ਵਧੀਆ ਜ਼ਿੰਦਗੀ ਜਿਊਣ ਲਈ ਹੋਣੇ ਚਾਹੀਦੇ ਹਨ ‘ਸੀਮਿਤ ਸਾਧਨ’

05/09/2020 1:23:57 PM

ਸੰਜੀਵ ਸਿੰਘ ਸੈਣੀ, ਮੁਹਾਲੀ 

ਵਿਸ਼ਵ ਵਿਚ ਕੋਰੋਨਾ ਵਾਇਰਸ ਕਰਕੇ ਹਾਹਾਕਾਰ ਮੱਚੀ ਹੋਈ ਹੈ। ਲੱਖਾਂ ਲੋਕ ਅੱਜ ਕੋਰੋਨਾ ਵਾਇਰਸ ਦੀ ਚਪੇਟ ਵਿਚ ਹਨ। 22 ਮਾਰਚ ਤੋਂ ਭਾਰਤ ਵਿਚ ਲਾਕਡਾਊਨ ਲੱਗਿਆ ਹੋਇਆ ਹੈ ਅਤੇ ਪੰਜਾਬ ਵਿੱਚ ਕਰਫਿਊ ਹੈ। ਅਸੀਂ ਲਾਕਡਾਊਨ ਤਿੰਨ ਵਿੱਚੋਂ ਗੁਜ਼ਰ ਰਹੇ ਹਨ। ਫੈਕਟਰੀ, ਭੱਠੇ ਸਭ ਬੰਦ ਹਨ। ਜਹਾਜ਼ ਤੋਂ ਲੈ ਕੇ ਬੱਸਾਂ ਤੱਕ ਸਾਰੀ ਆਵਾਜਾਈ ਬੰਦ ਹੈ। ਸੂਬਾ ਸਰਕਾਰਾਂ ਵਲੋਂ ਕੁਝ ਜ਼ਿਲ੍ਹਿਆਂ ਵਿੱਚ ਛੋਟ ਦਿੱਤੀ ਹੋਈ ਹੈ। ਸੂਬੇ  ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਰੈੱਡ, ਆਰੇਂਜ ਗ੍ਰੀਨ। ਸਰਕਾਰ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਦੁਕਾਨਾਂ ਸਵੇਰੇ ਸੱਤ ਵਿੱਚ ਤੋਂ ਲੈ ਕੇ ਤਿੰਨ ਵਜੇ ਤੱਕ ਖੋਲ੍ਹੀਆਂ ਜਾ ਰਹੀਆਂ ਹਨ।

ਤਕਰੀਬਨ ਚਾਲੀ ਦਿਨ ਦੇ ਲਾਕਡਾਊਨ ’ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਇਸ ਸਮੇਂ ਦੌਰਾਨ ਅਸੀਂ ਆਪਣੇ ਘਰ ਵਿੱਚ ਸਾਦੇ ਖਾਣੇ ਨੂੰ ਤਰਜੀਹ ਦਿੱਤੀ ਹੈ। ਆਮ ਵੇਖਣ ਵਿੱਚ ਆਉਂਦਾ ਸੀ ਕਿ ਅਸੀਂ ਬਾਹਰਲੀਆਂ ਚੀਜ਼ਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਸਨ ਜਿਵੇਂ ਪਿਜ਼ਾ, ਬਰਗਰ ਹੋਰ ਤਰ੍ਹਾਂ-ਤਰ੍ਹਾਂ ਦੇ ਚਾਈਨੀਜ਼ ਫੂਡ। ਜਿਸ ਨਾਲ ਅਸੀਂ ਮੋਟਾਪਾ, ਬਲੱਡ ਪ੍ਰੈਸ਼ਰ ਹੋਰ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਸਨ। ਤਕਰੀਬਨ ਸਾਰਿਆਂ ਨੇ ਹੀ ਆਪਣੇ ਘਰ ਦੀਆਂ ਬਣੀਆਂ ਹੋਈਆਂ ਸਾਫ਼ ਸੁਥਰੀ ’ਤੇ ਤਾਜ਼ਾ ਸਬਜ਼ੀਆਂ ਖਾਦੀਆਂ। ਇਸ ਨਾਲ ਉਨ੍ਹਾਂ ਦੇ ਸਰੀਰ ਵੀ ਤੰਦਰੁਸਤ ਰਹੇ। ਲਾਕ ਡਾਊਨ ਨੇ ਸਾਨੂੰ ਸਿਖਾਇਆ ਹੈ ਕਿ ਸਾਨੂੰ ਸਿਰਫ ਆਪਣੇ ਘਰ ਦਾ ਸਾਫ-ਸੁਥਰਾ ਖਾਣਾ ਹੀ ਖਾਣਾ ਹੈ। ਜਿਸ ਨਾਲ ਸਾਡੀ ਸਿਹਤ ਵੀ ਠੀਕ ਰਹੇਗੀ ਤੇ ਸਾਨੂੰ ਹਸਪਤਾਲਾਂ ਦੇ ਚੱਕਰ ਵੀ ਨਹੀਂ ਲਗਾਉਣੇ ਪੈਣਗੇ ।

