ਸੌਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ! ਪੂਰੀ ਰਾਤ ਹੋ ਜਾਵੇਗੀ ਖਰਾਬ
Monday, Nov 24, 2025 - 03:24 PM (IST)
ਨਵੀਂ ਦਿੱਲੀ : ਚੰਗੀ ਨੀਂਦ ਸਾਡੇ ਸਰੀਰ ਲਈ ਓਨੀ ਹੀ ਜ਼ਰੂਰੀ ਹੈ ਜਿੰਨਾ ਸਹੀ ਖਾਣਾ। ਪਰ ਕਈ ਵਾਰ ਅਸੀਂ ਰਾਤ ਦੇ ਸਮੇਂ ਕੁਝ ਅਜਿਹੇ ਭੋਜਨ ਖਾ ਲੈਂਦੇ ਹਾਂ ਜੋ ਨੀਂਦ, ਪਾਚਨ ਅਤੇ ਵਜ਼ਨ, ਤਿੰਨਾਂ 'ਤੇ ਹੀ ਬਹੁਤ ਬੁਰਾ ਅਸਰ ਪਾਉਂਦੇ ਹਨ। ਜੇ ਤੁਸੀਂ ਹਰ ਰੋਜ਼ ਸਮੇਂ 'ਤੇ ਸੌਣਾ ਚਾਹੁੰਦੇ ਹੋ ਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਰਾਤ ਨੂੰ ਕਿਹੜੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਸੌਣ ਤੋਂ ਪਹਿਲਾਂ ਕੁਝ ਚੀਜ਼ਾਂ ਦਾ ਸੇਵਨ ਪਾਚਨ ਤੰਤਰ 'ਤੇ ਭਾਰੀ ਪੈ ਸਕਦਾ ਹੈ, ਜਿਸ ਨਾਲ ਸਰੀਰ ਪੂਰੀ ਰਾਤ ਅੰਦਰੋਂ ਲੜਦਾ ਰਹਿੰਦਾ ਹੈ। ਇਸ ਨਾਲ ਨੀਂਦ ਟੁੱਟਦੀ ਰਹਿੰਦੀ ਹੈ, ਪੇਟ 'ਚ ਭਾਰੀਪਨ ਹੁੰਦਾ ਹੈ, ਸਰੀਰ 'ਚ ਸੁਸਤੀ, ਪੇਟ ਫੁੱਲਣਾ (Bloating), ਐਸੀਡਿਟੀ ਅਤੇ ਹੌਲੀ-ਹੌਲੀ ਵਜ਼ਨ ਵਧਣ ਦੀ ਸਮੱਸਿਆ ਵੀ ਵਧ ਜਾਂਦੀ ਹੈ।
ਇਹ 5 ਚੀਜ਼ਾਂ ਸੌਣ ਤੋਂ ਪਹਿਲਾਂ ਬਿਲਕੁਲ ਨਾ ਖਾਓ
1. ਤਲਿਆ ਤੇ ਭਾਰੀ (Fatty & Oily) ਖਾਣਾ
ਰਾਤ ਨੂੰ ਸਮੋਸਾ, ਚਿਪਸ, ਪਰਾਠਾ, ਪਕੌੜੇ ਜਾਂ ਗ੍ਰੇਵੀ ਵਾਲਾ ਆਇਲੀ ਖਾਣਾ ਬਿਲਕੁਲ ਨਹੀਂ ਖਾਣਾ ਚਾਹੀਦਾ। ਇਹ ਫੂਡ ਪਚਣ 'ਚ ਬਹੁਤ ਜ਼ਿਆਦਾ ਸਮਾਂ ਲੈਂਦੇ ਹਨ ਤੇ ਪੇਟ 'ਤੇ ਭਾਰੀ ਮਹਿਸੂਸ ਕਰਵਾਉਂਦੇ ਹਨ। ਜਦੋਂ ਪੇਟ ਲੰਬੇ ਸਮੇਂ ਤੱਕ ਖਾਣਾ ਹਜ਼ਮ ਕਰਨ 'ਚ ਲੱਗਾ ਰਹਿੰਦਾ ਹੈ ਤਾਂ ਦਿਮਾਗ ਆਰਾਮ ਨਹੀਂ ਕਰ ਪਾਉਂਦਾ, ਜਿਸ ਨਾਲ ਨੀਂਦ ਵਾਰ-ਵਾਰ ਟੁੱਟਦੀ ਰਹਿੰਦੀ ਹੈ। ਫੈਟੀ ਫੂਡ ਰਾਤ ਦੇ ਸਮੇਂ ਇਨਸੁਲਿਨ ਲੈਵਲ ਵਧਾਉਂਦੇ ਹਨ, ਜਿਸ ਕਾਰਨ ਸਰੀਰ ਵਿੱਚ ਚਰਬੀ ਜਮ੍ਹਾਂ ਹੋਣ ਲੱਗਦੀ ਹੈ ਅਤੇ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ।
2. ਕੌਫੀ ਅਤੇ ਚਾਹ (Caffeine)
ਕੈਫੀਨ ਨੀਂਦ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਕਈ ਲੋਕ ਰਾਤ ਨੂੰ ਕੰਮ ਕਰਦੇ ਸਮੇਂ ਚਾਹ ਜਾਂ ਕੌਫੀ ਪੀ ਲੈਂਦੇ ਹਨ, ਪਰ ਇਹ ਆਦਤ ਨੀਂਦ ਨੂੰ ਪੂਰੀ ਤਰ੍ਹਾਂ ਵਿਗਾੜ ਦਿੰਦੀ ਹੈ। ਕੈਫੀਨ ਦਿਮਾਗ ਨੂੰ ਐਕਟਿਵ ਰੱਖਦਾ ਹੈ ਤੇ ਸਰੀਰ ਨੂੰ ਆਰਾਮ ਨਹੀਂ ਕਰਨ ਦਿੰਦਾ। ਇਸਦਾ ਅਸਰ ਸੌਣ ਤੋਂ 5-6 ਘੰਟੇ ਪਹਿਲਾਂ ਤੱਕ ਵੀ ਬਣਿਆ ਰਹਿੰਦਾ ਹੈ। ਇਸ ਕਾਰਨ ਨਾ ਸਿਰਫ਼ ਨੀਂਦ ਘੱਟ ਆਉਂਦੀ ਹੈ, ਸਗੋਂ ਮੈਟਾਬੋਲਿਜ਼ਮ ਵੀ ਖਰਾਬ ਹੋ ਜਾਂਦਾ ਹੈ ਅਤੇ ਵਜ਼ਨ ਤੇਜ਼ੀ ਨਾਲ ਵਧਣ ਲੱਗਦਾ ਹੈ। ਜੇ ਰਾਤ ਨੂੰ ਕੁਝ ਪੀਣਾ ਹੋਵੇ ਤਾਂ ਸਿਰਫ਼ ਗਰਮ ਪਾਣੀ ਜਾਂ ਹਰਬਲ ਟੀ ਲਵੋ।
3. ਮਿੱਠਾ ਅਤੇ ਡੈਜ਼ਰਟ (Sweets and Desserts)
ਕੇਕ, ਕੁਕੀਜ਼, ਆਈਸਕ੍ਰੀਮ ਜਾਂ ਮਿਠਾਈ ਵਰਗੇ ਸ਼ੂਗਰ ਨਾਲ ਭਰੇ ਡੈਜ਼ਰਟ ਖਾਣ ਤੋਂ ਪਰਹੇਜ਼ ਕਰੋ। ਇਹ ਚੀਜ਼ਾਂ ਖਾਣ ਨਾਲ ਬਲੱਡ ਸ਼ੂਗਰ ਲੈਵਲ ਤੁਰੰਤ ਵੱਧ ਜਾਂਦਾ ਹੈ, ਜਿਸ ਨਾਲ ਰਾਤ ਨੂੰ ਅਚਾਨਕ ਐਨਰਜੀ ਮਿਲ ਜਾਂਦੀ ਹੈ। ਇਹ ਐਨਰਜੀ ਤੁਹਾਡੇ ਸਰੀਰ ਨੂੰ ਸੌਣ ਨਹੀਂ ਦਿੰਦੀ ਅਤੇ ਦਿਮਾਗ ਵਾਰ-ਵਾਰ ਐਕਟਿਵ ਹੁੰਦਾ ਰਹਿੰਦਾ ਹੈ। ਅਚਾਨਕ ਸ਼ੂਗਰ ਲੈਵਲ ਡਿੱਗਣ 'ਤੇ ਬੇਚੈਨੀ, ਭੁੱਖ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਮਿੱਠੇ ਫੂਡ ਰਾਤ ਨੂੰ ਵਜ਼ਨ ਵਧਾਉਣ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹਨ।
