ਨੂਰਪੁਰਬੇਦੀ ਇਲਾਕੇ ਦੇ ਸਮੁੱਚੇ 138 ਪਿੰਡ ਹਨ੍ਹੇਰੇ ’ਚ ਡੁੱਬੇ, ਐਮਰਜੈਂਸੀ ਵਰਗੇ ਬਣੇ ਹਾਲਾਤ

Saturday, May 11, 2024 - 04:42 PM (IST)

ਨੂਰਪੁਰਬੇਦੀ (ਸੰਜੀਵ ਭੰਡਾਰੀ)- ਨੂਰਪੁਰਬੇਦੀ ਇਲਾਕੇ ’ਚ ਬੀਤੀ ਅੱਧੀ ਰਾਤ ਨੂੰ 3 ਵੱਖ-ਵੱਖ ਗਰਿੱਡਾਂ ਤੋਂ ਅਚਾਨਕ ਬਿਜਲੀ ਸਪਲਾਈ ਬੰਦ ਹੋ ਗਈ। ਜਿਸ ਨਾਲ ਕਰੀਬ 4 ਘੰਟੇ ਤੋਂ ਵੀ ਵੱਧ ਸਮਾਂ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਬਲਾਕ ਨੂਰਪੁਰਬੇਦੀ ਦੇ ਕਰੀਬ 138 ਪਿੰਡ ਸਮੁੱਚੀ ਰਾਤ ਹਨ੍ਹੇਰੇ ’ਚ ਡੁੱਬੇ ਰਹੇ ਅਤੇ ਇਸ ਦੇ ਚੱਲਦਿਆਂ ਅਚਾਨਕ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਗਏ। ਜ਼ਿਕਰਯੋਗ ਕਿ ਨੂਰਪੁਰਬੇਦੀ ਖੇਤਰ ’ਚ ਸਥਾਪਿਤ 3 ਗਰਿੱਡਾਂ ਨੂਰਪੁਰਬੇਦੀ, ਬਜਰੂੜ ਅਤੇ ਨਲਹੋਟੀ ਨੂੰ 132 ਕੇ. ਵੀ. ਸਬ-ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਂਦੀ ਹੈ। ਜਿੱਥੋਂ ਅੱਗੇ ਨੂਰਪੁਰਬੇਦੀ ਖੇਤਰ ਦੇ ਤਮਾਮ ਫੀਡਰਾਂ ਰਾਹੀਂ ਸਮੁੱਚੇ ਇਲਾਕੇ ਦੇ ਪਿੰਡਾਂ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਪਰ ਰਾਤ ਕਰੀਬ 12.45 ਵਜੇ ਅਚਾਨਕ ਤਿੰਨਾਂ ਗਰਿੱਡਾਂ ਤੋਂ ਬਿਜਲੀ ਸਪਲਾਈ ਠੱਪ ਹੋ ਗਈ। ਜਿਸ ਤੋਂ ਬਾਅਦ ਪਾਵਰਕਾਮ ਦੇ ਅਧਿਕਾਰੀਆਂ ਨੇ ਪੈਟਰੋਲਿੰਗ ਸ਼ੁਰੂ ਕਰਕੇ ਫਾਲਟ ਲੱਭਣ ਦੀ ਕੋਸ਼ਿਸ਼ ਕੀਤੀ।

ਇਸ ਤੋਂ ਉਪਰੰਤ ਅੱਧੀ ਰਾਤ ਨੂੰ ਬਿਜਲੀ ਅਧਿਕਾਰੀਆਂ ਵੱਲੋਂ ਦੱਸਣ ’ਤੇ ਰੂਪਨਗਰ ਤੋਂ ਪਹੁੰਚੀ ਏ. ਓ. ਟੀ. ਐੱਲ. ਦੀ ਇਕ ਵਿਸ਼ੇਸ਼ ਟੀਮ ਨੇ ਉਕਤ ਫਾਲਟ ਦਰੁੱਸਤ ਕੀਤਾ। ਜਿਸ ਤੋਂ ਉਪਰੰਤ ਕਰੀਬ 4 ਘੰਟਿਆਂ ਤੋਂ ਵੀ ਵੱਧ ਸਮੇਂ ਬਾਅਦ ਸਵੇਰੇ ਕਰੀਬ 5 ਵਜੇ ਉਕਤ 138 ਪਿੰਡਾਂ ਦੀ ਬਿਜਲੀ ਸਪਲਾਈ ਬਹਾਲ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਜ਼ਿੰਦਗੀ ਮੁੜ ਪਟੜੀ ’ਤੇ ਪਹੁੰਚੀ। ਉਕਤ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਮਈ ਮਹੀਨੇ ’ਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਲੋਕਾਂ ਨੂੰ ਸਮੁੱਚੀ ਰਾਤ ਗਰਮੀ ਨਾਲ ਬੇਹਾਲ ਹੋਣਾ ਪਿਆ।

ਇਹ ਵੀ ਪੜ੍ਹੋ-  ਅਸ਼ਲੀਲ ਫ਼ਿਲਮਾਂ ਵੇਖਣੀਆਂ ਨੌਜਵਾਨ ਨੂੰ ਪਈਆਂ ਮਹਿੰਗੀਆਂ, ਆਨਲਾਈਨ ਮਿਲੇ ਨੰਬਰ ਨੇ ਫਸਾਇਆ ਕਸੂਤਾ, ਫਿਰ ਹੋਟਲ ’ਚ ਹੋਇਆ...

