‘ਫਰਿੱਜ’ ’ਚ ਨਾ ਰੱਖੋ ਇਹ ਖਾਧ ਪਦਾਰਥ, ਹੁੰਦੇ ਨੇ ਖਰਾਬ

Thursday, Aug 29, 2024 - 05:58 PM (IST)

‘ਫਰਿੱਜ’ ’ਚ ਨਾ ਰੱਖੋ ਇਹ ਖਾਧ ਪਦਾਰਥ, ਹੁੰਦੇ ਨੇ ਖਰਾਬ

ਜਲੰਧਰ- ਘਰ ਆਉਂਦਿਆਂ ਹੀ ਬਾਜ਼ਾਰ ਤੋਂ ਫਲ-ਸਬਜ਼ੀਆਂ ਖਰੀਦ ਕੇ ਫਰਿੱਜ ਵਿਚ ਰੱਖ ਦਿੱਤੀਆਂ, ਪਰ ਉਹ ਤਾਜ਼ੀਆਂ ਰਹਿਣ ਦੀ ਬਜਾਏ ਦੋ ਦਿਨਾਂ ਵਿਚ ਹੀ ਬਾਸੀ ਹੋ ਗਈਆਂ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਧਿਆਨ ਰੱਖੋ ਕਿ ਕੀ ਤੁਸੀਂ ਇਹ ਚੀਜ਼ਾਂ ਫਰਿੱਜ ’ਚ ਰੱਖ ਰਹੇ ਹੋ-

ਟਮਾਟਰ : ਜ਼ਿਆਦਾਤਰ ਲੋਕ ਟਮਾਟਰ ਨੂੰ ਫਰਿੱਜ ’ਚ ਰੱਖਣ ਦੀ ਗਲਤੀ ਕਰਦੇ ਹਨ। ਟਮਾਟਰ ਧੁੱਪ ਵਿਚ ਉੱਗਣ ਵਾਲਾ ਫਲ ਹੈ। ਵਿਗਿਆਨਕ ਤੌਰ ’ਤੇ ਟਮਾਟਰ ਸਬਜ਼ੀ ਨਹੀਂ ਸਗੋਂ ਇਕ ਫਲ ਹੈ ਅਤੇ ਇਸ ਨੂੰ ਪਾਣੀ ਅਤੇ ਧੁੱਪ ਦੀ ਬਹੁਤ ਲੋੜ ਹੁੰਦੀ ਹੈ। ਮੌਸਮ ਠੰਡਾ ਹੋਣ ’ਤੇ ਇਹ ਠੀਕ ਤਰ੍ਹਾਂ ਨਹੀਂ ਵਧਦਾ। ਇਸੇ ਤਰ੍ਹਾਂ ਫਰਿੱਜ ’ਚ ਰੱਖਣ ’ਤੇ ਇਹ ਜਲਦੀ ਹੀ ਪਿਘਲ ਜਾਂਦਾ ਹੈ।

ਕੇਲਾ : ਕੇਲਾ ਵੀ ਫਰਿੱਜ ’ਚ ਰੱਖਣ ’ਤੇ ਜਲਦੀ ਹੀ ਕਾਲਾ ਹੋ ਜਾਂਦਾ ਹੈ। ਇਸ ਦੀ ਡੰਡੀ ਤੋਂ ਈਥਾਈਲੀਨ ਗੈਸ ਨਿਕਲਦੀ ਹੈ, ਜੋ ਆਲੇ-ਦੁਆਲੇ ਦੇ ਫਲਾਂ ਨੂੰ ਜਲਦੀ ਪਕਾ ਦਿੰਦੀ ਹੈ। ਇਸ ਤੋਂ ਬਚਣ ਲਈ ਤੁਸੀਂ ਕੇਲੇ ਦੇ ਤਣੇ ਨੂੰ ਪਲਾਸਟਿਕ ਨਾਲ ਢੱਕ ਸਕਦੇ ਹੋ। ਇਸ ਕਾਰਨ ਕੇਲਾ ਅਤੇ ਇਸ ਦੇ ਆਲੇ-ਦੁਆਲੇ ਰੱਖੇ ਫਲ ਲੰਬੇ ਸਮੇਂ ਤੱਕ ਤਾਜ਼ੇ ਰਹਿੰਦੇ ਹਨ।

