ਬੇਕਾਬੂ ਟਰੱਕ ਦੀ ਟੱਕਰ ਨਾਲ ਬੱਸ ਹਾਦਸਾਗ੍ਰਸਤ

05/25/2018 3:41:26 AM

ਹੁਸ਼ਿਆਰਪੁਰ, (ਅਮਰਿੰਦਰ)- ਅੱਜ ਸਵੇਰੇ 6 ਵਜੇ ਗੌਰਮਿੰਟ ਕਾਲਜ ਚੌਕ ਦੇ ਨਜ਼ਦੀਕ ਬੇਕਾਬੂ ਟਰੱਕ ਦੀ ਲਪੇਟ 'ਚ ਆਉਣ ਨਾਲ ਨਵੀਂ ਦਿੱਲੀ ਤੋਂ ਜੰਮੂ-ਕਟੜਾ ਜਾ ਰਹੀ ਮਰਸਡੀਜ਼ ਬੱਸ ਹਾਦਸਾਗ੍ਰਸਤ ਹੋ ਗਈ। ਬੱਸ 'ਚ ਯਾਤਰੀਆਂ ਦੀਆਂ ਚੀਕਾਂ ਸੁਣ ਕੇ ਟਰੱਕ ਡਰਾਈਵਰ ਟਰੱਕ ਸਮੇਤ ਫ਼ਰਾਰ ਹੋ ਗਿਆ। ਹਾਦਸੇ ਦੇ ਸਮੇਂ ਬੱਸ 'ਚ ਕਰੀਬ 40 ਯਾਤਰੀ ਸਵਾਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸੇ 'ਚ ਬੱਸ ਦੇ ਅਗਲੇ ਹਿੱਸੇ ਦੇ ਪਰਖਚੇ ਉਡ ਗਏ ਪਰ ਯਾਤਰੀਆਂ 'ਚੋਂ ਕਿਸੇ ਨੂੰ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ। ਇਥੇ ਇਹ ਵੀ ਵਰਣਨਯੋਗ ਹੈ ਕਿ ਸਵੇਰੇ ਦੇ ਸਮੇਂ ਚੌਕ 'ਚ ਨਾ ਤਾਂ ਟਰੈਫਿਕ ਸੀ ਤੇ ਨਾ ਹੀ ਪੁਲਸ। ਪੁਲਸ ਦੇ ਨਾ ਹੋਣ ਦੀ ਵਜ੍ਹਾ ਨਾਲ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ।
ਰਾਤ 11 ਵਜੇ ਨਵੀਂ ਦਿੱਲੀ ਤੋਂ ਚੱਲੀ ਸੀ ਬੱਸ : ਹਾਦਸਾਗ੍ਰਸਤ ਬੱਸ 'ਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਅਸੀਂ ਲੋਕ ਨਵੀਂ ਦਿੱਲੀ ਤੋਂ ਰਾਤ 11 ਵਜੇ ਦੇ ਕਰੀਬ ਜੰਮੂ-ਕੱਟੜਾ  ਲਈ ਨਿਕਲੇ ਸੀ। ਸਵੇਰੇ ਬੱਸ 'ਚ ਸਵਾਰ ਯਾਤਰੀ ਸੌਂ ਰਹੇ ਸੀ ਕਿ ਅਚਾਨਕ ਧਮਾਕੇ ਦੀ ਆਵਾਜ਼ ਸੁਣ ਕੇ ਸਾਰੇ ਯਾਤਰੀਆਂ ਦੀ ਨੀਂਦ ਉਡ ਗਈ। ਡਰਾਈਵਰ ਸਾਈਡ ਦਾ ਪੂਰਾ ਹਿੱਸਾ ਹਾਦਸਾਗ੍ਰਸਤ ਹੋ ਜਾਣ 'ਤੇ ਬੱਸ ਸੰਚਾਲਕਾਂ ਨੇ ਤਤਕਾਲ ਹੀ ਸੂਚਿਤ ਕਰ ਕੇ ਯਾਤਰੀਆਂ ਲਈ ਦੂਜੀ ਮਰਸਡੀਜ਼ ਬੱਸ ਮੰਗਵਾ ਲਈ। ਕਰੀਬ ਅੱਧੇ ਘੰਟੇ ਬਾਅਦ ਸਾਰੇ ਯਾਤਰੀਆਂ ਨੂੰ ਮੌਕੇ 'ਤੇ ਪਹੁੰਚੀ ਦੂਜੀ ਬੱਸ 'ਚ ਬਿਠਾ ਕੇ ਜੰਮੂ ਲਈ ਰਵਾਨਾ ਕਰ ਦਿੱਤਾ ਗਿਆ। 


Related News