ਇਨ੍ਹਾਂ ਤਿੰਨ ''ਬਾਹੂਬਲੀਆਂ'' ਦੀ ਮੌਤ ਤੋਂ ਬਾਅਦ ਫਰਾਰ ਹਨ ਉਨ੍ਹਾਂ ਦੀਆਂ ਪਤਨੀਆਂ, ਕਤਲ ਦੀ ਸਾਜ਼ਿਸ਼ ਦੇ ਹਨ ਦੋਸ਼
Tuesday, Apr 02, 2024 - 10:13 AM (IST)
ਲਖਨਊ- ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਫਸ਼ਾਂ ਅੰਸਾਰੀ 30 ਮਾਰਚ ਨੂੰ ਹੋਏ ਆਪਣੇ ਪਤੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਅਫਸ਼ਾਂ ਅੰਸਾਰੀ ਉੱਤਰ ਪ੍ਰਦੇਸ਼ ਗੈਂਗਸਟਰਜ਼ ਤੇ ਗੈਰ-ਸਮਾਜਿਕ ਸਰਗਰਮੀਆਂ (ਰੋਕਥਾਮ) ਐਕਟ ਦੇ ਤਹਿਤ ਦਰਜ ਮਾਮਲੇ ’ਚ ਵਾਂਟਿਡ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਅਫਸ਼ਾਂ ’ਤੇ ਸੂਬੇ ਭਰ ’ਚ 9 ਅਪਰਾਧਕ ਮਾਮਲੇ ਦਰਜ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਹ ਆਪਣੇ ਬਾਹੂਬਲੀ ਪਤੀ ਦੇ ਸਸਕਾਰ ਵਿਚ ਸ਼ਾਮਲ ਨਾ ਹੋਣ ਵਾਲੀ ਪਹਿਲੀ ਔਰਤ ਨਹੀਂ ਹੈ। ਇਸ ਤੋਂ ਪਹਿਲਾਂ ਯੂ. ਪੀ. ਦੇ 2 ਬਾਹੂਬਲੀ ਨੇਤਾਵਾਂ ਅਤੀਕ ਅਹਿਮਦ ਤੇ ਉਨ੍ਹਾਂ ਦੇ ਭਰਾ ਖਾਲਿਦ ਅਜ਼ੀਮ ਉਰਫ ਅਸ਼ਰਫ ਦੇ ਕਤਲ ਤੋਂ ਬਾਅਦ ਉਨ੍ਹਾਂ ਦੀਆਂ ਪਤਨੀਆਂ ਵੀ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋਈਆਂ ਸਨ। ਇਨ੍ਹਾਂ ਤਿੰਨਾਂ ਦੀਆਂ ਪਤਨੀਆਂ ਦੀ ਪੁਲਸ ਨੂੰ ਅਪਰਾਧਕ ਮਾਮਲਿਆਂ ’ਚ ਭਾਲ ਹੈ।
ਅਤੀਕ ਦੀ ਪਤਨੀ ’ਤੇ 50 ਹਜ਼ਾਰ ਰੁਪਏ ਦਾ ਇਨਾਮ
ਬੀਤੇ ਸਾਲ ਅਪ੍ਰੈਲ ’ਚ ਅਤੀਕ ਤੇ ਅਸ਼ਰਫ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਦੀਆਂ ਪਤਨੀਆਂ ਪਤੀ ਦੀ ਅੰਤਿਮ ਯਾਤਰਾ ਤੋਂ ਦੂਰ ਰਹੀਆਂ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪ੍ਰਵੀਨ ’ਤੇ 50 ਹਜ਼ਾਰ ਰੁਪਏ ਦਾ ਇਨਾਮ ਹੈ, ਜਦੋਂਕਿ ਅਸ਼ਰਫ ਦੀ ਪਤਨੀ ਜੈਨਬ ਫਾਤਿਮਾ ’ਤੇ ਕੋਈ ਇਨਾਮ ਨਹੀਂ ਹੈ। ਹਾਲਾਂਕਿ ਦੋਵਾਂ ਨੂੰ ਹੁਣ ਤਕ ਪੁਲਸ ਲੱਭ ਨਹੀਂ ਸਕੀ। ਇਨ੍ਹਾਂ ਤਿੰਨਾਂ ਔਰਤਾਂ ’ਤੇ ਉਨ੍ਹਾਂ ਮਾਮਲਿਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ, ਜਿਨ੍ਹਾਂ ਵਿਚ ਉਨ੍ਹਾਂ ਦੇ ਪਤੀ ਸ਼ਾਮਲ ਸਨ। ਸ਼ਾਇਸਤਾ ਤੇ ਅਫਸ਼ਾਂ ’ਤੇ ਪੁਲਸ ਨੇ ਉਸ ਵੇਲੇ ਇਨਾਮ ਐਲਾਨਿਆ ਜਦੋਂ ਉਹ ਉਨ੍ਹਾਂ ਨੂੰ ਲੱਭਣ ’ਚ ਅਸਫਲ ਹੁੰਦੀ ਰਹੀ।
ਅੰਸਾਰੀ ਦੀ ਪਤਨੀ ’ਤੇ ਮਨੀ ਲਾਂਡਰਿੰਗ ਦਾ ਵੀ ਹੈ ਮਾਮਲਾ
ਅਫਸ਼ਾਂ ਅੰਸਾਰੀ ਖਿਲਾਫ ਉੱਤਰ ਪ੍ਰਦੇਸ਼ ਗੈਂਗਸਟਰਜ਼ ਤੇ ਗੈਰ-ਸਮਾਜਿਕ ਸਰਗਰਮੀਆਂ (ਰੋਕਥਾਮ) ਐਕਟ ਤਹਿਤ 2021 ’ਚ ਮਾਮਲਾ ਦਰਜ ਕੀਤਾ ਗਿਆ ਸੀ। ਪਿਛਲੇ ਸਾਲ ਅਪ੍ਰੈਲ ’ਚ ਸੂਬਾ ਪੁਲਸ ਨੇ ਕੇਂਦਰੀ ਏਜੰਸੀਆਂ ਸੀ. ਬੀ. ਆਈ. ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਚਿੱਠੀ ਲਿਖ ਕੇ ਅਫਸ਼ਾਂ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ। ਪੁਲਸ ਨੂੰ ਸ਼ੱਕ ਸੀ ਕਿ ਉਹ ਦੇਸ਼ ਛੱਡ ਕੇ ਬਾਹਰ ਜਾ ਸਕਦੀ ਹੈ। ਰਿਪੋਰਟ ਮੁਤਾਬਕ 2022 ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅਫਸ਼ਾਂ, ਮੁਖਤਾਰ ਦੇ ਜੀਜੇ ਆਤਿਫ ਰਜ਼ਾ, ਅਨਵਰ ਸ਼ਹਿਜ਼ਾਦ ਤੇ ਹੋਰ ਦੀ ਇਕ ਫਰਮ, ਵਿਕਾਸ ਕੰਸਟ੍ਰਕਸ਼ਨ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ।
ਅਤੀਕ ਤੇ ਅਸ਼ਰਫ ਦੀ ਪਤਨੀ ’ਤੇ ਵਕੀਲ ਦੇ ਕਤਲ ਦਾ ਦੋਸ਼
ਪੁਲਸ ਸ਼ਾਇਸਤਾ ਤੇ ਜੈਨਬ ਫਾਤਿਮਾ ਨੂੰ 24 ਫਰਵਰੀ 2023 ਨੂੰ ਪ੍ਰਯਾਗਰਾਜ ਦੇ ਧੂਮਨਗੰਜ ਇਲਾਕੇ ’ਚ ਵਕੀਲ ਉਮੇਸ਼ ਪਾਲ ਤੇ ਉਨ੍ਹਾਂ ਦੇ 2 ਪੁਲਸ ਬਾਡੀਗਾਰਡਾਂ ਦੇ ਕਤਲ ਦੇ ਮਾਮਲੇ ’ਚ ਲੱਭ ਰਹੀ ਹੈ।