4. ਬਹੁਤ ਜ਼ਿਆਦਾ ਮਸਾਲੇਦਾਰ ਖਾਣਾ
ਬਹੁਤ ਜ਼ਿਆਦਾ ਮਸਾਲੇਦਾਰ ਫੂਡ ਜਿਵੇਂ ਚਿਕਨ ਕਰੀ, ਚਟਪਟਾ ਸਟ੍ਰੀਟ ਫੂਡ ਜਾਂ ਮਿਰਚੀ ਵਾਲੇ ਸਨੈਕਸ ਸੌਣ ਤੋਂ ਪਹਿਲਾਂ ਬਿਲਕੁਲ ਨਾ ਖਾਓ। ਮਸਾਲੇ ਪੇਟ ਵਿੱਚ ਐਸੀਡਿਟੀ (Acidity) ਵਧਾਉਂਦੇ ਹਨ, ਜਿਸ ਕਾਰਨ ਸੀਨੇ 'ਚ ਜਲਨ, ਖੱਟੇ ਡਕਾਰ ਤੇ ਭਾਰੀਪਨ ਮਹਿਸੂਸ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਲੇਟਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਤੇ ਨੀਂਦ ਵਿੱਚ ਵਿਘਨ ਪੈਂਦਾ ਹੈ। ਜਿਨ੍ਹਾਂ ਨੂੰ ਪਹਿਲਾਂ ਹੀ ਗੈਸ ਜਾਂ ਐਸੀਡਿਟੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਰਾਤ ਨੂੰ ਮਸਾਲੇਦਾਰ ਖਾਣਾ ਬਿਲਕੁਲ ਛੱਡ ਦੇਣਾ ਚਾਹੀਦਾ ਹੈ।
5. ਸੋਡਾ, ਪੈਕੇਜਡ ਜੂਸ ਅਤੇ ਕੋਲਡ ਡਰਿੰਕਸ
ਕੋਲਡ ਡਰਿੰਕਸ, ਸੋਡਾ ਅਤੇ ਪੈਕੇਜਡ ਜੂਸ ਦਾ ਸੇਵਨ ਵੀ ਰਾਤ ਨੂੰ ਨਹੀਂ ਕਰਨਾ ਚਾਹੀਦਾ। ਇਨ੍ਹਾਂ ਡਰਿੰਕਸ ਵਿੱਚ ਹਾਈ ਸ਼ੂਗਰ, ਕੈਫੀਨ ਅਤੇ ਗੈਸ ਮੌਜੂਦ ਹੁੰਦੀ ਹੈ, ਜੋ ਨੀਂਦ ਨੂੰ ਖਰਾਬ ਕਰਨ ਦੇ ਨਾਲ-ਨਾਲ ਪੇਟ 'ਚ ਬਲੋਟਿੰਗ ਤੇ ਗੈਸ ਵੀ ਵਧਾਉਂਦੀ ਹੈ। ਇਹ ਡਰਿੰਕਸ ਸਰੀਰ ਦੇ ਇਨਸੁਲਿਨ ਲੈਵਲ ਨੂੰ ਵਿਗਾੜਦੇ ਹਨ, ਜਿਸ ਨਾਲ ਚਰਬੀ ਤੇਜ਼ੀ ਨਾਲ ਜਮ੍ਹਾਂ ਹੋਣ ਲੱਗਦੀ ਹੈ।
ਸਹੀ ਖਾਣੇ ਦੀ ਸਲਾਹ
ਸੌਣ ਤੋਂ 2 ਘੰਟੇ ਪਹਿਲਾਂ ਹਲਕਾ ਅਤੇ ਆਸਾਨੀ ਨਾਲ ਹਜ਼ਮ ਹੋਣ ਵਾਲਾ ਖਾਣਾ ਖਾਓ। ਰਾਤ ਦੇ ਖਾਣੇ ਵਿੱਚ ਗਰਮ ਦੁੱਧ, ਹਲਕਾ ਦਲੀਆ, ਸੂਪ ਜਾਂ ਫਲ ਖਾਧੇ ਜਾ ਸਕਦੇ ਹਨ। ਇਸ ਨਾਲ ਨੀਂਦ ਵੀ ਚੰਗੀ ਆਵੇਗੀ ਅਤੇ ਵਜ਼ਨ ਵੀ ਕੰਟਰੋਲ 'ਚ ਰਹੇਗਾ।