ਪੜ੍ਹੋ ਇਹ ਵੀ ਖਬਰ - ‘ਭੋਪਾਲ ਗੈਸ ਤ੍ਰਾਸਦੀ’ ਤੋਂ 36 ਸਾਲ ਬਾਅਦ ਵਾਪਰੀ ਹੈ ਵਿਜਾਗ ਤ੍ਰਾਸਦੀ (ਵੀਡੀਓ)

ਪੜ੍ਹੋ ਇਹ ਵੀ ਖਬਰ - ਲਾਕਡਾਊਨ ਦੇ ਮੌਕੇ ਨੌਜਵਾਨ ਹੋ ਰਹੇ ਹਨ ਇਕੱਲਪੁਣੇ ਤੋਂ ਪਰੇਸ਼ਾਨ (ਵੀਡੀਓ)

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੇ ਚੱਲ ਰਹੇ ਇਸ ਦੌਰ ’ਚ ਲਿਖਿਆ ‘ਇਕ ਖਤ ਆਪਣੇ ਹੀ ਨਾਂ’

ਬਜ਼ੁਰਗਾਂ ਦੀ ਬਹੁਤ ਬੇਕਦਰੀ ਹੋ ਰਹੀ ਸੀ। ਘਰ ਵਿੱਚ ਉਨ੍ਹਾਂ ਦਾ ਬਿਲਕੁਲ ਵੀ ਸਤਿਕਾਰ ਨਹੀਂ ਸੀ। ਅੱਜ ਸਮਾਂ ਵੇਖਣ ਨੂੰ ਮਿਲ ਰਿਹਾ ਹੈ ਕਿ ਘਰ ਵਿੱਚ ਬਜ਼ੁਰਗਾਂ ਦਾ ਬਹੁਤ ਸਤਿਕਾਰ ਹੋ ਰਿਹਾ ਹੈ। ਘਰ ਦੇ ਮੈਂਬਰਾਂ ਰਾਹੀਂ ਬਜ਼ੁਰਗਾਂ ਕੋਲ ਸਮਾਂ ਬਿਤਾਇਆ ਜਾ ਰਿਹਾ ਹੈ ਤੇ ਬਜ਼ੁਰਗ ਉਨ੍ਹਾਂ ਨੂੰ ਬਹੁਤ ਹੀ ਵਧੀਆ ਦੀਆਂ ਕਹਾਣੀਆਂ ਵੀ ਸੁਣਾ ਰਹੇ ਹਨ। ਆਮ ਵੇਖਣ ਵਿੱਚ ਆਉਂਦਾ ਹੈ ਕਿ ਛੋਟੇ ਬੱਚੇ ਬਜ਼ੁਰਗਾਂ ਕੋਲ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ ਤੇ ਬਜ਼ੁਰਗਾਂ ਦਾ ਵੀ ਵਧੀਆ ਸਮਾਂ ਬਤੀਤ ਹੋ ਰਿਹਾ ਹੈ। ਬੱਚੇ ਵੀ ਆਪਣੇ ਮਾਂ ਬਾਪ ਨੂੰ ਜ਼ਿਆਦਾ ਤੰਗ ਨਹੀਂ ਕਰ ਰਹੇ ਹਨ। ਸੋ ਕਦੇ ਵੀ ਸਾਨੂੰ ਆਪਣੇ ਬਜ਼ੁਰਗਾਂ ਦੀ ਬੇਕਦਰੀ ਨਹੀਂ ਕਰਨੀ ਚਾਹੀਦੀ। ਬਜ਼ੁਰਗ ਸਾਡੇ ਘਰ ਦੇ ਜਿੰਦਰੇ ਹੁੰਦੇ ਹਨ। ਲਾਕ ਡਾਉਨ ਨੇ ਇਹ ਸਾਨੂੰ ਸਿਖਾਇਆ ਹੈ।