ਉਮੇਸ਼ ਪਾਲ 2005 ’ਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਾਜੂ ਪਾਲ ਦੇ ਕਤਲ ਦੇ ਮਾਮਲੇ ’ਚ ਮੁੱਖ ਗਵਾਹ ਸਨ, ਜਿਸ ਵਿਚ ਅਤੀਕ ਤੇ ਅਸ਼ਰਫ ਮੁੱਖ ਮੁਲਜ਼ਮ ਸਨ। ਇਸ ਮਾਮਲੇ ’ਚ ਸ਼ੁਰੂਆਤ ’ਚ ਸ਼ਾਇਸਤਾ ’ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ ਪਰ ਬਾਅਦ ’ਚ ਪੁਲਸ ਨੇ ਰਕਮ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਸੀ। ਪੁਲਸ ਨੇ ਪ੍ਰਯਾਗਰਾਜ ਦੇ ਚਕੀਆ ਇਲਾਕੇ ’ਚ ਸਥਿਤ ਉਸ ਦੇ ਘਰ ਨੂੰ ਵੀ ਡੇਗ ਦਿੱਤਾ ਸੀ। ਪਿਛਲੇ ਸਾਲ ਪੁਲਸ ਨੇ ਕਥਿਤ ਤੌਰ ’ਤੇ ਅਤੀਕ ਦੇ ਸਹਿਯੋਗੀ ਜ਼ਫਰ ਅਹਿਮਦ ਦਾ ਇਕ ਘਰ ਢਾਹ ਦਿੱਤਾ ਸੀ। ਮੰਨਿਆ ਜਾ ਰਿਹਾ ਸੀ ਕਿ ਇੱਥੇ ਸ਼ਾਇਸਤਾ ਕਥਿਤ ਤੌਰ ’ਤੇ ਆਪਣਾ ਘਰ ਡੇਗੇ ਜਾਣ ਤੋਂ ਬਾਅਦ ਰਹਿ ਰਹੀ ਸੀ। ਪੁਲਸ ਨੇ ਕੋਰਟ ਤੋਂ ਮਨਜ਼ੂਰੀ ਲੈਣ ਪਿੱਛੋਂ ਪਿਛਲੇ ਸਾਲ ਦਸੰਬਰ ’ਚ ਜੈਨਬ ਫਾਤਿਮਾ ਦੇ ਘਰ ਦੀ ਕੁਰਕੀ ਕੀਤੀ ਸੀ।
ਅੰਸਾਰੀ ਦਾ ਪੁੱਤਰ ਵੀ ਨਹੀਂ ਪਹੁੰਚਿਆ ਅੰਤਿਮ ਸੰਸਕਾਰ ’ਚ
ਦੱਸਣਯੋਗ ਹੈ ਕਿ ਮੁਖਤਾਰ ਅੰਸਾਰੀ ਦੀ ਲਾਸ਼ ਬਾਂਦਾ ਤੋਂ ਐਂਬੂਲੈਂਸ ਵਿਚ ਲਿਜਾਣ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਨਗਰ ਗਾਜ਼ੀਪੁਰ ਜ਼ਿਲੇ ਦੇ ਮੁਹੰਮਦਾਬਾਦ ’ਚ ਦਫਨਾਈ ਗਈ ਹੈ। ਉਨ੍ਹਾਂ ਦੇ ਵੱਡੇ ਬੇਟੇ ਅੱਬਾਸ ਅੰਸਾਰੀ ਜੋ ਇਸ ਵੇਲੇ ਕਾਸਗੰਜ ਦੀ ਜੇਲ ਵਿਚ ਬੰਦ ਹਨ, ਉਹ ਵੀ ਆਪਣੇ ਪਿਤਾ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਨਹੀਂ ਹੋ ਸਕਿਆ ਸੀ। ਉਨ੍ਹਾਂ ਇਲਾਹਾਬਾਦ ਹਾਈ ਕੋਰਟ ’ਚ ਪਿਤਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ ਪਰ ਇਸ ’ਤੇ ਸੁਣਵਾਈ ਨਹੀਂ ਹੋ ਸਕੀ। ਉਨ੍ਹਾਂ ਦੇ ਅੰਤਿਮ ਸੰਸਕਾਰ ’ਚ ਉਨ੍ਹਾਂ ਦੇ ਪੁੱਤਰ ਉਮਰ ਅੰਸਾਰੀ, ਭਰਾ ਤੇ ਗਾਜ਼ੀਪੁਰ ਦੇ ਸੰਸਦ ਮੈਂਬਰ ਅਫਜ਼ਾਲ ਅੰਸਾਰੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ ਸਨ। ਇਲਾਕੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੱਡੀ ਗਿਣਤੀ ’ਚ ਪੁਲਸ ਅਫਸਰਾਂ ਨੂੰ ਤਾਇਨਾਤ ਕੀਤਾ ਗਿਆ ਸੀ।