ਹਨ੍ਹੇਰੀ ਕਾਰਨ ਬਿਜਲੀ ਦੇ 1 ਦਰਜਨ ਖੰਭੇ ਟੁੱਟੇ, 2 ਟਰਾਂਸਫਾਰਮਰ ਪੋਲਾਂ ਤੋਂ ਹੇਠਾਂ ਡਿੱਗੇ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਾਮ ਸਮੇਂ ਚੱਲੀ ਤੇਜ਼ ਹਨ੍ਹੇਰੀ ਕਾਰਨ ਪਹਿਲਾਂ ਹੀ ਇਲਾਕੇ ਦੇ ਕਈ ਪਿੰਡਾਂ ’ਚ ਬਿਜਲੀ ਸਪਲਾਈ ਅਜੇ ਬਹਾਲ ਵੀ ਨਹੀਂ ਹੋ ਸਕੀ ਸੀ ਕਿ ਰਾਤ ਸਮੇਂ ਸਮੁੱਚੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ। ਪਾਵਰਕਾਮ ਦੇ ਅਧਿਕਾਰੀਆਂ ਅਨੁਸਾਰ ਉਕਤ ਹਨ੍ਹੇਰੀ ਦੌਰਾਨ ਕਰੀਬ 11 ਤੋਂ 12 ਬਿਜਲੀ ਦੇ ਖੰਭੇ ਟੁੱਟ ਗਏ। ਜਦਕਿ 2 ਟਰਾਂਸਫਾਰਮਰ ਵੀ ਪੋਲਾਂ ਤੋਂ ਹੇਠਾਂ ਡਿੱਗ ਗਏ। ਜਿਸ ਨਾਲ ਸ਼ਾਮੀਂ 5 ਵਜੇ ਤੋਂ ਰਾਤ 12 ਵਜੇ ਤੱਕ ਵੀ ਕਈ ਪਿੰਡਾਂ ’ਚ ਬਿਜਲੀ ਸਲਪਾਈ ਬਹਾਲ ਨਾ ਹੋ ਸਕੀ। ਜਦਕਿ ਕਈ ਪਿੰਡਾਂ ’ਚ ਵਾਟਰ ਸਪਲਾਈਆਂ ਦੇ ਨਾ ਚੱਲਣ ਕਾਰਨ ਅੱਜ ਵੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਾਵਰਕਾਮ ਨੇ ਖੇਤੀਬਾੜੀ ਕੁਨੈਕਸ਼ਨਾਂ ਦੀ ਬਿਜਲੀ ਸਪਲਾਈ ਬੰਦ ਰੱਖ ਕੇ ਵੀ ਘਰੇਲੂ ਖ਼ਪਤਕਾਰਾਂ ਨੂੰ ਪਹਿਲ ਦੇ ਆਧਾਰ ’ਤੇ ਬਿਜਲੀ ਸਲਪਾਈ ਦੇਣ ਦੀ ਕੋਸ਼ਿਸ਼ ਕੀਤੀ।

ਨੂਰਪੁਰਬੇਦੀ ਇਲਾਕੇ ਨੂੰ ਬਿਜਲੀ ਸਪਲਾਈ ਦਾ ਸਿਰਫ਼ ਇਕ ਹੀ ਰੂਟ ਮੌਜੂਦ
ਜ਼ਿਕਰਯੋਗ ਹੈ ਕਿ ਜਦੋਂ ਕਦੇ ਵੀ 66 ਕੇ. ਵੀ. ਲਾਈਨ ’ਚ ਫਾਲਟ ਪੈ ਜਾਂਦਾ ਹੈ ਤਾਂ ਅਕਸਰ 138 ਪਿੰਡਾਂ ਦੀ 3 ਤੋਂ 4 ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਰਹਿੰਦੀ ਹੈ। ਕਿਉਂਕਿ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰਬੇਦੀ ਨੂੰ ਬਿਜਲੀ ਸਪਲਾਈ ਦਾ ਕੇਵਲ ਇਕ ਰੂਟ ਹੀ ਮੌਜੂਦ ਹੈ ਜੋ ਸਤਲੁਜ ਦਰਿਆ ’ਚੋਂ ਹੋ ਕੇ ਗੁਜਰਦਾ ਹੈ। ਜਦਕਿ ਹੋਰਨਾਂ ਇਲਾਕਿਆਂ ’ਚ ਅਜਿਹੀ ਸਥਿਤੀ ਨਾਲ ਨਿਪਟਣ ਲਈ 2 ਰੂਟ ਮੌਜੂਦ ਰਹਿੰਦੇ ਜਿਸ ਰਾਹੀਂ ਐਮਰਜੈਂਸੀ ਦੇ ਹਾਲਾਤ ’ਚ ਦੂਜੇ ਰੂਟ ਰਾਹੀਂ ਬਿਜਲੀ ਸਪਲਾਈ ਬਹਾਲ ਕੀਤੀ ਜਾ ਸਕਦੀ ਹੈ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਜਿਸ ਦੂਸਰੇ ਰੂਟ ਦਾ ਸਰਵੇ ਕੀਤਾ ਗਿਆ ਹੈ ਨੂੰ ਜਲਦ ਪਾਵਰਕਾਮ ਵੱਲੋਂ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਭਵਿੱਖ ’ਚ ਬਿਜਲੀ ਗੁੱਲ ਰਹਿਣ ਕਾਰਨ ਅਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ।