ਆਮ ਦੇਖਣ ਵਿੱਚ ਆਉਂਦਾ ਸੀ ਕਿ ਅਸੀਂ ਪੈਸੇ ਦੀ ਬਹੁਤ ਬਰਬਾਦੀ ਕਰਦੇ ਸਨ। ਪੰਜਾਬੀ ਵਿਆਹਾਂ ’ਤੇ ਲੱਖਾਂ-ਲੱਖਾਂ ਰੁਪਏ ਖਰਚ ਦਿੰਦੇ ਸਨ। ਵਿਆਹਾਂ ਤੋਂ ਪਹਿਲਾਂ ਅੱਜ ਕੱਲ ਜੋ ਰਿਵਾਜ ਹੈ ਪ੍ਰੀ ਵੈਡਿੰਗ ਸ਼ੂਟ ਕਰਦੇ ਸਨ, ਜਿਸ ਦੀ ਸ਼ੂਟਿੰਗ ’ਤੇ ਚਾਰ-ਚਾਰ ਲੱਖ ਰੁਪਏ ਖਰਚ ਆਉਂਦਾ ਹੈ। ਅੱਜ ਲਾਕਡਾਊਨ ਦਾ ਅਜਿਹਾ ਪ੍ਰਭਾਵ ਹੋਇਆ, ਸਿਰਫ ਪਰਿਵਾਰ ਦੇ ਦਸ ਮੈਂਬਰ ਹੀ ਜਾ ਕੇ ਮੁੰਡੇ ਕੁੜੀ ਦਾ ਵਿਆਹ ਕਾਰਜ ਨੇਪੜੇ ਚੜ੍ਹਾਉਂਦੇ ਹਨ। ਅਕਸਰ ਅਖ਼ਬਾਰਾਂ ਵਿੱਚ ਵੀ ਖਬਰਾਂ ਪੜ੍ਹਨ ਨੂੰ ਮਿਲਿਆ ਕਿ ਨਵ-ਵਿਆਹਾਂ ਜੋੜਾ ਮੋਟਰਸਾਈਕਲ ’ਤੇ ਹੀ ਵਿਆਹ ਕਰਵਾ ਕੇ ਘਰ ਪੁੱਜ ਰਿਹਾ ਹੈ। ਕਿੰਨਾ ਖਰਚਾ ਬਚ ਚੁੱਕਿਆ ਹੈ ? ਅਕਸਰ ਆਮ ਦੇਖਿਆ ਜਾਂਦਾ ਹੈ ਕਿ ਕੁੜੀ ਵਾਲੇ ਕਰਜ਼ਾ ਚੁੱਕ ਕੇ ਆਪਣੀ ਕੁੜੀ ਦਾ ਕਾਰਜ ਸਿਰੇ ਚੜ੍ਹਾਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਫਿਕਰ ਹੁੰਦਾ ਹੈ ਕਿ ਸਹੁਰਾ ਪਰਿਵਾਰ ਕਦੇ ਉਨ੍ਹਾਂ ਦੀ ਕੁੜੀ ਨੂੰ ਤਾਨੇ ਮੇਹਣੇ ਨਾ ਮਾਰੇ। ਸੌ ਕੁੜੀਆਂ ਵਾਲੇ ਆਪਣੀ ਔਕਾਤ ਤੋਂ ਵੱਧ ਵਿਆਹ ਤੇ ਖਰਚਾ ਕਰਦੇ ਸਨ ਤਾਂ ਕਿ ਮੁੰਡੇ ਵਾਲਿਆਂ ਦੀ ਆਓ ਭਗਤ ਬਹੁਤ ਵਧੀਆ ਹੋਵੇ। ਲਾਕਡਾਊਨ ਦੇ ਸਮੇਂ ਮੁਤਾਬਕ ਫਜੂਲ ਖਰਚੀ ਨੂੰ ਬਹੁਤ ਠੱਲ੍ਹ ਪਈ ਹੈ। ਇਹ ਸਾਡੇ ਲਈ ਸਿੱਖਣ ਦਾ ਸਮਾਂ ਹੈ ਕਿ ਅਸੀਂ ਫ਼ਜ਼ੂਲ ਖ਼ਰਚੀ ਬਿਲਕੁਲ ਵੀ ਨਹੀਂ ਕਰਨੀ ਹੈ। ਲਾਕਡਾਊਨ ਦੇ ਸਮੇਂ ਦੌਰਾਨ ਅਸੀਂ ਉਹੀ ਪੁਰਾਣੇ ਕੱਪੜੇ ਪਾ ਕੇ ਸਮਾਂ ਬਤੀਤ ਕੀਤਾ ਹੈ। ਕਹਿਣ ਦਾ ਮਤਲਬ ਹੈ ਕਿ ਲਾਕਡਾਊਨ ਨੇ ਸਿਖਾ ਦਿੱਤਾ ਹੈ ਕਿ ਵਧੀਆ ਜ਼ਿੰਦਗੀ ਜਿਊਣ ਲਈ ਬਹੁਤੇ ਸਾਧਨਾਂ ਦੀ ਜ਼ਰੂਰਤ ਨਹੀਂ ਹੈ। 

