ਅਮੇਠੀ ਛੱਡ ਪਰਿਵਾਰ ਦੀ ਰਵਾਇਤੀ ਸੀਟ ਰਾਏਬਰੇਲੀ ਤੋਂ ਕਿਉਂ ਉਤਰੇ ਰਾਹੁਲ ਗਾਂਧੀ, ਜਾਣੋ ਕਾਂਗਰਸ ਦੀ ਰਣਨੀਤੀ

Saturday, May 04, 2024 - 01:32 PM (IST)

ਅਮੇਠੀ ਛੱਡ ਪਰਿਵਾਰ ਦੀ ਰਵਾਇਤੀ ਸੀਟ ਰਾਏਬਰੇਲੀ ਤੋਂ ਕਿਉਂ ਉਤਰੇ ਰਾਹੁਲ ਗਾਂਧੀ, ਜਾਣੋ ਕਾਂਗਰਸ ਦੀ ਰਣਨੀਤੀ

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੀਆਂ ਹਾਈਪ੍ਰੋਫਾਈਲ ਅਮੇਠੀ ਅਤੇ ਰਾਏਬਰੇਲੀ ਲੋਕ ਸਭਾ ਸੀਟਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਸੋਨੀਆ ਗਾਂਧੀ ਦੇ ਸੰਸਦ ਪ੍ਰਤੀਨਿਧੀ ਰਹੇ ਕਿਸ਼ੋਰੀ ਲਾਲ ਸ਼ਰਮਾ ਨੇ ਅਮੇਠੀ ਅਤੇ ਰਾਹੁਲ ਗਾਂਧੀ ਨੇ ਰਾਏਬਰੇਲੀ ਲੋਕ ਸਭਾ ਸੀਟ ਤੋਂ ਪਰਚਾ ਭਰਿਆ। ਰਾਹੁਲ ਗਾਂਧੀ ਪਹਿਲੀ ਵਾਰ ਰਾਏਬਰੇਲੀ ਸੀਟ ਤੋਂ ਚੋਣ ਮੈਦਾਨ 'ਚ ਹਨ। 2004 ਤੋਂ 2019 ਦੀਆਂ ਚੋਣਾਂ ਤੱਕ ਰਾਹੁਲ ਅਮੇਠੀ ਸੀਟ ਤੋਂ ਕਾਂਗਰਸ ਦੇ ਟਿਕਟ 'ਤੇ ਚੋਣ ਲੜਦੇ ਆਏ ਹਨ। ਉਹ ਇਸ ਸੀਟ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੇ ਅਤੇ ਪਿਛਲੀਆਂ ਚੋਣਾਂ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰਾਹੁਲ ਗਾਂਧੀ ਦੇ ਅਮੇਠੀ ਤੋਂ ਚੋਣ ਨਾ ਲੜਨ 'ਤੇ ਭਾਜਪਾ ਦੀ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਗਾਂਧੀ ਪਰਿਵਾਰ 'ਤੇ ਹਮਲਾ ਬੋਲਿਆ ਹੈ। ਸਮ੍ਰਿਤੀ ਨੇ ਕਿਹਾ ਕਿ ਅਮੇਠੀ ਤੋਂ ਗਾਂਧੀ ਪਰਿਵਾਰ ਦਾ ਨਾ ਲੜਨਾ ਸੰਕੇਤ ਹੈ ਕਿ ਚੋਣਾਂ ਤੋਂ ਪਹਿਲਾਂ ਬਿਨਾਂ ਵੋਟ ਪਏ ਹੀ ਕਾਂਗਰਸ ਨੇ ਆਪਣੀ ਹਾਰ ਮੰਨ ਲਈ ਹੈ। ਉੱਥੇ ਇਸ ਵਿਚ ਚਰਚਾ ਇਹ ਹੈ ਕਿ ਰਾਹੁਲ ਆਪਣੀ ਸੀਟ ਅਮੇਠੀ ਛੱਡ ਕੇ ਰਾਏਬਰੇਲੀ ਤੋਂ ਕਿਉਂ ਉਤਰੇ ਹਨ?

