ਜਾਣੋ, ਆਖ਼ਰ ਫਿੱਟਨੈਸ ਆਈਕਾਨ ਵਿਰਾਟ ਨੂੰ ਕਿਉਂ ਹੈ ਆਰਾਮ ਦੀ ਜ਼ਰੂਰਤ

05/26/2018 5:04:46 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਗਰਦਨ 'ਤੇ ਸੱਟ ਦੇ ਕਾਰਨ ਇੰਗਲਿਸ਼ ਕਾਉਂਟੀ ਕ੍ਰਿਕਟ ਨਹੀਂ ਖੇਡ ਸਕਣਗੇ। ਹੁਣ 15 ਜੂਨ ਨੂੰ ਹੋਣ ਵਾਲੇ ਫਿੱਟਨੈਸ ਟੈਸਟ ਦੇ ਬਾਅਦ ਹੀ ਉਨ੍ਹਾਂ ਦੇ ਇੰਗਲੈਂਡ ਦੌਰੇ ਨੂੰ ਲੈ ਕੇ ਤਸਵੀਰ ਸਾਫ਼ ਹੋ ਸਕੇਗੀ। ਕੋਹਲੀ ਦੀ ਤਕਲੀਫ ਦੇ ਪਿੱਛੇ ਬਹੁਤ ਜ਼ਿਆਦਾ ਕ੍ਰਿਕਟ ਖੇਡਣ ਨੂੰ ਵੀ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਕੋਹਲੀ ਵਰਤਮਾਨ ਸਮੇਂ 'ਚ ਵਰਲਡ ਕ੍ਰਿਕਟ ਦੇ ਸਭ ਤੋਂ ਫਿੱਟ ਖਿਡਾਰੀਆਂ ਵਿੱਚੋਂ ਇੱਕ ਹਨ। 

ਪਿਛਲੇ ਕੁਝ ਸਾਲਾਂ ਦੇ ਅੰਕੜੇ ਦੱਸਦੇ ਹਨ ਕਿ ਕੋਹਲੀ ਨੇ ਇਸ ਦੌਰਾਨ ਲਗਾਤਾਰ ਪਸੀਨਾ ਵਹਾਇਆ ਹੈ। ਪਿਛਲੇ ਦੋ ਸਾਲਾਂ ਵਿੱਚ ਭਾਰਤੀ ਟੀਮ ਦੁਆਰਾ ਖੇਡੇ ਗਏ ਕੁਲ 95 ਅੰਤਰਰਾਸ਼ਟਰੀ ਮੈਚਾਂ ਵਿੱਚੋਂ 76 ਵਿੱਚ ਉਹ ਟੀਮ ਦਾ ਹਿੱਸਾ ਰਹੇ ਹਨ। ਇਸ ਦੌਰਾਨ ਕੋਹਲੀ ਨੇ 25 ਟੈਸਟ, 37 ਵਨਡੇ ਮੈਚਾਂ ਦੇ ਇਲਾਵਾ 14 ਟੀ-20 ਮੈਚ ਖੇਡੇ ਹਨ।  

