ਵਿਦੇਸ਼ ਭੇਜਣ ਦੇ ਨਾਂ ’ਤੇ ਠੱਗਣ ਵਾਲੀ ਮਹਿਲਾ ਤੇ ਉਸ ਦੇ ਸਾਥੀ ਖਿਲਾਫ ਮਾਮਲਾ ਦਰਜ

Sunday, May 20, 2018 - 01:26 AM (IST)

ਵਿਦੇਸ਼ ਭੇਜਣ ਦੇ ਨਾਂ ’ਤੇ  ਠੱਗਣ  ਵਾਲੀ ਮਹਿਲਾ  ਤੇ ਉਸ ਦੇ ਸਾਥੀ ਖਿਲਾਫ ਮਾਮਲਾ ਦਰਜ

 ਬੰਗਾ,  (ਚਮਨ ਲਾਲ/ਰਾਕੇਸ਼)-  ਬੰਗਾ ਸਿਟੀ ਪੁਲਸ ਨੇ  ਇਕ ਅੌਰਤ ਵਿਰੁੱਧ 39 ਲੱਖ ਰੁਪਏ ’ਚ ਵਿਦੇਸ਼ ਭੇਜਣ ਦੇ ਝਾਂਸੇ ਤਹਿਤ 19 ਲੱਖ ਰੁਪਏ ਲੈ ਕੇ ਠੱਗੀ ਮਾਰਨ ਦੇ 2 ਮਾਮਲੇ ਦਰਜ ਕੀਤੇ ਹਨ। 
 ਜਾਣਕਾਰੀ ਅਨੁਸਾਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰਟੈਂਡਾ ਵਾਸੀ ਪਰਮਿੰਦਰ ਕੌਰ ਪਤਨੀ ਸਵ. ਜਗਦੀਸ਼ ਸਿੰਘ ਨੇ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੂੰ ਨਵੰਬਰ, 2017 ’ਚ ਇਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਵਰਕ ਪਰਮਿਟ ’ਤੇ ਵਿਦੇਸ਼ ਭੇਜ਼ਣ ਲਈ 9 ਲੱਖ ਰੁਪਏ ਦਾ ਸੌਦਾ ਕਿਰਨ ਬਾਂਸਲ ਪਤਨੀ ਵਿਪਨ ਕੁਮਾਰ ਵਾਸੀ ਸੁਭਾਸ਼ ਨਗਰ, ਗ੍ਰੀਨ ਲੈਂਡ ਕਾਨਵੈਂਟ ਸਕੂਲ, ਰੇਲਵੇ ਰੋਡ ਬੰਗਾ ਨਾਲ ਕੀਤਾ  ਸੀ।  9 ਲੱਖ ’ਚੋਂ ਕਿਰਨ ਬਾਲਾ ਨੇ ਉਨ੍ਹਾਂ ਕੋਲੋਂ 5 ਲੱਖ ਰੁਪਏ ਦੀ ਰਾਸ਼ੀ ਨਕਦ ਲੈ ਕੇ ਉਸ ਦੇ ਬੇਟੇ ਦਾ ਪਾਸਪੋਰਟ ਵੀ ਲੈ ਲਿਆ ਸੀ ਪਰ ਵਿਦੇਸ਼ ਦਾ ਕੰਮ ਨਾ ਬਣਨ ਕਰ ਕੇ ਕਿਰਨ ਬਾਂਸਲ ਨੇ 5 ਲੱਖ ਰੁਪਏ ਨਕਦ ਦੇਣ ਦੀ ਥਾਂ  ਉਸ ਨੂੰ 5 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਜੋ ਬਾਊਂਸ ਹੋ ਗਿਆ।  ਜਦੋਂ ਮੈਂ ਕਿਰਨ ਨਾਲ ਚੈੱਕ ਬਾਊਂਸ ਬਾਰੇ ਗੱਲਬਾਤ ਕੀਤੀ ਤਾਂ ਉਸ ਨੇ 1 ਲੱਖ ਰੁਪਏ ਨਕਦ ਤੇ 4 ਲੱਖ ਰੁਪਏ ਦਾ ਨਵਾਂ ਚੈੱਕ ਉਸ ਨੂੰ ਦੇ ਦਿੱਤਾ ਪਰ ਉਹ ਵੀ ਬਾਊਂਸ ਹੋ ਗਿਆ। 
 ®ਇਸੇ ਤਰ੍ਹਾਂ ਜਥੇਦਾਰ ਟਹਿਲ ਸਿੰਘ ਪੁੱਤਰ ਗਰਜਾ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਤੇ ਮੰਗਲ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਰਹਿਮਾਬਾਦ (ਲੁਧਿਆਣਾ), ਸਿਕੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਾਛੀਵਾਡ਼ਾ ਨੇ ਉਕਤ ਕਿਰਨ ਬਾਂਸਲ ਖਿਲਾਫ਼ ਆਪਣੀ ਸ਼ਿਕਾਇਤ ਜ਼ਿਲਾ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ  ਨੂੰ ਸਤੰਬਰ, 2017 ’ਚ ਦਿੱਤੀ ਸੀ। 
 ਉਨ੍ਹਾਂ ਦੱਸਿਆ ਕਿ ਉਹ ਇਕ ਰਾਗੀ ਜਥੇ ’ਚ ਕੰਮ ਕਰਦੇ ਹਨ ਤੇ ਬੰਗਾ ਵਾਸੀ ਕਿਰਨ ਬਾਂਸਲ ਨੇ ਉਨ੍ਹਾਂ  ਨੂੰ 30 ਲੱਖ ਰੁਪਏ ਲੈ ਕੇ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਹੈ ਤੇ ਉਨ੍ਹਾਂ  ਨੂੰ ਇਹ ਕਹਿ ਕੇ 15 ਲੱਖ ਰੁਪਏ ਲੈ ਲਏ ਕਿ ਉਹ ਉਨ੍ਹਾਂ ਨੂੰ  ਬਤੌਰ ਰਾਗੀ ਜਥਾ ਕੈਨੇਡਾ ’ਚ ਪ੍ਰੋਗਰਾਮ ’ਤੇ ਭੇਜ ਦੇਵੇਗੀ ਪਰ ਜਦੋਂ ਕੁਝ ਦਿਨਾਂ ਬਾਅਦ ਅਸੀਂ ਉਸ ਵੱਲੋਂ ਦਿੱਤੇ ਪਤੇ ’ਤੇ ਗਏ ਤਾਂ ਉਹ ਨਹੀਂ ਮਿਲੀ ਤੇ ਨਾ ਹੀ ਉਨ੍ਹਾਂ ਦਾ ਫੋਨ ਚੁੱਕਦੀ ਹੈ। ਪੁਲਸ ਨੇ ਸ਼ਿਕਾਇਤ ਦੀ ਜਾਂਚ ਮਗਰੋਂ ਉਕਤ ਅੌਰਤ ਤੇ ਉਸ ਦੇ ਵਿਦੇਸ਼ ਬੈਠੇ ਇਕ ਹੋਰ ਸਾਥੀ ਮੇਜਰ ਪੁੱਤਰ ਬਖਸ਼ੀਸ਼ ਸਿੰਘ ਵਾਸੀ ਮਜਾਰੀ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭੀ ਹੈ। 


Related News