ਪੜ੍ਹੋ ਇਹ ਵੀ ਖਬਰ - ਮਾਂ ਦੀ ਦਿੱਤੀ ਸਿੱਖਿਆ ਕੋਰੋਨਾ ਦੇ ਇਸ ਸਫਰ ’ਚ ਆ ਰਹੀ ਹੈ ਬੱਚਿਆ ਦੇ ਕੰਮ 

ਘਰ ਵਿੱਚ ਜਿੰਨੇ ਮੈਂਬਰ ਉੱਨੀ ਹੀ ਗੱਡੀਆਂ। ਜਦੋਂ ਬਾਹਰ ਜਾਣਾ ਹੁੰਦਾ ਤਾਂ ਹਰ ਇਕ ਮੈਂਬਰ ਆਪਣਾ ਸਾਧਨ ਤੇ ਜਾਂਦਾ। ਕਿੰਨਾ ਪੈਟਰੋਲ, ਡੀਜ਼ਲ ਦਾ ਖਰਚਾ ਅਸੀਂ ਕਰਦੇ ਸਨ। ਅੱਜ ਲਾਕਡਾਊਨ ਨੇ ਸਾਨੂੰ ਸਿਖਾ ਦਿੱਤਾ ਹੈ ਕਿ ਜ਼ਿੰਦਗੀ ਬਸਰ ਕਰਨ ਲਈ ਸੀਮਤ ਸਾਧਨ ਹੋਣੇ ਚਾਹੀਦੇ ਹਨ । ਪ੍ਰਦੂਸ਼ਣ ਇੰਨਾ ਵੱਧ ਚੁੱਕਿਆ ਸੀ ਕਿ ਬਾਹਰ ਨਿਕਲਣ ਨੂੰ ਦਿਲ ਨਹੀਂ ਸੀ ਕਰਦਾ। ਪੰਜਾਬ ਦੇ ਕਈ ਸ਼ਹਿਰ ਇਸ ਦੀ ਮਾਰ ਹੇਠ ਸਨ। ਨਿੱਜੀ ਸਵਾਰਥਾਂ ਲਈ ਮਨੁੱਖ ਨੇ ਕੁਦਰਤ ਨਾਲ ਇੰਨੀ ਛੇੜਛਾੜ ਕਰ ਦਿੱਤੀ ਕਿ ਕੁਦਰਤ ਪ੍ਰੇਸ਼ਾਨ ਹੋ ਚੁੱਕੀ ਸੀ। ਦਰੱਖਤ ਕੱਟ-ਕੱਟ ਕੇ ਵੱਡੇ ਵੱਡੇ ਫਲੈਟ ਉਸ ਉਸਾਰ ਦਿੱਤੇ ਗਏ। ਫੈਕਟਰੀਆਂ ਦੀ ਰਹਿੰਦ ਖੁੰਦ ਨੂੰ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਸੀ। ਕਈ ਜੀਵ ਜੰਤੂ ਮਾਰ ਰਹੇ ਸਨ। ਅੱਜ ਕੁਦਰਤ ਦੀ ਅਜਿਹੀ ਖੇਡ ਹੋਈ ਕਿ ਮਨੁੱਖ ਕੈਦ ਵਿੱਚ ਹੈ ਤੇ ਜੀਵ ਜੰਤੂ ਆਨੰਦ ਮੌਜਾਂ ਮਾਣ ਰਹੇ ਹਨ ।

