ਭਾਰਤੀ ਪੁਰਸ਼ ਤੇ ਮਹਿਲਾ ਐਥਲੈਟਿਕਸ ਰਿਲੇਅ ਟੀਮਾਂ ਓਲੰਪਿਕ ਕੋਟੇ ਤੋਂ ਖੁੰਝੀਆਂ

Sunday, May 05, 2024 - 09:13 PM (IST)

ਭਾਰਤੀ ਪੁਰਸ਼ ਤੇ ਮਹਿਲਾ ਐਥਲੈਟਿਕਸ ਰਿਲੇਅ ਟੀਮਾਂ ਓਲੰਪਿਕ ਕੋਟੇ ਤੋਂ ਖੁੰਝੀਆਂ

ਨਸਾਓ– ਭਾਰਤੀ ਪੁਰਸ਼, ਮਹਿਲਾ ਤੇ ਮਿਕਸਡ 4 ਗੁਣਾ 400 ਮੀਟਰ ਟੀਮਾਂ ਵਰਲਡ ਐਥਲੈਟਿਕਸ ਰਿਲੇਅ 24 ਵਿਚ ਸਬੰਧਤ ਮੁਕਾਬਲਿਆਂ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹਿਣ ਕਾਰਨ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰਨ ਤੋਂ ਖੁੰਝ ਗਈਆਂ। ਬਹਾਮਾਸ ਦੇ ਨਸਾਓ ਵਿਚ ਰਾਜੇਸ਼ ਰਮੇਸ਼, ਰੂਪਲ, ਅਵਿਨਾਸ਼ ਕ੍ਰਿਸ਼ਣ ਕੁਮਾਰ ਤੇ ਜਯੋਤਿਕਾ ਸ਼੍ਰੀ ਦਾਂਡੀ ਦੀ ਮਿਕਸਡ 4 ਗੁਣਾ 400 ਮੀਟਰ ਰਿਲੇਅ ਚੌਕੜੀ ਥਾਮਸ ਏ ਰੌਬਿਨਸਨ ਸਟੇਡੀਅਮ ਵਿਚ ਟਰੈਕ ’ਤੇ ਉਤਰਨ ਵਾਲੀ ਪਹਿਲੀ ਭਾਰਤੀ ਟੀਮ ਸੀ ਪਰ ਹੀਟ 2 ਵਿਚ 3:20.36 ਦੇ ਸਮੇਂ ਨਾਲ ਉਹ 6ਵੇਂ ਸਥਾਨ ’ਤੇ ਰਹੀ।
ਮੁਹੰਮਦ ਅਨਸ ਯਾਹੀਆ, ਰਾਜੇਸ਼ ਰਮੇਸ਼, ਮੁਹੰਮਦ ਅਜਮਲ ਤੇ ਅਮੋਜ ਜੈਕਬ ਦੀ ਭਾਰਤੀ ਪੁਰਸ਼ 4 ਗੁਣਾ 400 ਮੀਟਰ ਰਿਲੇਅ ਟੀਮ ਹੀਟ 4 ਵਿਚ ਆਪਣੀ ਰੇਸ ਪੂਰੀ ਨਹੀਂ ਕਰ ਸਕੀ। ਇਸ ਟੀਮ ਨੇ 2023 ਹਾਂਗਝੋਊ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ ਤੇ ਇਸ ਪ੍ਰਤੀਯੋਗਿਤਾ ਵਿਚ ਰਾਸ਼ਟਰੀ ਤੇ ਏਸ਼ੀਆਈ ਰਿਕਾਰਡ ਵੀ ਬਣਾਇਆ ਸੀ। ਅਨਸ ਨੇ ਸ਼ੁਰੂਆਤੀ ਸਲਿਪਟ ਵਿਚ 45.93 ਮਿੰਟ ਵਿਚ ਰੇਸ ਪੂਰੀ ਕੀਤੀ, ਜਿਹੜਾ ਹੀਟ ਵਿਚ ਟੀਮਾਂ ਵਿਚਾਲੇ ਦੂਜਾ ਸਰਵਸ੍ਰੇਸ਼ਠ ਸਮਾਂ ਸੀ ਪਰ ਮੰਦਭਾਗੀ ਰਮੇਸ਼ ਸੱਟ ਦੀ ਵਜ੍ਹਾ ਨਾਲ ਦੂਜੀ ਸਲਿਪਟ ਵਿਚ ਅੱਗੇ ਨਹੀਂ ਵਧ ਸਕਿਆ।
ਭਾਰਤੀ ਐਥਲੈਟਿਕਸ ਸੰਘ ਅਨੁਸਾਰ, ਰਾਜੇਸ਼ ਰਮੇਸ਼ ਪੈਰ ਦੀਆਂ ਮਾਸਪੇਸ਼ੀਆਂ ਵਿਚ ਕ੍ਰੈਂਪ ਦੀ ਵਜ੍ਹਾ ਨਾਲ ਡਿੱਗ ਗਿਆ।
ਮਹਿਲਾਵਾਂ ਦੀ 4 ਗੁਣਾ 400 ਮੀਟਰ ਰਿਲੇਅ ਪ੍ਰਤੀਯੋਗਿਤਾ ਵਿਚ ਵਿਥਿਆ ਰਾਮਰਾਜ, ਐੱਮ. ਆਰ. ਪੂਵਮਾ, ਜਯੋਤਿਕਾ ਸ਼੍ਰੀ ਦਾਂਡੀ ਤੇ ਸੁਭਾ ਵੈਂਕਟੇਸ਼ਨ ਦੀ ਭਾਰਤੀ ਚੌਕੜੀ 3:29.74 ਦੇ ਸਮੇਂ ਨਾਲ ਹੀਟ 1 ਵਿਚ ਪੰਜਵੇਂ ਸਥਾਨ ’ਤੇ ਰਹੀ।
ਭਾਰਤੀ ਐਥਲੀਟ ਓਲੰਪਿਕ ਕੋਟਾ ਹਾਸਲ ਕਰਨ ਤੋਂ ਖੁੰਝ ਗਏ ਪਰ ਉਨ੍ਹਾਂ ਕੋਲ ਇਕ ਹੋਰ ਮੌਕਾ ਹੋਵੇਗਾ। ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹਿਣ ਵਾਲੀਆਂ ਸਾਰੀਆਂ ਟੀਮਾਂ ਇਕ ਵਾਧੂ ਕੁਆਲੀਫਾਇੰਗ ਰਾਊਂਡ ਵਿਚ ਪ੍ਰਤੀਯੋਗਤਾ ਕਰਨਗੀਆਂ ਤੇ ਹਰੇਕ ਹੀਟ ’ਚੋਂ ਚੋਟੀ ਦੀਆਂ 2 ਟੀਮਾਂ ਵੀ ਪੈਰਿਸ 2024 ਓਲੰਪਿਕ ਲਈ ਕੁਆਲੀਫਾਈ ਕਰਨਗੀਆਂ।


author

Aarti dhillon

Content Editor

Related News