ਸੇਬ : ਜੇਕਰ ਤੁਸੀਂ ਸੇਬ ਨੂੰ ਫਰਿੱਜ ’ਚ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਕਾਗਜ਼ ’ਚ ਲਪੇਟ ਕੇ ਫਲਾਂ ਅਤੇ ਸਬਜ਼ੀਆਂ ਲਈ ਬਣਾਈ ਸ਼ੈਲਫ ’ਚ ਰੱਖੋ। ਇਸ ਤੋਂ ਇਲਾਵਾ ਬੀਜ ਵਾਲੇ ਫਲ, ਜਿਵੇਂ ਕਿ ਆੜੂ, ਪਲੱਮ ਅਤੇ ਚੈਰੀ ਆਦਿ ਨੂੰ ਵੀ ਫਰਿੱਜ ਵਿਚ ਨਾ ਰੱਖੋ। ਘੱਟ ਤਾਪਮਾਨ ਵਿਚ ਇਨ੍ਹਾਂ ਵਿਚ ਮੌਜੂਦ ਐਨਜ਼ਾਈਮ ਸਰਗਰਮ ਹੋ ਜਾਂਦੇ ਹਨ ਅਤੇ ਫਲ ਜਲਦੀ ਸੜ ਜਾਂਦੇ ਹਨ। 

ਨਿੰਬੂ : ਨਿੰਬੂ ਅਤੇ ਸੰਤਰੇ ਵਰਗੇ ਸਿਟਰਿਕ ਐਸਿਡ ਵਾਲੇ ਫਲ ਫਰਿੱਜ ਦੀ ਠੰਡ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਨ੍ਹਾਂ ਦੇ ਛਿਲਕਿਆਂ ’ਤੇ ਧੱਬੇ ਪੈਣ ਲੱਗਦੇ ਹਨ ਅਤੇ ਉਨ੍ਹਾਂ ਦਾ ਸਵਾਦ ਵੀ ਪ੍ਰਭਾਵਿਤ ਹੁੰਦਾ ਹੈ। ਇਨ੍ਹਾਂ ਫਲਾਂ ਦਾ ਰਸ ਫਰਿੱਜ ’ਚ ਰੱਖਣ ’ਤੇ ਸੁੱਕਣਾ ਸ਼ੁਰੂ ਹੋ ਜਾਂਦਾ ਹੈ।

ਆਲੂ : ਜਦੋਂ ਫਰਿੱਜ ਵਿਚ ਰੱਖਿਆ ਜਾਂਦਾ ਹੈ, ਤਾਂ ਆਲੂ ਦਾ ਸਟਾਰਚ ਚੀਨੀ ਵਿਚ ਬਦਲ ਜਾਂਦਾ ਹੈ ਅਤੇ ਇਸ ਦਾ ਸਵਾਦ ਪ੍ਰਭਾਵਿਤ ਹੁੰਦਾ ਹੈ। ਆਲੂਆਂ ਨੂੰ ਧੁੱਪ ਤੋਂ ਦੂਰ ਰੱਖਣਾ ਚਾਹੀਦਾ ਹੈ। ਇਸ ਦੇ ਲਈ ਘਰ ’ਚ ਕੋਈ ਠੰਡੀ ਜਗ੍ਹਾ ਲੱਭ ਕੇ ਪਲਾਸਟਿਕ ਦੇ ਥੈਲੇ ’ਚੋਂ ਬਾਹਰ ਕੱਢ ਕੇ ਰੱਖੋ ਤਾਂ ਕਿ ਆਲੂ ਸਾਹ ਲੈ ਸਕਣ।45 ਡਿਗਰੀ  ਤਾਪਮਾਨ ਇਨ੍ਹਾਂ ਲਈ ਠੀਕ ਹੈ।  

