ਟਰੱਕ ਤੇ ਬੱਸ ਦੀ ਹੋਈ ਜ਼ਬਰਦਸਤ ਟੱਕਰ, 4 ਯਾਤਰੀਆਂ ਦੀ ਮੌਤ ਤੇ 34 ਜ਼ਖ਼ਮੀ
Tuesday, Apr 30, 2024 - 09:07 PM (IST)
ਮੁੰਬਈ — ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਸਰਕਾਰੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਇਕ ਨਾਬਾਲਿਗ ਸਮੇਤ 4 ਯਾਤਰੀਆਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ 9 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਹਾਰਾਸ਼ਟਰ ਸਰਕਾਰ ਨੇ ਹਰੇਕ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਮੁੰਬਈ-ਆਗਰਾ ਰਾਸ਼ਟਰੀ ਰਾਜਮਾਰਗ 'ਤੇ ਜ਼ਿਲ੍ਹੇ ਦੇ ਚੰਦਵਾੜ ਕਸਬੇ 'ਚ ਅਹੇਰ ਵਸਤੀ ਨੇੜੇ ਸਵੇਰੇ 9:45 'ਤੇ ਵਾਪਰੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਮ.ਐੱਸ.ਆਰ.ਟੀ.ਸੀ.) ਦੀ ਬੱਸ ਨੇੜਲੇ ਜਲਗਾਓਂ ਜ਼ਿਲ੍ਹੇ ਦੇ ਭੁਸਾਵਲ ਤੋਂ ਨਾਸਿਕ ਸ਼ਹਿਰ ਵੱਲ ਜਾ ਰਹੀ ਸੀ ਜਦੋਂ ਬੱਸ ਦਾ ਖੱਬਾ ਪਾਸਾ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਟਰੱਕ ਨਾਲ ਟਕਰਾ ਗਿਆ। ਉਨ੍ਹਾਂ ਦੱਸਿਆ ਕਿ ਬੱਸ 'ਚ 45 ਦੇ ਕਰੀਬ ਸਵਾਰੀਆਂ ਸਨ, ਜਿਨ੍ਹਾਂ 'ਚੋਂ 4 ਲੋਕਾਂ ਦੀ ਮੌਤ ਹੋ ਗਈ ਜਦਕਿ 34 ਹੋਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ 9 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਚੰਦਵਾੜ ਦੇ ਸਰਕਾਰੀ ਹਸਪਤਾਲ ਅਤੇ ਹੋਰ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲੇ ਚਾਰਾਂ ਵਿੱਚੋਂ ਦੋ ਪੁਰਸ਼ ਹਨ, ਜਦਕਿ ਇੱਕ 14 ਸਾਲਾ ਲੜਕਾ ਅਤੇ ਇੱਕ ਔਰਤ ਹੈ। ਚੰਦਵਾੜ ਹਸਪਤਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਸੈਰ ਸਪਾਟਾ ਮੰਤਰੀ ਗਿਰੀਸ਼ ਮਹਾਜਨ ਨੇ ਕਿਹਾ ਕਿ ਇਹ ਹਾਦਸਾ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਕਿਉਂਕਿ ਉਸ ਨੇ ਓਵਰਟੇਕ ਕਰ ਰਹੀ ਬੱਸ ਨੂੰ ਕੁਝ ਥਾਂ ਦੇਣ ਦੇ ਬਾਵਜੂਦ ਟਰੱਕ ਨੂੰ ਸੱਜੇ ਪਾਸੇ ਮੋੜ ਲਿਆ। ਉਨ੍ਹਾਂ ਦੱਸਿਆ ਕਿ ਇਸ ਕਾਰਨ ਬੱਸ ਡਿਵਾਈਡਰ ਅਤੇ ਟਰੱਕ ਵਿਚਕਾਰ ਫਸ ਗਈ।
ਮੰਤਰੀ ਨੇ ਕਿਹਾ, “ਐਮਐਸਆਰਟੀਸੀ ਨਿਯਮਾਂ ਦੇ ਅਨੁਸਾਰ, ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਅਤੇ ਹੋਰ ਜ਼ਖਮੀਆਂ ਨੂੰ ਉਨ੍ਹਾਂ ਦੀ ਸੱਟ ਦੀ ਗੰਭੀਰਤਾ ਦੇ ਆਧਾਰ 'ਤੇ 2 ਤੋਂ 2.5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e