇ ਐੱਮ4 ਕਾਰਬਾਈਨ ਅਸਾਲਟ ਰਾਈਫਲਾਂ ਬਰਾਮਦ ਕੀਤੀਆਂ ਸਨ।
ਇਸੇ ਮਹੀਨੇ 12 ਦਸੰਬਰ ਨੂੰ ਡੇਰਾ ਇਸਮਾਈਲ ਖ਼ਾਨ ਦੇ ਦਰਬਾਨ ਇਲਾਕੇ ਵਿੱਚ ਅੱਤਵਾਦੀਆਂ ਨੇ ਆਪਣੇ ਹਮਲੇ ਦੌਰਾਨ ਨਾਈਟ ਵਿਜ਼ਨ ਗੌਗਲਜ਼ ਅਤੇ ਅਮਰੀਕਾ ਦੀਆਂ ਬਣਾਈਆਂ ਅਸਾਲਟ ਰਾਈਫ਼ਲਾਂ ਦੀ ਵਰਤੋਂ ਕੀਤੀ ਸੀ। ਕਸਟਮ ਅਤੇ ਸੁਰੱਖਿਆ ਅਧਿਕਾਰੀਆਂ ਨੇ 13 ਦਸੰਬਰ ਨੂੰ ਅਫਗਾਨਿਸਤਾਨ ਤੋਂ ਪਾਕਿਸਤਾਨ ਵਿੱਚ ਦਾਖਲ ਹੋਈ ਇੱਕ ਕਾਰ ਵਿੱਚੋਂ ਆਧੁਨਿਕ ਅਮਰੀਕੀ ਹਥਿਆਰ ਬਰਾਮਦ ਕੀਤੇ। ਇਸ ਦੇ ਬਾਵਜੂਦ ਅੱਤਵਾਦੀਆਂ ਨੇ 15 ਦਸੰਬਰ ਨੂੰ ਤਕਨੀਕੀ ਅਮਰੀਕੀ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਟੈਂਕਾਂ'ਤੇ ਇਕ ਹੋਰ ਹਮਲਾ ਕੀਤਾ। ਇਸ ਤੋਂ ਇਲਾਵਾ, ਅੱਤਵਾਦੀਆਂ ਨੇ ਕ੍ਰਮਵਾਰ 6 ਸਤੰਬਰ ਅਤੇ 4 ਨਵੰਬਰ ਨੂੰ ਚਿਤਰਾਲ ਅਤੇ ਮੀਆਂਵਾਲੀ ਏਅਰਬੇਸ 'ਤੇ ਦੋ ਪਾਕਿਸਤਾਨੀ ਚੈਕਪੋਸਟਾਂ 'ਤੇ ਹਮਲਾ ਕਰਨ ਲਈ ਅਮਰੀਕੀ-ਨਿਰਮਿਤ ਹਥਿਆਰਾਂ ਦੀ ਵਰਤੋਂ ਕੀਤੀ ਸੀ। ਜੁਲਾਈ 2023 ਵਿਚ, ਟੀਟੀਪੀ ਦੇ ਅੱਤਵਾਦੀਆਂ ਨੇ ਝੋਬ ਗੈਰੀਸਨ 'ਤੇ ਹਮਲਾ ਕਰਨ ਲਈ ਵੀ ਅਮਰੀਕੀ-ਨਿਰਮਿਤ ਹਥਿਆਰਾਂ ਦੀ ਵਰਤੋਂ ਕੀਤੀ ਸੀ। ਯੂਰੇਸ਼ੀਅਨ ਟਾਈਮਜ਼ ਦੇ ਅਨੁਸਾਰ, ਪਾਬੰਦੀਸ਼ੁਦਾ ਟੀਟੀਪੀ ਨਾਲ ਜੁੜੇ ਅੱਤਵਾਦੀ ਅਜੇ ਵੀ ਪਾਕਿਸਤਾਨ ਵਿੱਚ ਹਮਲੇ ਕਰਨ ਲਈ ਅਮਰੀਕਾ ਦੇ ਬਣੇ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ। ਪੈਂਟਾਗਨ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਾਸ਼ਿੰਗਟਨ ਨੇ ਅਫਗਾਨ ਬਲਾਂ ਨੂੰ ਜੋ 427,300 ਹਥਿਆਰ ਉਪਲੱਬਧ ਕਰਾਏ ਸਨ, ਉਨ੍ਹਾਂ ਵਿੱਚੋਂ ਲਗਭਗ 300,000 ਉਸ ਸਮੇਂ ਪਿੱਛੇ ਰਹਿ ਗਏ,ਜਦੋਂ ਅਗਸਤ 2021 ਵਿੱਚ ਉਸ ਦੀਆਂ ਫੌਜਾਂ ਯੁੱਧ ਪ੍ਰਭਾਵਿਤ ਦੇਸ਼ ਤੋਂ ਵਾਪਸ ਹਟ ਗਈਆਂ ਸਨ।
ਇਹ ਵੀ ਪੜ੍ਹੋ: ਬਾਲਟੀਮੋਰ ਪੁਲ ਹਾਦਸਾ, ਜਹਾਜ਼ ਦੇ ਭਾਰਤੀ ਅਮਲੇ ਦੀ ਸਿਆਣਪ ਤੋਂ ਪ੍ਰਭਾਵਿਤ ਹੋਏ ਬਾਈਡੇਨ, ਕੀਤੀ ਤਾਰੀਫ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            