PunjabKesari

ਲਾਕਡਾਊਨ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਬਹੁਤ ਘਟਿਆ ਹੈ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਵਾਤਾਵਰਣ ਸਾਫ ਸੁਥਰਾ ਹੋ ਚੁੱਕਿਆ ਹੈ। ਗੰਗਾ ਜਮਨਾ ਤੋਂ ਲੈ ਕੇ ਬਿਆਸ ਘੱਗਰ ਦਰਿਆ ਸਾਫ-ਸੁਥਰੇ ਹੋ ਚੁੱਕੇ ਹਨ। ਬਿਆਸ ਦਰਿਆ ਵਿੱਚ ਡਾਲਫਿਨ ਮੱਛੀਆਂ ਆਨੰਦ ਮਾਣਦੀਆਂ ਹੋਈਆਂ ਵੇਖੀਆਂ ਜਾ ਰਹੀਆਂ ਹਨ। ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੈ। ਮੋਰ ਸ਼ਹਿਰੀ ਖੇਤਰਾਂ ਵਿੱਚ ਆ ਕੇ ਆਨੰਦ ਮਾਣ ਰਹੇ ਹਨ। ਪ੍ਰਦੂਸ਼ਣ ਦਾ ਪੱਧਰ ਘੱਟਣ ਨਾਲ ਲੋਕ ਕਾਫੀ ਜ਼ਿਆਦਾ ਤੰਦਰੁਸਤ ਵੀ ਹੋ ਚੁੱਕੇ ਹਨ, ਕਿਉਂਕਿ  ਫੈਕਟਰੀਆਂ ਤੋਂ ਨਿਕਲਣ ਵਾਲਾ ਧੂੰਆਂ ਬੰਦ ਹੈ ।

ਲਾਕਡਾਊਨ ਦਾ ਜ਼ਿੰਦਗੀ ਤੇ ਬਹੁਤ ਜ਼ਿਆਦਾ ਅਸਰ ਪਿਆ ਹੈ। ਕਹਿਣ ਦਾ ਮਤਲਬ ਹੈ ਕਿ ਸਾਨੂੰ ਵਧੀਆ ਜ਼ਿੰਦਗੀ ਜਿਊਣ ਲਈ ਬਹੁਤ ਜ਼ਿਆਦਾ ਪੈਸੇ ਦੀ ਹੋੜ ਨਹੀਂ ਹੋਣੀ ਚਾਹੀਦੀ। ਸਾਨੂੰ ਸੀਮਿਤ ਸਾਧਨਾਂ ਵਿੱਚ ਹੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਇਹ ਅੱਜ ਸਾਨੂੰ ਲਾਕਡਾਊਨ ਨੇ ਸਿਖਾ ਦਿੱਤਾ ਹੈ। ਸੋ ਸਾਨੂੰ ਸਾਰਿਆਂ ਨੂੰ ਹੀ ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਵਧੀਆ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ ।


rajwinder kaur

Content Editor

Related News