ਯੂਰਪ ‘ਚ ਜੂਨ 84 ਦੀ 40ਵੀਂ ਵਰ੍ਹੇਗੰਢ ''ਤੇ ਲਿਟਰੇਚਰ ਅਤੇ ਪ੍ਰਦਰਸ਼ਨੀਆਂ ਲਾ ਕੇ ਚਲਾਈ ਜਾਵੇਗੀ ਜਾਗਰੂਕ ਲਹਿਰ
Friday, May 03, 2024 - 03:45 AM (IST)

ਫਰੈਕਫੋਰਟ (ਸਰਬਜੀਤ ਸਿੰਘ ਬਨੂੜ) - ਯੂਰਪ ‘ਚ ਜੂਨ 84 ਦੀ 40ਵੀਂ ਵਰ੍ਹੇਗੰਢ 'ਤੇ ਜਰਮਨ ਦੇ ਵੱਖ-ਵੱਖ ਸ਼ਹਿਰਾਂ, ਗੁਰੂ ਘਰਾਂ ਵਿੱਚ ਸਿੱਖ ਬੱਚਿਆਂ ਨੂੰ ਸਿੱਖਾਂ 'ਤੇ ਹੋਏ ਜ਼ੁਲਮਾਂ ਦਾ ਲਿਟਰੇਚਰ ਅਤੇ ਪ੍ਰਦਰਸ਼ਨੀਆਂ ਲਾ ਕੇ ਜਾਗਰੂਕ ਲਹਿਰ ਚਲਾਈ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ ਅਤੇ ਭਾਈ ਗੁਰਪਾਲ ਸਿੰਘ ਪਾਲ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਆਖੇ।
ਇਸ ਮੌਕੇ ਜਗ ਬਾਣੀ ਨਾਲ ਗੱਲਬਾਤ ਕਰਦਿਆ ਕੋ-ਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਇਸ਼ਾਰੇ 'ਤੇ ਭਾਰਤੀ ਫੌਜਾਂ ਨੇ ਜੂਨ 84 ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਦਿਨ ਸ਼੍ਰੀ ਦਰਬਾਰ ਸਾਹਿਬ 'ਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਇਕੱਤਰ ਹੋਈਆਂ ਸੰਗਤਾਂ 'ਤੇ ਟੈਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖਾਂ ਦੇ ਸਰਬ ਉਚ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ, ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਕਰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 2500 ਤੋਂ ਵੱਧ ਬੀੜਾਂ ਨੂੰ ਅਗਨ ਭੇਟ, ਹਜ਼ਾਰਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ, ਇੱਥੋ ਤੱਕ ਕਿ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਨਿਰਦਈਪੁਣੇ ਦੀਆਂ ਸਭ ਹੱਦ ਟੱਪ ਕੇ ਭਾਰਤ ਦੀ ਫ਼ੌਜ ਨੇ ਸ਼ਹੀਦ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਭਾਰਤੀ ਫੋਜਾਂ ਨੇ ਜੂਨ 84 ਦੇ ਘੱਲੂਘਾਰੇ ਵਿੱਚ ਸਿੱਖ ਕੌਮ ਤੇ ਟੈਂਕਾਂ ਤੋਪਾਂ ਵਰਤ ਕੇ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਹੀ ਨਹੀਂ ਕਰਵਾਇਆ ਸਗੋਂ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ 1947 ਵਿੱਚ ਸਿੱਖ ਕੌਮ ਦੇ ਮੋਹਰੀ ਆਗੂਆਂ ਨੇ ਆਪਣੀ ਕਿਸਮਤ ਹਿੰਦੁਸਤਾਨ ਨਾਲ ਜੋੜ ਵੱਡੀ ਭੁੱਲ ਕਰ ਲਈ ਹੈ। ਆਗੂਆ ਨੇ ਕਿਹਾ ਕਿ ਹਕੂਮਤ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਬਾਅਦ ਵੀ ਸਿੱਖ ਕੌਮ ਦੀਆਂ ਭਾਵਨਾਂ 'ਤੇ ਜ਼ਖਮਾਂ ਦੀ ਭਰਾਈ ਕਰਨ ਦੀ ਬਜਾਏ ਆਪਣੀ ਚਾਣਕੀਆਂ ਸਾਮ, ਦਾਮ, ਦੰਡ, ਭੇਦ ਦੀ ਨੀਤੀ ਵਰਤ ਕੇ ਘੱਲੂਘਾਰੇ ਨੂੰ ਭੁਲ ਜਾਣ ਅਤੇ ਭਲਾਉਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e