ਅਮਰੀਕਾ ਜਾਣ ਦੇ ਚਾਹਵਾਨਾਂ ਲਈ ਸਾਹਮਣੇ ਆਈ ਬੇਹੱਦ ਚੰਗੀ ਤੇ ਮਾੜੀ ਖ਼ਬਰ, ਜਾਣੋ ਕੀ ਹਨ ਨਵੇਂ ਬਦਲਾਅ

04/04/2024 6:03:44 AM

ਜਲੰਧਰ (ਇੰਟ.)– ਭਾਰਤ ਦੇ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ ਆਪਣੀ ਵੀਜ਼ਾ ਅਪੁਆਇੰਟਮੈਂਟ ਪ੍ਰਕਿਰਿਆ ’ਚ ਬਦਲਾਅ ਕੀਤਾ ਹੈ ਤਾਂ ਜੋ ਅਮਰੀਕਾ ਜਾਣ ਵਾਲੇ ਭਾਰਤੀਆਂ ਨੂੰ ਵੀਜ਼ਾ ਜਲਦੀ ਮਿਲ ਸਕੇ। ਅਮਰੀਕੀ ਰਾਜਦੂਤ ਗਾਰਸੇਟੀ ਨੇ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੇ ਉਨ੍ਹਾਂ ਨੂੰ ਭਾਰਤ ’ਚ ਵੀਜ਼ਾ ਲਈ ਉਡੀਕ ਸਮਾਂ ਘਟਾਉਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗ੍ਰੀਨ ਕਾਰਡ ਬੈਕਲਾਗ ਦਾ ਮੁੱਦਾ ਵੀ ਵੱਡੀ ਸਮੱਸਿਆ ਹੈ ਤੇ ਇਸ ਨੂੰ ਵੀ ਜਲਦੀ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਹੁਕਮ ਨਾਲ ਉਡੀਕ ਸਮਾਂ 75 ਫ਼ੀਸਦੀ ਤੱਕ ਘੱਟ ਜਾਵੇਗਾ। ਦੂਜੇ ਪਾਸੇ ਅਮਰੀਕਾ ਨੇ ਕਈ ਵੀਜ਼ਾ ਸ਼੍ਰੇਣੀਆਂ ਲਈ ਅਰਜ਼ੀਆਂ ਦੀ ਫੀਸ ’ਚ ਵੱਡਾ ਵਾਧਾ ਕੀਤਾ ਹੈ।

ਅਮਰੀਕਾ ’ਚ ਵੱਧ ਰਹੀ ਭਾਰਤੀ ਵਿਦਿਆਰਥੀਆਂ ਦੀ ਗਿਣਤੀ
ਅਮਰੀਕੀ ਰਾਜਦੂਤ ਨੇ ਕਿਹਾ ਕਿ ਭਾਵੇਂ ਗੱਲ ਪ੍ਰਵਾਸੀਆਂ ਦੀ ਹੋਵੇ, ਗ੍ਰੀਨ ਕਾਰਡ ਜਾਂ ਪੱਕੀ ਨਾਗਰਿਕਤਾ ਲੈਣ ਵਾਲੇ ਲੋਕਾਂ ਦੀ ਹੋਵੇ, ਸਾਰੇ ਦੇਸ਼ਾਂ ਵਾਂਗ ਅਮਰੀਕਾ ’ਚ ਵੀ ਕਿਸੇ ਵੀ ਕੰਮ ਲਈ ਕੁਝ ਵਿਧਾਨਕ ਹੱਦਾਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮਾਪਦੰਡ ਭਾਰਤੀਆਂ ਲਈ ਨਿਰਾਸ਼ਾਜਨਕ ਹਨ ਕਿਉਂਕਿ ਇਥੇ ਬਹੁਤ ਸਾਰੇ ਭਾਰਤੀ ਹਨ, ਜੋ ਅਮਰੀਕਾ ਜਾਣਾ ਚਾਹੁੰਦੇ ਹਨ। ਗਾਰਸੇਟੀ ਨੇ ਕਿਹਾ ਕਿ ਅਮਰੀਕਾ ਦਾ ਵੀਜ਼ਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ’ਚ ਭਾਰਤ ਮੈਕਸੀਕੋ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਸਾਲ 2023 ’ਚ 2,45,000 ਤੋਂ ਵੱਧ ਭਾਰਤੀ ਵਿਦਿਆਰਥੀ ਵੀਜ਼ਾ ਲੈ ਕੇ ਅਮਰੀਕਾ ਗਏ ਸਨ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਲਿਖੀ ਚਿੱਠੀ, ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਮੰਗੀ ਇਜਾਜ਼ਤ

