ਸ਼ਿਓਮੀ ਨੇ ਚੋਰੀ ਕੀਤਾ ਪੇਟੈਂਟ : ਕੂਲਪੈਡ
Tuesday, May 15, 2018 - 01:34 AM (IST)
ਨਵੀਂ ਦਿੱਲੀ (ਇੰਟ.)-ਚੀਨ ਦੇ ਸਮਾਰਟਫੋਨ ਬਣਾਉਣ ਵਾਲੇ ਗਰੁੱਪ ਕੂਲਪੈਡ ਨੇ ਕਿਹਾ ਕਿ ਉਸ ਦੇ ਯੂਨਿਟ ਨੇ ਸ਼ਿਯੋਮੀ ਦੀ 3 ਗਰੁੱਪ ਫਰਮ 'ਤੇ ਪੇਟੈਂਟ ਉਲੰਘਣਾ ਕਰਨ ਲਈ 10 ਬਿਲੀਅਨ ਡਾਲਰ ਦੇ ਹਰਜਾਨੇ ਦਾ ਮੁਕੱਦਮਾ ਦਰਜ ਕੀਤਾ ਹੈ। ਕੂਲਪੈਡ ਨੇ ਆਪਣੇ ਇਕ ਬਿਆਨ 'ਚ ਦੱਸਿਆ ਕਿ ਉਸ ਦੀ ਸਬਸਿਡਰੀ ਕੰਪਨੀ ਯੂਲਾਂਗ ਕੰਪਿਊਟਰ ਟੈਲੀ ਕਮਿਊਨੀਕੇਸ਼ਨ ਸਾਇੰਟਿਫਿਕ (ਸ਼ੇਨਜੇਨ) ਕੰਪਨੀ ਲਿਮਟਿਡ ਨੇ ਸ਼ਿਯੋਮੀ ਟੈਲੀਕਾਮ ਟੈਕਨਾਲੋਜੀ ਕੰਪਨੀ ਲਿਮਟਿਡ, ਸ਼ਿਯੋਮੀ ਟੈਕਨਾਲੋਜੀ ਕੰਪਨੀ ਲਿਮਟਿਡ ਅਤੇ ਸ਼ਿਯੋਮੀ ਫੈਕਟਰੀ ਕੰਪਨੀ ਲਿਮਟਿਡ ਦੇ ਖਿਲਾਫ ਬਿਨਾਂ ਆਗਿਆ ਦੇ ਪੇਟੈਂਟ ਦੀ ਵਰਤੋਂ ਕਰਨ ਲਈ ਮੁਕੱਦਮਾ ਦਰਜ ਕੀਤਾ ਹੈ।
ਯੂਲਾਂਗ ਦੀ ਮੰਗ ਹੈ ਕਿ ਸ਼ਿਯੋਮੀ ਕੰਪਨੀਆਂ ਤੁਰੰਤ ਕੁਝ ਸਮਾਰਟਫੋਨ ਮਾਡਲਾਂ ਦਾ ਉਤਪਾਦਨ ਅਤੇ ਵਿਕਰੀ ਰੋਕ ਦੇਣ। ਇਨ੍ਹਾਂ ਸਮਾਰਟਫੋਨਸ 'ਚ ਐੱਮ. ਆਈ. ਐੱਮ. ਆਈ. ਐਕਸ.-2, ਸ਼ਿਯੋਮੀ ਰੈਡਮੀ ਨੋਟ 4 ਐਕਸ, ਐੱਮ. ਆਈ. 6, ਐੱਮ. ਆਈ. ਐੱਮ. ਏ. ਐਕਸ.-2, ਐੱਮ. ਆਈ. ਨੋਟ 3 ਅਤੇ ਐੱਮ. ਆਈ. 5 ਐਕਸ ਸ਼ਾਮਲ ਹਨ। ਇਸ ਤੋਂ ਪਹਿਲਾਂ ਜਨਵਰੀ 'ਚ ਵੀ ਯੂਲਾਂਗ ਨੇ ਸ਼ਿਯੋਮੀ ਦੇ ਖਿਲਾਫ ਅਜਿਹਾ ਹੀ ਲੀਗਲ ਕੇਸ ਸ਼ੇਨਜੇਨ ਕੋਰਟ 'ਚ ਦਰਜ ਕਰਵਾਇਆ ਸੀ।
ਕੂਲਪੈਡ ਦਾ ਦੋਸ਼ ਹੈ ਕਿ ਸ਼ਿਯੋਮੀ ਨੇ ਉਸ ਦੇ ਮਲਟੀ-ਸਿਮਕਾਰਡ ਡਿਜ਼ਾਈਨ ਤੇ ਕੁਝ ਹੋਰ ਯੂਜ਼ਰ ਇੰਟਰਫੇਸ ਨਾਲ ਸਬੰਧਤ ਟੈਕਨਾਲੋਜੀ 'ਚ ਪੇਟੈਂਟ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਕੂਲਪੈਡ ਦੀ ਮੰਗ ਹੈ ਕਿ ਸ਼ਿਯੋਮੀ ਇਸ ਉਲੰਘਣਾ ਲਈ ਹਰਜਾਨਾ ਭਰੇ। ਦੂਜੇ ਪਾਸੇ ਇਕ ਸਟੇਟਮੈਂਟ 'ਚ ਸ਼ਿਯੋਮੀ ਨੇ ਪੇਟੈਂਟ ਅਥਾਰਿਟੀ ਨੂੰ ਪੇਟੈਂਟ ਅਧਿਕਾਰ ਰੱਦ ਕਰਨ ਦੀ ਅਪੀਲ ਕੀਤੀ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ 'ਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ।
