ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਨੈਣਵਾਂ ਵਾਸੀ

Wednesday, May 23, 2018 - 12:27 AM (IST)

ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਨੈਣਵਾਂ ਵਾਸੀ

ਗੜ੍ਹਸ਼ੰਕਰ, (ਬੈਜ ਨਾਥ)- ਪਾਣੀ ਦੀ ਕਿੱਲਤ ਤਾਂ ਬੀਤ ਇਲਾਕੇ ਦੇ ਕਈ ਪਿੰਡਾਂ ਵਿਚ ਹੈ ਪਰ ਨੈਣਵਾਂ ਦੀ ਹਾਲਤ ਬਹੁਤ ਮਾੜੀ ਹੈ। ਪਿੰਡ ਵਾਸੀਆਂ ਸੰਜੀਵ ਕੁਮਾਰ ਰਾਣਾ, ਮਹਿੰਦਰ ਸਿੰਘ ਪੰਚ, ਬਲਵੀਰ ਸਿੰਘ, ਸ਼ਿੰਗਾਰਾ ਸਿੰਘ, ਛੋਟੂ ਰਾਮ, ਰਾਜ ਕੁਮਾਰ, ਬਖਸ਼ੀ ਰਾਮ, ਕਮਲਾ, ਰੇਸ਼ਮੋ, ਰਚਨਾ ਦੇਵੀ, ਊਸ਼ਾ ਰਾਣੀ, ਜਸਵਿੰਦਰ ਕੌਰ, ਪਰਮਜੀਤ ਕੌਰ ਅਤੇ ਰੇਸ਼ਮ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਪਿਛਲੇ ਦੋ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਹੈ ਪਰ ਸਬੰਧਤ ਵਿਭਾਗ ਦੇ ਕਰਮਚਾਰੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। 
ਉਕਤ ਪਿੰਡ ਵਾਸੀਆਂ ਦੋਸ਼ ਲਾਇਆ ਕਿ ਇਸ ਸਮੱਸਿਆ ਦੇ ਹੱਲ ਲਈ ਐਕਸੀਅਨ ਨੂੰ ਫੋਨ ਕੀਤਾ ਤਾਂ ਉਨ੍ਹਾਂ ਅੱਗੋਂ ਗਾਲ੍ਹਾਂ ਕੱਢੀਆਂ। ਪਿੰਡ ਦੀਆਂ ਦਲਿਤ, ਮਿਸਤਰੀ, ਵਾਲਮੀਕਿ ਤੇ ਰਾਜਪੂਤ ਬਸਤੀਆਂ ਵਿਚ ਪਾਣੀ ਦੀ ਸਪਲਾਈ ਬਹੁਤ ਮਾੜੀ ਹੈ। ਲੋਕ ਪਾਣੀ ਲੈਣ ਲਈ ਘੜੇ ਲੈ ਕੇ ਘੰਟਿਆਂਬੱਧੀ ਟੂਟੀ ਲਾਗੇ ਬੈਠੇ ਰਹਿੰਦੇ ਹਨ। ਐਕਸੀਅਨ ਨੇ ਇਕ ਹਫ਼ਤਾ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਸੀ ਕਿ ਮੈਂ ਜਲਦ ਕਰਮਚਾਰੀ ਭੇਜ ਕੇ ਪਾਣੀ ਦੀ ਸਪਲਾਈ ਵਿਚ ਸੁਧਾਰ ਕਰਵਾ ਦਿਆਂਗਾ ਪਰ ਪੂਰਾ ਹਫ਼ਤਾ ਬੀਤ ਜਾਣ 'ਤੇ ਵੀ ਕੋਈ ਕਰਮਚਾਰੀ ਪਿੰਡ ਵਿਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਨਾ ਹੋਣ 'ਤੇ 24 ਮਈ ਨੂੰ ਅੱਡਾ ਝੁੱਗੀਆਂ ਵਿਚ ਜਾਮ ਲਾ ਕੇ ਐਕਸੀਅਨ ਦਾ ਪੁਤਲਾ ਫੂਕਿਆ ਜਾਵੇਗਾ ਅਤੇ 25 ਮਈ ਨੂੰ ਐਕਸੀਅਨ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। 
ਉਧਰ ਐਕਸੀਅਨ ਲਾਲ ਚੰਦ ਬੈਂਸ ਦਾ ਪੱਖ ਜਾਣਨ ਲਈ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਅੱਧਾ ਘੰਟਾ ਪਹਿਲਾਂ ਉਨ੍ਹਾਂ ਠੇਕੇਦਾਰ ਅਤੇ ਜੇ. ਈ. ਨੂੰ ਪਾਣੀ ਦੀ ਸਪਲਾਈ ਠੀਕ ਕਰਨ ਲਈ ਮੌਕੇ 'ਤੇ ਭੇਜ ਦਿੱਤਾ ਹੈ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਤਾਂ ਹਫ਼ਤਾ ਪਹਿਲਾਂ ਵੀ ਕਿਹਾ ਸੀ ਕਿ ਕਰਮਚਾਰੀ ਭੇਜ ਰਹੇ ਹਾਂ ਪਰ ਅੱਜ ਤੱਕ ਨਹੀਂ ਗਏ ਤਾਂ ਉਨ੍ਹਾਂ ਫੋਨ ਕੱਟ ਦਿੱਤਾ।


Related News