ਪਿਛਲੇ ਇੱਕ ਸਾਲ ਵਿੱਚ ਤਾਂ ਕੋਹਲੀ ਭਾਰਤੀ ਟੀਮ ਦੁਆਰਾ ਖੇਡੇ ਗਏ ਸਾਰੇ 9 ਟੈਸਟ ਮੈਚਾਂ ਵਿੱਚ ਟੀਮ ਦਾ ਹਿੱਸਾ ਰਹੇ ਹਨ। ਇਸਦੇ ਇਲਾਵਾ ਇਸ ਮਿਆਦ ਵਿੱਚ ਹੋਏ 32 ਵਨਡੇ ਮੈਚਾਂ ਵਿੱਚੋਂ 29 ਵਿੱਚ ਉਹ ਟੀਮ ਦਾ ਹਿੱਸਾ ਰਹੇ। ਨਾਲ ਹੀ ਇਸ ਦੌਰਾਨ ਸਭ ਤੋਂ ਜ਼ਿਆਦਾ ਮੈਚ ਖੇਡਣ ਦੇ ਮਾਮਲੇ ਵਿੱਚ ਕੋਹਲੀ ਸਿਰਫ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਤੋਂ ਪਿੱਛੇ ਹਨ। ਇਨ੍ਹਾਂ ਦੋਨਾਂ ਨੇ 48 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਦੋਂ ਕਿ ਵਿਰਾਟ 47 ਮੈਚਾਂ ਦਾ ਹਿੱਸਾ ਰਹੇ ਹਨ। ਵਿਰਾਟ ਨੇ ਇਨ੍ਹਾਂ ਅੰਤਰਰਾਸ਼ਟਰੀ ਮੈਚਾਂ ਦੇ ਇਲਾਵਾ ਪਿਛਲੇ ਦੋ ਸਾਲਾਂ ਵਿੱਚ ਆਈ.ਪੀ.ਐੱਲ. ਦੇ ਤਿੰਨ ਸੀਜ਼ਨ ਵਿੱਚ 40 ਮੈਚ ਖੇਡੇ ਹਨ। 

ਵਿਰਾਟ ਨੇ ਨਾ ਸਿਰਫ ਟੀਮ ਵੱਲੋਂ ਕਾਫ਼ੀ ਜ਼ਿਆਦਾ ਮੈਚ ਖੇਡੇ ਹਨ, ਸਗੋਂ ਇਸ ਦੌਰਾਨ ਦੌੜਾਂ ਦਾ ਪਹਾੜ ਵੀ ਖੜ੍ਹਾ ਕਰ ਦਿੱਤਾ ਹੈ। ਕੋਹਲੀ ਨੇ ਦੋ ਸਾਲਾਂ ਦੇ ਦੌਰਾਨ ਖੇਡੇ ਗਏ 76 ਅੰਤਰਰਾਸ਼ਟਰੀ ਮੈਚਾਂ (ਟੈਸਟ, ਵਨਡੇ ਅਤੇ ਟੀ-20) ਵਿੱਚ 73 ਦੀ ਸ਼ਾਨਦਾਰ ਔਸਤ ਨਾਲ 5278 ਦੌੜਾਂ ਬਣਾਈਆਂ ਹਨ, ਜਿਸ ਵਿੱਚ 20 ਸੈਂਕੜੇ ਵੀ ਸ਼ਾਮਿਲ ਹਨ। ਇਸ ਦੌਰਾਨ ਆਈ.ਪੀ.ਐੱਲ ਦੇ 40 ਮੈਚਾਂ ਵਿੱਚ ਵੀ ਕੋਹਲੀ ਨੇ 1811 ਦੌੜਾਂ ਬਣਾਈਆਂ ਹਨ, ਜਿਸ ਵਿੱਚ 7 ਸੈਂਕੜੇ ਅਤੇ 15 ਅਰਧ ਸੈਂਕੜੇ ਜੜੇ ਹਨ। 

ਕੋਹਲੀ ਨੇ ਟੀਮ ਇੰਡੀਆ ਦੇ ਥਕਾਣ ਵਾਲੇ ਪਰੋਗਰਾਮਾਂ ਦੇ ਵਿਚਾਲੇ ਆਪਣੇ ਆਪ ਨੂੰ ਆਰਾਮ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ । ਇਸਦੇ ਲਈ ਵਿਰਾਟ ਨੇ ਦਸੰਬਰ ਵਿੱਚ ਸ਼੍ਰੀਲੰਕਾ ਦੇ ਦੌਰੇ 'ਤੇ ਆਰਾਮ ਕਰਨ ਦਾ ਫੈਸਲਾ ਕੀਤਾ ਅਤੇ ਨਾਲ ਹੀ ਉਹ ਇਸ ਸਾਲ ਮਾਰਚ ਵਿੱਚ ਨਿਦਾਹਾਸ ਟਰਾਫੀ ਵਿੱਚ ਵੀ ਟੀਮ ਦਾ ਹਿੱਸਾ ਨਹੀਂ ਰਹੇ ਸਨ।


Related News