PunjabKesari

ਇਹ ਵੀ ਪੜ੍ਹੋ- ਰੇਲਵੇ ਨੇ ਜਾਰੀ ਕੀਤੀ ਨਵੀਂ ਸੂਚੀ: 13 ਤਕ ਰੱਦ ਰਹਿਣਗੀਆਂ ਕਟੜਾ, ਹਰਿਦੁਆਰ ਅਤੇ ਦਿੱਲੀ ਦੀਆਂ ਇਹ ਟਰੇਨਾਂ

66 ਕੇ. ਵੀ. ਲਾਈਨ ਦੇ ਇਨਸੂਲੇਟਰ ਖ਼ਰਾਬ ਹੋਣ ਕਾਰਨ ਸਮੱਸਿਆ ਆਈ : ਐੱਸ. ਡੀ. ਓ.
ਇਸ ਸਬੰਧੀ ਗੱਲ ਕਰਨ ’ਤੇ ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫ਼ਤਰ ਨੂਰਪੁਰਬੇਦੀ ਦੇ ਐੱਸ. ਡੀ. ਓ. ਬਿਕਰਮ ਸੈਣੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ-ਨੂਰਪੁਰਬੇਦੀ 66 ਕੇ. ਵੀ. ਲਾਈਨ ’ਤੇ ਕਰੀਬ 3 ਕਿਲੋਮੀਟਰ ਦੀ ਦੂਰੀ ’ਤੇ ਲੱਗੇ ਕੁਝ ਇਨਸੂਲੇਟਰਾਂ (ਡਿਸਕਾਂ) ’ਚ ਨੁਕਸ ਪੈਣ ਕਾਰਨ ਬਿਜਲੀ ਸਪਲਾਈ ’ਚ ਵਿਘਨ ਪਿਆ ਸੀ ਅਤੇ ਜਿਸ ਨੂੰ ਵਿਭਾਗ ਦੇ ਕਰਮਚਾਰੀਆਂ ਵੱਲੋਂ 4 ਘੰਟੇ ਦੀ ਸਖ਼ਤ ਮਿਹਨਤ ਕਰਨ ਉਪਰੰਤ ਦਰੁੱਸਤ ਕਰਕੇ ਸਵੇਰੇ ਬਹਾਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬਿਜਲੀ ਲਾਈਨਾਂ ਦੇ ਲਾਗੇ ਲਗਾਏ ਗਏ ਦਰੱਖਤਾਂ ਕਾਰਨ ਵੀ ਹਨ੍ਹੇਰੀ ਚੱਲਣ ’ਤੇ ਬਿਜਲੀ ਸਲਪਾਈ ’ਚ ਰੁਕਾਵਟ ਪੈਂਦੀ ਹੈ। ਜਿਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਵਰਕਾਮ ਵੱਲੋਂ ਨਿਰਧਾਰਿਤ ਕੀਤੇ ਮਾਪਦੰਡ ਅਨੁਸਾਰ ਉਹ ਬਿਜਲੀ ਲਾਈਨਾਂ ਤੋਂ ਸਹੀ ਦੂਰੀ ਰੱਖ ਕੇ ਹੀ ਪੌਦੇ ਵਗੈਰਾ ਲਗਾਉਣ ਤਾਂ ਜੋ ਆਮ ਲੋਕਾਂ ਨੂੰ ਬੇਲੋੜੀ ਬਿਜਲੀ ਬੰਦ ਰਹਿਣ ਵਰਗੇ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ- ਸ੍ਰੀ ਕੀਰਤਪੁਰ ਸਾਹਿਬ ਵਿਖੇ ਸੜਕ ਹਾਦਸੇ 'ਚ ਉਜੜਿਆ ਪਰਿਵਾਰ, ਪਤੀ-ਪਤਨੀ ਸਣੇ 3 ਜੀਆਂ ਦੀ ਮੌਤ, ਆਲਟੋ ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News