ਰਾਏਬਰੇਲੀ ਗਾਂਧੀ ਪਰਿਵਾਰ ਦੀ ਹੈ ਰਵਾਇਤੀ ਸੀਟ

ਰਾਏਬਰੇਲੀ ਸੀਟ ਨਹਿਰੂ-ਗਾਂਧੀ ਪਰਿਵਾਰ ਦੀ ਰਵਾਇਤੀ ਸੀਟ ਰਹੀ ਹੈ। ਇਸ ਸੀਟ ਤੋਂ ਫਿਰੋਜ਼ ਗਾਂਧੀ ਤੋਂ ਲੈ ਕੇ ਇੰਦਰਾ ਗਾਂਧੀ, ਅਰੁਣ ਨਹਿਰੂ ਅਤੇ ਸੋਨੀਆ ਗਾਂਧੀ ਤੱਕ ਸੰਸਦ ਪਹੁੰਚਦੇ ਰਹੇ ਹਨ। ਹੁਣ ਸੋਨੀਆ ਗਾਂਧੀ ਰਾਜਸਥਾਨ ਤੋਂ ਰਾਜ ਸਭਾ ਜਾ ਚੁੱਕੀ ਹੈ ਅਤੇ ਪਰਿਵਾਰ ਦੇ ਇਸ ਗੜ੍ਹ ਤੋਂ ਪਰਿਵਾਰ ਦੇ ਹੀ ਕਿਸੇ ਮੈਂਬਰ ਨੂੰ ਚੋਣ ਲੜਾਉਣ ਦੀ ਮੰਗ ਸਥਾਨਕ ਪੱਧਰ 'ਤੇ ਤੇਜ਼ੀ ਨਾਲ ਉੱਠ ਰਹੀ ਸੀ। ਦੱਸਣਯੋਗ ਹੈ ਕਿ ਰਾਏਬਰੇਲੀ ਦੀ ਸੰਸਦ ਮੈਂਬਰ ਰਹੀ ਸ਼੍ਰੀਮਤੀ ਸੋਨੀ ਗਾਂਧੀ ਨੇ ਸਿਹਤ ਕਾਰਨਾਂ ਕਰ ਕੇ ਰਾਜ ਸਭਾ ਜਾਂਦੇ ਹੋਏ ਇੱਥੇ ਦੀ ਜਨਤਾ ਨੂੰ ਇਕ ਭਾਵੁਕ ਚਿੱਠੀ ਲਿਖੀ ਸੀ ਕਿ ਉਨ੍ਹਾਂ ਦੇ ਸਥਾਨ 'ਤੇ ਉਨ੍ਹਾਂ ਦੇ ਪਰਿਵਾਰ ਦਾ ਹੀ ਕੋਈ ਵਿਅਕਤੀ ਇੱਥੋਂ ਚੋਣ ਲੜੇਗਾ।

ਚੋਣ ਲੜਨ ਨੂੰ ਤਿਆਰ ਨਹੀਂ ਪ੍ਰਿਯੰਕਾ

ਫਿਰੋਜ਼ ਗਾਂਧੀ ਅਤੇ ਇੰਦਰਾ ਗਾਂਧੀ ਨੂੰ ਛੱਡ ਦੇਈਏ ਤਾਂ ਨਹਿਰੂ-ਗਾਂਧੀ ਪਰਿਵਾ ਦੇ ਮੈਂਬਰ ਚੋਣ ਡੈਬਿਊ ਦਾ ਲਾਂਚਿੰਗ ਪੈਡ ਅਮੇਠੀ ਸੀਟ ਹੀ ਰਹੀ ਹੈ। ਸੰਜੇ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੱਕ ਆਪਣੀ ਪਹਿਲੀ ਚੋਣ 'ਚ ਅਮੇਠੀ ਸੀਟ ਤੋਂ ਹੀ ਮੈਦਾਨ 'ਚ ਉਤਰੇ। ਇਸ ਵਾਰ ਪ੍ਰਿਯੰਕਾ ਗਾਂਧੀ ਦੇ ਸਿਆਸੀ ਡੈਬਿਊ ਦੇ ਕਿਆਸ ਲਗਾਏ ਜਾ ਰਹੇ ਸਨ ਅਤੇ ਮੰਨਿਆ ਜਾ ਰਿਹਾ ਸੀ ਕਿ ਪਾਰਟੀ ਉਨ੍ਹਾਂ ਨੂੰ 'ਪਰਿਵਾਰ ਦੇ ਲਾਂਚਿੰਗ ਪੈਡ' ਅਮੇਠੀ ਸੀਟ ਤੋਂ ਮੈਦਾਨ 'ਚ ਉਤਾਰ ਸਕਦੀ ਹੈ ਪਰ ਪ੍ਰਿਯੰਕਾ ਗਾਂਧਈ ਚੋਣਾਂ ਲੜਨ ਲਈ ਤਿਆਰ ਨਹੀਂ ਹੋਈ। 

