ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਿਥ ਵਿਖੇ 22 ਵਾਂ ਸ਼ਹੀਦੀ ਖੇਡ ਮੇਲਾ 9 ਅਤੇ 10 ਜੂਨ ਨੂੰ

05/06/2018 10:53:37 AM

ਮੈਲਬੌਰਨ (ਮਨਦੀਪ ਸਿੰਘ ਸੈਣੀ) - ਆਸਟ੍ਰੇਲੀਆ ਦੇ ਗ੍ਰਿਫਿਥ ਸ਼ਹਿਰ ਵਿਖੇ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗ੍ਰਿਫਿਥ ਦੀ ਪ੍ਰਬੰਧਕ ਕਮੇਟੀ ਵਲੋਂ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ 22 ਵਾਂ ਸ਼ਹੀਦੀ ਖੇਡ ਮੇਲਾ 9 ਅਤੇ 10 ਜੂਨ ਨੂੰ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਜਸਵਿੰਦਰ ਸਿੰਘ ਮਾਵੀ, ਮਨਜੀਤ ਸਿੰਘ ਲਾਲੀ ਅਤੇ ਮਨਜੀਤ ਸਿੰਘ ਖੈੜਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਮੈਲਬੌਰਨ, ਸਿਡਨੀ, ਸ਼ੈਪਰਟਨ, ਬ੍ਰਿਸਬੇਨ, ਦੱਖਣੀ ਆਸਟ੍ਰੇਲੀਆ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਟੀਮਾਂ ਹਿੱਸਾ ਲੈ ਰਹੀਆਂ ਹਨ।ਇਸ ਟੂਰਨਾਮੈਂਟ ਵਿਚ ਕਬੱਡੀ, ਫੁੱਟਬਾਲ, ਵਾਲੀਬਾਲ ਅਤੇ ਰੱਸਾਕੱਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਲਈ ਮਿਊਜ਼ੀਕਲ ਚੇਅਰ ਅਤੇ ਹੋਰ ਦਿਲਚਸਪ ਮੁਕਾਬਲੇ ਰੱਖੇ ਗਏ ਹਨ।ਇਸ ਮੌਕੇ ਗਤਕੇ ਦਾ ਪ੍ਰਦਰਸ਼ਨ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ ।ਇਸ ਟੂਰਨਾਮੈਂਟ ਵਿਚ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਜਾਣਕਾਰੀ ਭਰਪੂਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। 9 ਜੂਨ ਨੂੰ ਗੁਰੂਦੁਆਰਾ ਸਾਹਿਬ ਗ੍ਰਿਫਿਥ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਰਾਗੀ ਜਥੇ ਅਤੇ ਪੰਥਕ ਬੁਲਾਰੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ।ਜ਼ਿਕਰਯੋਗ ਹੈ ਕਿ ਟੂਰਨਾਮੈਂਟ 1984 ਦੇ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਿਚ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਂਦੀ ਹੈ।
ਨਸ਼ਾ ਰਹਿਤ ਹੋਣਗੀਆਂ ਸ਼ਹੀਦੀ ਖੇਡਾਂ : ਸ਼ਹੀਦੀ ਖੇਡ ਮੇਲੇ ਦੀ ਕਮੇਟੀ ਨੇ ਨਵੀਂ ਪਿਰਤ ਪਾਉਦਿਆਂ ਇਹਨਾਂ ਖੇਡਾਂ ਨੂੰ ਪੂਰਨ ਤੌਰ ਤੇ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਹੈ।ਬੀਤੇ ਅਪ੍ਰੈਲ ਮਹੀਨੇ ਸਿਡਨੀ ਵਿਚ ਸੰਪੰਨ ਹੋਈਆਂ 31ਵੀਆਂ ਸਿੱਖ ਖੇਡਾਂ ਨੂੰ ਨਸ਼ਾ ਰਹਿਤ ਕਰਨ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਪ੍ਰਬੰਧਕਾਂ ਨੇ 'ਜੱਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿੱਖ ਖੇਡਾਂ ਵਿਚ 'ਦੋਸ਼ੀ' ਕਰਾਰ ਦਿੱਤੇ ਗਏ ਖਿਡਾਰੀਆਂ ਨੂੰ ਇਹਨਾਂ ਖੇਡਾਂ ਵਿਚ ਖੇਡਣ ਤੇ ਪੂਰਨ ਪਾਬੰਦੀ ਹੋਵੇਗੀ। ਨਸ਼ਾ ਕਰਕੇ ਖੇਡਣ ਵਾਲੇ ਖਿਡਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਮੇਟੀ ਨੇ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ।


Related News