ਤਿੰਨ ਤਰ੍ਹਾਂ ਦੀਆਂ ਵੀਜ਼ਾ ਫੀਸਾਂ ’ਚ ਵਾਧਾ
ਦੂਜੇ ਪਾਸੇ ਅਮਰੀਕਾ ਜਾਣ ਲਈ ਐੱਚ-1ਬੀ, ਐੱਲ-1 ਤੇ ਈ.ਬੀ.-5 ਵੀਜ਼ਾ ਲਈ ਅਰਜ਼ੀਆਂ ਦੀ ਫੀਸ ਵਧਾ ਦਿੱਤੀ ਗਈ ਹੈ। ਇਹ ਸਾਰੇ ਗੈਰ-ਪ੍ਰਵਾਸੀ ਵੀਜ਼ਾ ਸ਼੍ਰੇਣੀ ’ਚ ਆਉਂਦੇ ਹਨ। H-1B ਵਿਦੇਸ਼ੀ ਹੁਨਰਮੰਦਾਂ ਨੂੰ ਅਮਰੀਕੀ ਕੰਪਨੀਆਂ ਲਈ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਦੇ ਨਾਲ ਹੀ ਐੱਲ-1 ਉਨ੍ਹਾਂ ਕਰਮਚਾਰੀਆਂ ਲਈ ਹੈ, ਜੋ ਕੰਪਨੀ ਅੰਦਰ ਦੇਸ਼ ਬਦਲ ਕੇ ਟਰਾਂਸਫਰ ਕੀਤੇ ਜਾਂਦੇ ਹਨ। ਈ.ਬੀ.-5 ਨਿਵੇਸ਼ ਰਾਹੀਂ ਅਮਰੀਕਾ ’ਚ ਰਹਿਣ ਦਾ ਰਸਤਾ ਪ੍ਰਦਾਨ ਕਰਦਾ ਹੈ। ਅਮਰੀਕਾ ਆਉਣ ਵਾਲੇ ਜ਼ਿਆਦਾਤਰ ਭਾਰਤੀ ਐੱਚ-1ਬੀ, ਐੱਲ-1 ਤੇ ਈ.ਬੀ.-5 ਵੀਜ਼ਾ ਦੀ ਵਰਤੋਂ ਕਰਦੇ ਹਨ।

ਐੱਚ-1ਬੀ ਵੀਜ਼ਾ ਲਈ ਦੇਣੇ ਪੈਣਗੇ 64 ਹਜ਼ਾਰ ਰੁਪਏ
ਜੇਕਰ ਤੁਸੀਂ ਐੱਚ-1ਬੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਫਾਰਮ ਆਈ-129 ਦੀ ਲੋੜ ਹੈ। ਇਸ ਦੀ ਮੌਜੂਦਾ ਫੀਸ 460 ਅਮਰੀਕੀ ਡਾਲਰ (ਲਗਭਗ 38,000 ਰੁਪਏ) ਹੈ, ਜੋ ਵੱਧ ਕੇ 780 ਅਮਰੀਕੀ ਡਾਲਰ (64,000 ਰੁਪਏ ਤੋਂ ਵੱਧ) ਹੋ ਜਾਵੇਗੀ। ਇਸ ਤੋਂ ਇਲਾਵਾ ਐੱਚ-1ਬੀ ਰਜਿਸਟ੍ਰੇਸ਼ਨ ਫੀਸ ਵੀ ਵਧਣ ਜਾ ਰਹੀ ਹੈ। ਫਿਲਹਾਲ ਇਹ 10 ਡਾਲਰ (ਲਗਭਗ 829 ਰੁਪਏ) ਹੈ, ਜੋ ਅਗਲੇ ਵਿੱਤੀ ਸਾਲ ਤੋਂ ਵੱਧ ਕੇ 215 ਡਾਲਰ (ਲਗਭਗ 17 ਹਜ਼ਾਰ ਰੁਪਏ) ਹੋ ਜਾਵੇਗੀ। ਐੱਲ-1 ਵੀਜ਼ਾ ਦੀ ਫੀਸ 460 ਅਮਰੀਕੀ ਡਾਲਰ (ਲਗਭਗ 38 ਹਜ਼ਾਰ ਰੁਪਏ) ਹੈ, ਜੋ 1 ਅਪ੍ਰੈਲ ਤੋਂ ਵੱਧ ਕੇ 1,385 ਅਮਰੀਕੀ ਡਾਲਰ (ਲਗਭਗ 1 ਲੱਖ 10 ਹਜ਼ਾਰ ਰੁਪਏ) ਹੋ ਜਾਵੇਗੀ।

ਈ.ਬੀ.-5 ਵੀਜ਼ਾ ਦੀ ਫੀਸ ਹੁਣ 9 ਲੱਖ ਰੁਪਏ
ਇਸੇ ਤਰ੍ਹਾਂ ਈ.ਬੀ.-5 ਵੀਜ਼ਾ ਨੂੰ ਨਿਵੇਸ਼ਕ ਵੀਜ਼ਾ ਵਜੋਂ ਵੀ ਜਾਣਿਆ ਜਾਂਦਾ ਹੈ। ਮੌਜੂਦਾ ਸਮੇਂ ’ਚ ਈ.ਬੀ.-5 ਲਈ 3,675 ਡਾਲਰ (ਲਗਭਗ 3 ਲੱਖ ਰੁਪਏ) ਦਾ ਭੁਗਤਾਨ ਕਰਨਾ ਪੈਂਦਾ ਹੈ। 1 ਅਪ੍ਰੈਲ ਤੋਂ ਇਹ ਵੱਧ ਕੇ 11,160 ਡਾਲਰ (ਲਗਭਗ 9 ਲੱਖ ਰੁਪਏ) ਹੋ ਜਾਵੇਗੀ। ਈ.ਬੀ.-5 ਵੀਜ਼ਾ ਅਮਰੀਕੀ ਸਰਕਾਰ ਨੇ 1990 ’ਚ ਸ਼ੁਰੂ ਕੀਤਾ ਸੀ। ਇਸ ਨਿਯਮ ਤਹਿਤ ਕਿਸੇ ਵੀ ਦੇਸ਼ ਦਾ ਵਿਅਕਤੀ ਅਮਰੀਕੀ ਕਾਰੋਬਾਰ ’ਚ ਘੱਟੋ-ਘੱਟ 5 ਲੱਖ ਅਮਰੀਕੀ ਡਾਲਰ ਦਾ ਨਿਵੇਸ਼ ਕਰਕੇ ਆਪਣੇ ਤੇ ਆਪਣੇ ਪਰਿਵਾਰ ਲਈ ਵੀਜ਼ਾ ਪ੍ਰਾਪਤ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News