ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਤੋਲਾਵਾਲ ''ਚ ਰਿਜ਼ਰਵ ਕੋਟੇ ਵਾਲੀ ਜ਼ਮੀਨ ''ਤੇ ਝੰਡਾ ਲਹਿਰਾਇਆ

05/13/2018 4:31:02 PM

ਚੀਮਾ ਮੰਡੀ (ਗੋਇਲ) — ਪਿੰਡ ਤੋਲਾਵਾਲ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ 'ਚ ਰਿਜ਼ਰਵ ਕੋਟੇ ਦੀ ਜ਼ਮੀਨ ਘੱਟ ਰੇਟ 'ਤੇ ਅਤੇ ਸਾਂਝੇ ਤੌਰ 'ਤੇ ਮਿਲਜਾਣ ਤੋਂ ਬਾਅਦ ਅੱਜ ਸਵੇਰੇ ਅਹਿਮ ਰੈਲੀ ਕੀਤੀ ਗਈ । ਰੈਲੀ ਕਰਨ ਤੋਂ ਬਾਅਦ ਰਿਜ਼ਰਵ ਕੋਟੇ ਵਾਲੀ ਜ਼ਮੀਨ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਸੈਕਟਰੀ ਲਖਵੀਰ ਲੌਂਗੋਵਾਲ ਦੀ ਅਗਵਾਈ ਹੇਠ ਝੰਡਾ ਲਹਿਰਾਇਆ ਗਿਆ । ਝੰਡਾ ਲਹਿਰਾਉਣ ਦੀ ਰਸਮ ਪੂਰੀ ਕਰਨ ਤੋਂ ਬਾਅਦ ਲਖਵੀਰ ਲੌਂਗੋਵਾਲ ਨੇ ਕਿਹਾ ਕਿ ਰਿਜ਼ਰਵ ਕੋਟੇ ਦੀ ਜ਼ਮੀਨ ਸਾਂਝੇ ਤੌਰ 'ਤੇ ਲੈ ਲੈਣ ਦੇ ਨਾਲ ਹੁਣ ਸਾਡੇ ਦਲਿਤ ਮਜ਼ਦੂਰ ਭਾਈਚਾਰੇ ਨੂੰ ਖਾਸ ਕਰਕੇ ਦਲਿਤ ਮਜ਼ਦੂਰ ਔਰਤਾਂ ਨੂੰ ਜਲੀਲ ਨਹੀਂ ਹੋਣਾ ਪਵੇਗਾ । ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਘੱਟ ਰੇਟ 'ਤੇ ਅਤੇ ਸਾਂਝੇ ਤੌਰ 'ਤੇ ਰਿਜ਼ਰਵ ਕੋਟੇ ਦੀ ਜ਼ਮੀਨ ਤਿੱਖਾ ਸੰਘਰਸ਼ ਕਰਕੇ ਪ੍ਰਾਪਤ ਕੀਤੀ ਗਈ ਸੀ । ਇਹ ਜ਼ਮੀਨ ਮਿਲਣ ਦੇ ਕਾਰਨ ਹੁਣ ਦਲਿਤ ਮਜ਼ਦੂਰ ਔਰਤਾਂ ਪੂਰੇ ਮਾਣ ਸਨਮਾਨ ਦੇ ਨਾਲ ਆਪਣੇ ਖੇਤਾਂ 'ਚ ਜਾ ਕੇ ਹਰਾ ਚਾਰਾ ਲੈ ਕੇ ਆਉਂਦੀਆਂ ਹਨ । ਇਸ ਉਪਰੰਤ ਜ਼ਿਲਾ ਆਗੂ ਧਰਮਪਾਲ ਨੇ ਦੱਸਿਆ ਕਿ ਪਿੰਡ ਕਮੇਟੀ ਨੇ ਪੂਰੀ ਸੂਝ-ਬੂਝ ਨਾਲ ਦਲਿਤ ਮਜ਼ਦੂਰ ਭਾਈਚਾਰੇ ਦੀ ਰਿਜ਼ਰਵ ਕੋਟੇ ਦੀ ਜ਼ਮੀਨ ਲਈ ਜੋ ਸਾਂਝੇ ਤੌਰ 'ਤੇ ਤਿੰਨ ਮਜ਼ਦੂਰ ਤੈਅ ਕੀਤੇ ਗਏ ਸਨ। ਉਨ੍ਹਾਂ 'ਚੋਂ ਚਮਕੌਰ ਸਿੰਘ ਦੇ ਨਾਮ ਤੇ ਬੋਲੀ ਹੋਈ । ਅੱਜ ਸਮੁੱਚੇ ਦਲਿਤ ਭਾਈਚਾਰੇ ਵੱਲੋਂ ਸਰਪੰਚ ਨਿਰਮਲ ਸਿੰਘ ਜ਼ਿਲਾ ਸੈਕਟਰੀ ਲਖਵੀਰ ਲੌਂਗੋਵਾਲ ,ਧਰਮਪਾਲ ਸਿੰਘ ਪਿੰਡ ਆਗੂਆਂ ਸੁਖਦੇਵ ਸਿੰਘ ,ਚਮਕੌਰ ਸਿੰਘ ਆਦਿ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ । ਪਿੰਡ ਆਗੂ ਅਜੈਬ ਸਿੰਘ ਨੇ ਕਿਹਾ ਕਿ ਦਲਿਤ ਭਾਈਚਾਰੇ ਦੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ । ਰੈਲੀ ਦੀ ਸਮਾਪਤੀ ਜ਼ੋਰਦਾਰ ਨਾਅਰਿਆਂ ਨਾਲ ਕੀਤੀ ਗਈ ।


Related News