ਹੜਤਾਲ ਦਾ ਤੀਜਾ ਦਿਨ, ਨਿੰਬੂਆਂ ਦੀਆਂ ਬੋਰੀਆਂ ਨੂੰ ਥੱਲੇ ਸੁੱਟ ਕੇ ਉੱਤੇ ਚਲਾਇਆ ਟਰੈਕਟਰ

06/04/2018 12:57:58 AM

ਸ੍ਰੀ ਮੁਕਤਸਰ ਸਾਹਿਬ/ ਮੰਡੀ ਲੱਖੇਵਾਲੀ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਦੇਸ਼ ਭਰ ਦੀਆਂ ਲਗਭਗ 135 ਕਿਸਾਨ ਜੱਥੇਬੰਦੀਆਂ ਦੇ ਸੱਦੇ 'ਤੇ ਸ਼ਹਿਰਾਂ 'ਚ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਦਾ ਜੋ ਅੰਦੋਲਨ ਚਲਾਇਆ ਜਾ ਰਿਹਾ ਹੈ, ਉਸਦੇ ਤੀਸਰੇ ਦਿਨ ਅੱਜ ਇਸ ਖੇਤਰ 'ਚ ਕਾਫੀ ਪ੍ਰਭਾਵ ਵੇਖਣ ਨੂੰ ਮਿਲਿਆ ਹੈ। ਪਿੰਡਾਂ 'ਚ ਜੋ ਡੇਅਰੀਆਂ ਦੁੱਧ ਪਵਾਉਣ ਲਈ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਡੇਅਰੀਆਂ ਵਾਲਿਆਂ ਨੇ ਲੋਕਾਂ ਕੋਲੋਂ ਹੁਣ ਦੁੱਧ ਪਵਾਉਣ ਲਈ ਹੱਥ ਖੜੇ ਕਰ ਦਿੱਤੇ ਹਨ ਤੇ ਕੋਰਾ ਜਵਾਬ ਦੇ ਦਿੱਤਾ ਹੈ। 
ਜਾਣਕਾਰੀ ਮਿਲੀ ਹੈ ਕਿ ਸ੍ਰੀ ਮੁਕਤਸਰ ਸਾਹਿਬ 'ਚ ਦੁੱਧ ਦੀ ਸਪਲਾਈ 'ਤੇ ਕਾਫੀ ਅਸਰ ਪੈ ਗਿਆ ਹੈ। ਕਿਉਂਕਿ ਦੋਧੀ ਸ਼ਹਿਰ 'ਚ ਦੁੱਧ ਲੈ ਕੇ ਹੀ ਨਹੀਂ ਆਉਂਦੇ ਜਿੰਨਾਂ ਲੋਕਾਂ ਨੇ ਸ਼ਹਿਰ 'ਚ ਦੁੱਧ ਵੇਚਣ ਲਈ ਪਸ਼ੂ ਰੱਖੇ ਹੋਏ ਹਨ ਉਹ ਲੋਕ ਦੁੱਧ ਦਾ ਵਪਾਰ ਕਰ ਰਹੇ ਹਨ। ਪੈਕਟਾਂ ਵਾਲਾ ਦੁੱਧ ਵੀ ਸ਼ਹਿਰ 'ਚੋਂ ਖਤਮ ਹੋ ਗਿਆ ਹੈ। ਲੋਕਾਂ ਨੂੰ ਦੁੱਧ ਤੋਂ ਬਿਨ੍ਹਾਂ ਬਹੁਤ ਪ੍ਰੇਸ਼ਾਨੀ ਆ ਰਹੀ ਹੈ। ਇਸੇ ਦੌਰਾਨ ਸੂਚਨਾ ਮਿਲੀ ਹੈ ਕਿ ਸਥਾਨਕ ਸ਼ਹਿਰ ਦਾ ਵਾਸੀ ਅਨਿਲ ਕੁਮਾਰ ਜੋ ਮਹਾਰਾਸ਼ਟਰ ਤੋਂ ਨਿੰਬੂਆਂ ਦਾ ਭਰਿਆ ਟਰੱਕ ਲੈ ਕੇ ਆ ਰਿਹਾ ਸੀ, ਜਿਸ 'ਚ ਕਰੀਬ ਪੰਜ ਲੱਖ ਰੁਪਏ ਦਾ ਮਾਲ ਸੀ, ਨੂੰ ਪਿੰਡ ਢਾਬਾ ਦੇ ਕੋਲ ਸੰਘਰਸ਼ਕਾਰੀਆਂ ਨੇ ਰੋਕ ਲਿਆ। ਪ੍ਰਦਰਸ਼ਨਕਾਰੀਆਂ ਨੇ ਨਿੰਬੂਆਂ ਦੇ ਗੱਟੇ ਟਰੱਕ ਤੋਂ ਹੇਠਾਂ ਸੁੱਟ ਕੇ ਉਪਰੋਂ ਦੀ ਟਰੈਕਟਰ ਚੜਾ ਦਿੱਤਾ। ਇਸ ਦੌਰਾਨ ਪੀੜਤ ਅਨਿਲ ਕੁਮਾਰ ਨੇ ਕਿਹਾ ਕਿ ਉਸਦਾ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਰੇਹੜੀਆਂ 'ਤੇ ਪੁਰਾਣੀ ਸਬਜ਼ੀ
ਅੱਜ ਸਬਜ਼ੀ ਵੇਚਣ ਵਾਲੀਆਂ ਰੇਹੜੀਆਂ 'ਤੇ ਕੱਲ ਦੀ ਪੁਰਾਣੀ ਸਬਜ਼ੀ ਹੀ ਪਈ ਹੋਈ ਹੈ। ਕਿਉਂਕਿ ਸਬਜ਼ੀ ਮੰਡੀ 'ਚ ਬਾਹਰੋ ਨਵੀਂ ਅਤੇ ਤਾਜ਼ੀ ਸਬਜ਼ੀ ਨਹੀਂ ਆਈ।

ਵੱਧ ਗਏ ਹਨ ਸਬਜ਼ੀਆਂ ਦੇ ਭਾਅ
ਉਧਰ ਸ਼ਹਿਰ 'ਚ ਸਬਜ਼ੀਆਂ ਨਾ ਆਉਣ ਕਰਕੇ ਸਬਜ਼ੀ ਵੇਚਣ ਵਾਲਿਆਂ ਨੇ ਸਾਰੀਆਂ ਹੀ ਸਬਜ਼ੀਆਂ ਦੇ ਭਾਅ ਵਧਾ ਦਿੱਤੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕੁਝ ਵਿਅਕਤੀਆਂ ਨੇ ਪਹਿਲਾਂ ਹੀ ਸਬਜ਼ੀ ਦੇ ਵੱਡੇ ਭੰਡਾਰ ਸਟੋਰ ਕਰ ਲਏ ਸਨ।

ਸੋਮਵਾਰ ਤੋਂ ਮੁੱਖ ਸਬਜ਼ੀ ਮੰਡੀ ਰਹੇਗੀ ਬੰਦ
ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਸਬਜ਼ੀ ਮੰਡੀ ਚਾਰ ਜੂਨ ਦਿਨ ਸੋਮਵਾਰ ਤੋਂ ਬੰਦ ਕਰ ਦਿੱਤੀ ਜਾਵੇਗੀ ਤੇ ਜਦ ਤੱਕ ਹਾਲਤ ਨਹੀਂ ਸੁਧਰਦੇ ਉਦੋ ਤੱਕ ਨਹੀਂ ਖੋਲਿਆ ਜਾਵੇਗਾ।  


Related News