ਪਿਆਜ਼ :  ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪਿਆਜ਼ ਨੂੰ ਫਰਿੱਜ ਤੋਂ ਦੂਰ ਰੱਖਣ ਦਾ ਇਕੋ ਇਕ ਕਾਰਨ ਇਨ੍ਹਾਂ ਵਿਚਲੀ ਗੰਧ ਹੈ। ਦਰਅਸਲ, ਆਲੂ ਦੀ ਤਰ੍ਹਾਂ ਪਿਆਜ਼ ਵੀ ਨਮੀ ਕਾਰਨ ਖਰਾਬ ਹੋਣ ਲੱਗਦਾ ਹੈ। ਫਰਿੱਜ ’ਚ ਰੱਖਣ ’ਤੇ ਪਿਆਜ਼ ਪਿਘਲ ਜਾਂਦਾ ਹੈ। ਇਸ ਨੂੰ ਆਲੂਆਂ ਦੀ ਤਰ੍ਹਾਂ ਸੁੱਕੀ ਅਤੇ ਹਨੇਰੀ ਜਗ੍ਹਾ ’ਤੇ ਰੱਖੋ ਪਰ  ਇਸ ਨੂੰ ਆਲੂਆਂ ਨਾਲ ਨਾ ਰੱਖੋ। ਆਲੂਆਂ ’ਚੋਂ ਨਿਕਲਦੀ ਗੈਸ ਪਿਆਜ਼ ਨੂੰ ਖਰਾਬ ਕਰਦੀ ਹੈ।

ਲਸਣ :  ਪਿਆਜ਼ ਦੀ ਤਰ੍ਹਾਂ ਲਸਣ ਨੂੰ ਵੀ ਫਰਿੱਜ ’ਚ ਨਾ ਰੱਖੋ। ਇਸ ਨਾਲ ਇਹ ਪੁੰਗਰਨਾ ਸ਼ੁਰੂ ਹੋ ਜਾਵੇਗਾ ਅਤੇ ਢਿੱਲਾ ਹੋਣਾ ਸ਼ੁਰੂ ਹੋ ਜਾਵੇਗਾ। ਲਸਣ ਅਤੇ ਪਿਆਜ਼ ਇਕੱਠੇ ਸਟੋਰ ਕੀਤੇ ਜਾ ਸਕਦੇ ਹਨ। ਧਿਆਨ ਰੱਖੋ ਕਿ ਇਨ੍ਹਾਂ ’ਤੇ ਧੁੱਪ ਜਾਂ ਜ਼ਿਆਦਾ ਰੌਸ਼ਨੀ ਨਾ ਪਵੇ।

ਬ੍ਰੈੱਡ : ਉਂਝ ਤਾਂ ਬ੍ਰੈੱਡ ਨੂੰ ਦੋ ਜਾਂ ਤਿੰਨ ਦਿਨਾਂ ’ਚ ਹੀ ਖਾ ਲੈਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਪਿੱਜ਼ਾ ਬ੍ਰੈੱਡ, ਬਰਗਰ ਬ੍ਰੈੱਡ  ਆਦਿ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਫਰਿੱਜ ’ਚ ਨਾ ਰੱਖੋ। ਬ੍ਰੈੱਡ ਨੂੰ ਫਰਿੱਜ ’ਚ ਰੱਖਣ ਨਾਲ ਇਹ ਸੁੱਕ ਜਾਂਦੀ ਹੈ। ਇਸ ਨੂੰ ਪਲਾਸਟਿਕ ਵਿਚ ਲਪੇਟ ਕੇ ਫ੍ਰੀਜ਼ਰ ਵਿੱਚ ਰੱਖਣ ਨਾਲ ਇਸ ਦੀ ਨਮੀ ਬਰਕਰਾਰ ਰਹਿੰਦੀ ਹੈ। ਖਾਣਾ ਖਾਣ ਤੋਂ ਪਹਿਲਾਂ ਇਸ ਨੂੰ ਫ੍ਰੀਜਰ ’ਚੋਂ ਕੱਢ ਕੇ ਕੁਝ ਦੇਰ ਲਈ ਬਾਹਰ ਰੱਖੋ ਅਤੇ ਫਿਰ ਟੋਸਟ ਕਰ ਲਓ।


author

Tarsem Singh

Content Editor

Related News