ਅਣਪਛਾਤੇ ਵਿਅਕਤੀਆਂ ਨੇ ਠੇਕਿਆਂ ਨੂੰ ਲਾਈ ਅੱਗ

Friday, Jun 01, 2018 - 12:37 AM (IST)

ਅਣਪਛਾਤੇ ਵਿਅਕਤੀਆਂ ਨੇ ਠੇਕਿਆਂ ਨੂੰ ਲਾਈ ਅੱਗ

ਬਟਾਲਾ, (ਬੇਰੀ)- ਪਿੰਡ ਪੰਜਗਰਾਈਆਂ ਅਤੇ ਧੰਦੋਈ ਅੱਡੇ 'ਤੇ ਸਥਿਤ 2 ਸ਼ਰਾਬ ਦੇ ਠੇਕਿਆਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਅੱਗ ਲਾ ਦਿੱਤੀ। ਇਸ ਸੰਬੰਧ 'ਚ ਗੁਰਪ੍ਰੀਤ ਸਿੰਘ ਗੋਪੀ ਇੰਚਾਰਜ ਐਕਸਾਈਜ ਬਟਾਲਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਅੱਡਾ ਪੰਜਗਰਾਈਆਂ ਸਥਿਤ ਸ਼ਰਾਬ ਦੇ ਠੇਕਿਆਂ ਦੇ ਸ਼ਟਰ ਦੇ ਹੇਠਾਂ ਤੋਂ ਅਣਪਛਾਤੇ ਵਿਅਕਤੀਆਂ ਨੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ, ਜਿਸ ਨਾਲ ਵੱਡਾ ਫਰਿੱਜ ਤਾਂ ਸੜ ਗਿਆ ਪਰ ਬਾਕੀ ਨੁਕਸਾਨ ਹੋਣ ਤੋਂ ਬੱਚ ਗਿਆ ਹੈ। 
ਇਸੇ ਤਰ੍ਹਾਂ, ਅੱਡਾ ਧੰਦੋਈ ਵਿਖੇ ਸਥਿਤ ਦੂਸਰੇ ਸ਼ਰਾਬ ਦੇ ਠੇਕੇ 'ਚ ਬੀਤੀ ਰਾਤ ਕਰਿੰਦਾ ਸੁੱਤਾ ਹੋਇਆ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਥੇ ਵੀ ਠੇਕੇ 'ਚ ਬਣੀ ਖਿੜਕੀ 'ਚ ਅੱਗ ਲਗਾ ਦਿੱਤੀ, ਜਿਸ ਨਾਲ ਧਮਾਕਾ ਹੋਇਆ ਅਤੇ ਠੇਕੇ ਅੰਦਰ ਸੁੱਤਾ ਕਰਿੰਦਾ ਸਰਤਾਜ ਪੂੱਤਰ ਕੁੰਜਲ ਵਾਸੀ ਹਿਮਾਚਲ ਪ੍ਰਦੇਸ਼ ਉਠ ਗਿਆ ਅਤੇ ਉਸਨੇ ਅੱਗ ਨੂੰ ਕਿਸੇ ਤਰ੍ਹਾਂ ਨਾਲ ਬੁਝਾਇਆ। 
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਵੱਲੋਂ ਲਗਾਤਾਰ ਠੇਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਪੁਲਸ ਮੂਕ ਦਰਸ਼ਕ ਬਣੀ ਬੈਠੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠੇਕਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਠੇਕਿਆਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। 
ਘਟਨਾ ਦੀ ਸੂਚਨਾ ਮਿਲਣ 'ਤੇ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਐੱਸ. ਪੀ. ਵਰੁਣ ਸ਼ਰਮਾ ਆਈ. ਪੀ. ਐੱਸ., ਐੱਸ. ਪੀ. ਸੂਬਾ ਸਿੰਘ, ਡੀ. ਐੱਸ. ਪੀ. ਹਰੀਸ਼ਰਨ ਸ਼ਰਮਾ, ਐੱਸ. ਐੱਚ. ਓ. ਰੰਗੜ ਨੰਗਲ ਹਰੀਕ੍ਰਿਸ਼ਨ, ਐੱਸ. ਐੱਚ. ਓ. ਸੀ. ਆਈ. ਏ. ਰਵਿੰਦਰ ਸਿੰਘ ਅਤੇ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ। 


Related News