ਅਮੇਠੀ ਦੀ ਜਗ੍ਹਾ ਰਾਏਬਰੇਲੀ ਵੱਧ ਸੁਰੱਖਿਅਤ

ਰਾਹੁਲ ਗਾਂਧੀ ਅਮੇਠੀ ਸੀਟ ਤੋਂ ਚੋਣ ਲੜਦੇ ਰਹੇ ਹਨ। 2019 ਦੀਆਂ ਚੋਣਾਂ 'ਚ ਰਾਹੁਲ ਨੂੰ ਅਮੇਠੀ ਸੀਟ ਤੋਂ ਸਮ੍ਰਿਤੀ ਇਰਾਨੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਨੇ ਇਸ ਵਾਰ ਰਾਹੁਲ ਨੂੰ ਅਮੇਠੀ ਦੀ ਜਗ੍ਹਾ ਸੋਨੀਆ ਗਾਂਧੀ ਦੀ ਸੀਟ ਰਾਏਬਰੇਲੀ ਤੋਂ ਮੈਦਾਨ 'ਚ ਉਤਾਰਿਆ ਤਾਂ ਉਸ ਦੇ ਪਿੱਛੇ ਇਸ ਸੀਟ ਦਾ ਪੁਰਾਣੀ ਸੀਟ ਤੋਂ ਵੱਧ ਸੁਰੱਖਿਅਤ ਹੋਣਾ ਵੀ ਸੀ।

ਵਾਇਨਾਡ 'ਤੇ ਅਮੇਠੀ ਨੂੰ ਤਰਜੀਹ ਦੇਣਾ ਹੁੰਦਾ ਮੁਸ਼ਕਲ

ਰਾਹੁਲ ਗਾਂਧੀ ਜੇਕਰ ਅਮੇਠੀ ਸੀਟ ਤੋਂ ਚੋਣ ਲੜਦੇ ਅਤੇ ਉਹ ਕੇਰਲ ਦੀ ਵਾਇਨਾਡ ਨਾਲ ਇਸ ਸੀਟ ਤੋਂ ਵੀ ਚੋਣ ਜਿੱਤ ਜਾਂਦੇ ਤਾਂ ਉਨ੍ਹਾਂ ਲਈ ਕਿਸੇ ਇਕ ਸੀਟ ਦੀ ਚੋਣ ਕਰ ਪਾਉਣਾ ਮੁਸ਼ਕਲ ਹੋ ਜਾਂਦਾ। ਉਹ ਧਰਮਸੰਕਟ 'ਚ ਫਸ ਜਾਂਦੇ ਹਨ ਕਿ ਕਿਸ ਨੂੰ ਛੱਡਣ ਅਤੇ ਕਿਸ ਨੂੰ ਰੱਖਣ। ਅਮੇਠੀ ਸੀਟ ਨਾਲ ਵੀ ਗਾਂਧੀ ਪਰਿਵਾਰ ਦਾ ਭਾਵਨਾਤਮਕ ਲਗਾਵ ਰਿਹਾ ਹੈ ਪਰ ਵਾਇਨਾਡ 'ਤੇ ਇਸ ਨੂੰ ਤਰਜੀਹ ਦੇ ਪਾਉਣਾ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ, ਦੋਹਾਂ ਲਈ ਹੀ ਮੁਸ਼ਕਲ ਹੁੰਦਾ। ਰਾਏਬਰੇਲੀ ਅਤੇ ਵਾਇਨਾਡ ਦੋਵੇਂ ਸੀਟਾਂ ਤੋਂ ਚੋਣ ਜਿੱਤਣ ਦੀ ਸਥਿਤੀ 'ਚ ਪੁਰਾਣੇ ਗੜ੍ਹ ਦਾ ਹਵਾਲਾ ਦੇ ਕੇ ਰਾਹੁਲ ਗਾਂਧੀ ਇਸ ਨੂੰ ਚੁਣ ਸਕਦੇ ਹਨ। ਇਕ ਦੂਜੀ ਸਥਿਤੀ ਇਹ ਵੀ ਹੈ ਕਿ ਜੇਕਰ ਰਾਹੁਲ ਵਾਇਨਾਡ ਸੀਟ ਆਪਣੇ ਕੋਲ ਰੱਖਦੇ ਹਨ ਅਤੇ ਰਾਏਬਰੇਲੀ ਛੱਡਦੇ ਹਨ ਤਾਂ ਇਸ ਸੀਟ ਤੋਂ ਪਾਰਟੀ ਜ਼ਿਮਨੀ ਚੋਣ 'ਚ ਪ੍ਰਿਯੰਕਾ ਗਾਂਧੀ ਜਾਂ  ਕਿਸੇ ਹੋਰ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰ ਜਿੱਤ ਦੀ ਉਮੀਦ ਕਰ ਸਕਦੀ ਹੈ ਪਰ ਜ਼ਿਮਨੀ ਚੋਣ ਦੀ ਨੌਬਤ ਆਉਣ ਅਮੇਠੀ ਦੀ ਲੜਾਈ ਹੋਰ ਮੁਸ਼ਕਲ ਹੋ ਜਾਂਦੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News