ਕੀ ਤੁਹਾਨੂੰ ਪਤਾ ਹੈ Bye ਸ਼ਬਦ ਦਾ ਮਤਲਬ ? ਅਸਲ ਇਤਿਹਾਸ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
Thursday, Apr 02, 2026 - 02:24 PM (IST)
ਵੈੱਬ ਡੈਸਕ - ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਜਦੋਂ ਵੀ ਕਿਸੇ ਤੋਂ ਵਿਦਾ ਲੈਂਦੇ ਹਾਂ, ਤਾਂ ‘Bye’ ਸ਼ਬਦ ਦੀ ਵਰਤੋਂ ਜ਼ਰੂਰ ਕਰਦੇ ਹਾਂ। ਚਾਹੇ ਅਸੀਂ ਘਰੋਂ ਬਾਹਰ ਜਾ ਰਹੇ ਹੋਈਏ, ਦੋਸਤਾਂ ਨੂੰ ਮਿਲ ਕੇ ਵਿਛੜ ਰਹੇ ਹੋਈਏ ਜਾਂ ਫ਼ੋਨ ਕੱਟ ਰਹੇ ਹੋਈਏ, ਇਹ ਸ਼ਬਦ ਸਾਡੀ ਆਦਤ ਦਾ ਹਿੱਸਾ ਬਣ ਚੁੱਕਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਸ਼ਬਦ ਕਿੱਥੋਂ ਆਇਆ ਹੈ ਅਤੇ ਇਸ ਦਾ ਅਸਲੀ ਮਤਲਬ ਕੀ ਹੈ।
ਸਰੋਤਾਂ ਅਨੁਸਾਰ, ‘Bye’ ਸ਼ਬਦ ਦਰਅਸਲ ‘Goodbye’ ਦਾ ਛੋਟਾ ਰੂਪ ਹੈ। ‘Goodbye’ ਦੀਆਂ ਜੜ੍ਹਾਂ ਪੁਰਾਣੀ ਅੰਗਰੇਜ਼ੀ ਦੇ ਵਾਕ “God be with you” 'ਚ ਮਿਲਦੀਆਂ ਹਨ, ਜਿਸ ਦਾ ਮਤਲਬ ਹੈ “ਪ੍ਰਮਾਤਮਾ ਤੁਹਾਡੇ ਨਾਲ ਰਹੇ”। ਪ੍ਰਾਚੀਨ ਸਮੇਂ 'ਚ, ਖਾਸ ਕਰਕੇ 14ਵੀਂ ਤੋਂ 16ਵੀਂ ਸਦੀ ਦੇ ਵਿਚਕਾਰ, ਲੋਕ ਇੱਕ-ਦੂਜੇ ਤੋਂ ਵਿਦਾ ਲੈਂਦੇ ਸਮੇਂ ਸਾਹਮਣੇ ਵਾਲੇ ਦੀ ਸੁਰੱਖਿਆ ਅਤੇ ਭਲਾਈ ਲਈ ਇਹ ਦੁਆ ਦਿੰਦੇ ਸਨ।
ਸਮੇਂ ਦੇ ਨਾਲ ਇਹ ਲੰਬਾ ਵਾਕ ਛੋਟਾ ਹੁੰਦਾ ਗਿਆ। ਪਹਿਲਾਂ “God be with you” ਬਦਲ ਕੇ “God be with ye” ਹੋਇਆ, ਫਿਰ ਹੌਲੀ-ਹੌਲੀ ਇਹ “Godbwye” ਬਣਿਆ ਅਤੇ ਅਖੀਰ 'ਚ ਇਹ ‘Goodbye’ ਬਣ ਗਿਆ। ਇਸ ਤੋਂ ਬਾਅਦ ‘Goodbye’ ਹੋਰ ਵੀ ਛੋਟਾ ਹੋ ਕੇ ‘Bye’ ਵਜੋਂ ਸਾਡੀ ਰੋਜ਼ਾਨਾ ਦੀ ਬੋਲਚਾਲ ਦਾ ਹਿੱਸਾ ਬਣ ਗਿਆ।
ਇਕ ਦਿਲਚਸਪ ਤੱਥ ਇਹ ਵੀ ਹੈ ਕਿ ਬਾਅਦ 'ਚ ‘God’ ਸ਼ਬਦ ਬਦਲ ਕੇ ‘Good’ ਹੋ ਗਿਆ। ਮੰਨਿਆ ਜਾਂਦਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਇਹ ‘Good day’ ਅਤੇ ‘Good night’ ਵਰਗੇ ਸ਼ਬਦਾਂ ਨਾਲ ਆਸਾਨੀ ਨਾਲ ਮੇਲ ਖਾਂਦਾ ਸੀ ਅਤੇ ਲੋਕਾਂ ਲਈ ਇਸ ਨੂੰ ਬੋਲਣਾ ਵਧੇਰੇ ਸੌਖਾ ਸੀ।
ਅੱਜ-ਕੱਲ੍ਹ ਸੋਸ਼ਲ ਮੀਡੀਆ ’ਤੇ ‘Bye’ ਦੀ ਇੱਕ ਮਜ਼ੇਦਾਰ ਫੁੱਲ ਫਾਰਮ “Be With You Everytime” ਵੀ ਕਾਫੀ ਮਸ਼ਹੂਰ ਹੈ। ਹਾਲਾਂਕਿ, ਅਸਲੀਅਤ 'ਚ ‘Bye’ ਦੀ ਕੋਈ ਤੈਅਸ਼ੁਦਾ ਫੁੱਲ ਫਾਰਮ ਨਹੀਂ ਹੁੰਦੀ। ਇਸ ਲਈ ਅਗਲੀ ਵਾਰ ਜਦੋਂ ਤੁਸੀਂ ਕਿਸੇ ਨੂੰ ‘Bye’ ਕਹੋਗੇ, ਤਾਂ ਯਾਦ ਰੱਖਿਓ ਕਿ ਤੁਸੀਂ ਅਣਜਾਣੇ ਵਿੱਚ ਇੱਕ ਬਹੁਤ ਪੁਰਾਣੀ ਅਤੇ ਪਵਿੱਤਰ ਸ਼ੁਭਕਾਮਨਾ ਹੀ ਦੁਹਰਾ ਰਹੇ ਹੋ।
