ਗੁਰੂ ਘਰਾਂ ''ਚ ਵਾਪਰਦੀਆਂ ਅੱਗ ਦੀਆਂ ਘਟਨਾਵਾਂ ਰੋਕਣ ਲਈ ਸੁਚੇਤ ਹੋਣ ਪ੍ਰਬੰਧਕ

05/31/2018 6:41:06 AM

ਅੰਮ੍ਰਿਤਸਰ  (ਦੀਪਕ/ ਅਨਜਾਣ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਘਰਾਂ 'ਚ ਵਾਪਰਦੀਆਂ ਅੱਗ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਇਨ੍ਹਾਂ ਨੂੰ ਰੋਕਣ ਲਈ ਗੁਰਦੁਆਰਾ ਪ੍ਰਬੰਧਕਾਂ ਤੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ 'ਚ ਅੱਗ ਦੀਆਂ ਘਟਨਾਵਾਂ ਪ੍ਰਬੰਧਕੀ ਲਾਪ੍ਰਵਾਹੀ ਦਾ ਨਤੀਜਾ ਹਨ, ਜਿਨ੍ਹਾਂ ਨੂੰ ਰੋਕਣ ਲਈ ਗੁਰੂ ਘਰਾਂ ਦੇ ਪ੍ਰਬੰਧਕ ਸੰਜੀਦਾ ਯਤਨ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਬਹੁਤੀ ਥਾਈਂ ਘਟੀਆ ਵਾਇਰਿੰਗ ਤੋਂ ਇਲਾਵਾ ਪ੍ਰਕਾਸ਼ ਤੇ ਸੁੱਖ ਆਸਣ ਅਸਥਾਨ 'ਤੇ ਲਾਈਆਂ ਲੜੀਆਂ ਤੇ ਪੱਖੇ ਆਦਿ ਲਗਾਤਾਰ ਚੱਲਦੇ ਰਹਿਣ ਦੀ ਅਣਗਹਿਲੀ ਹੀ ਮੁੱਖ ਕਾਰਨ ਬਣ ਰਹੀ ਹੈ।
ਪਾਕਿਸਤਾਨ 'ਚ ਸਿੱਖ ਸੁਰੱਖਿਅਤ ਨਹੀਂ 
ਪਾਕਿਸਤਾਨ ਦੇ ਪੇਸ਼ਾਵਰ 'ਚ ਬੀਤੇ ਕੱਲ ਸਿੱਖ ਆਗੂ ਚਰਨਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੇਸ਼ਾਵਰ 'ਚ ਚਰਨਜੀਤ ਸਿੰਘ ਦੀ ਦੁਕਾਨ 'ਤੇ ਹੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਕਤਲ ਕਰ ਦੇਣਾ ਪਾਕਿਸਤਾਨ 'ਚ ਸਿੱਖਾਂ ਦੇ ਅਸੁਰੱਖਿਅਤ ਹੋਣ ਦੀ ਤਸਦੀਕ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਅਜੇ ਪਿਛਲੇ ਦਿਨੀਂ ਹੀ ਪਾਕਿਸਤਾਨ 'ਚ ਸੁਰੱਖਿਅਤ ਨਾ ਹੋਣ ਕਾਰਨ ਇਕ ਸਿੱਖ ਪਰਿਵਾਰ ਆਪਣੀ ਰੋਜ਼ੀ-ਰੋਟੀ, ਘਰ-ਬਾਰ ਛੱਡ ਕੇ ਪੱਕੇ ਤੌਰ 'ਤੇ ਭਾਰਤ 'ਚ ਰਹਿਣ ਲਈ ਮਜਬੂਰ ਹੋਇਆ ਅਤੇ ਹੁਣ ਇਕ ਸਿੱਖ ਆਗੂ ਦਾ ਕਤਲ ਕਰ ਦਿੱਤਾ ਗਿਆ।
ਵਿਰਾਸਤੀ ਮਾਰਗ ਦੀ ਸਾਂਭ-ਸੰਭਾਲ ਵੱਲ ਧਿਆਨ ਦੇਵੇ ਸਰਕਾਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਵਿਰਾਸਤੀ ਮਾਰਗ ਦੀ ਸਾਂਭ-ਸੰਭਾਲ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਸ ਦੀ ਖੂਬਸੂਰਤੀ ਬਣੀ ਰਹੇ ਅਤੇ ਸੰਗਤਾਂ ਇਥੋਂ ਚੰਗਾ ਪ੍ਰਭਾਵ ਲੈ ਕੇ ਜਾ ਸਕਣ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਵਿਰਾਸਤੀ ਮਾਰਗ ਪਿਛਲੀ ਅਕਾਲੀ ਸਰਕਾਰ ਵੱਲੋਂ ਬਣਾਇਆ ਗਿਆ ਸੀ, ਜਦਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਇਸ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਰਗ 'ਤੇ ਜਿਥੇ ਸਫ਼ਾਈ ਵਿਵਸਥਾ ਦਾ ਮੰਦਾ ਹਾਲ ਹੈ, ਉਥੇ ਹੀ ਦੁਕਾਨਦਾਰ ਆਪਣੀਆਂ ਦੁਕਾਨਾਂ ਤੋਂ ਬਾਹਰ ਸਾਮਾਨ ਵਧਾ ਕੇ ਇਸ ਦੀ ਸੁੰਦਰ ਦਿੱਖ ਨੂੰ ਵਿਗਾੜ ਰਹੇ ਹਨ। ਇਸ ਤੋਂ ਇਲਾਵਾ ਆਵਾਰਾ ਕੁੱਤਿਆਂ ਦੀ ਭਰਮਾਰ ਵੀ ਸੰਗਤਾਂ ਲਈ ਖ਼ਤਰਾ ਬਣੀ ਹੋਈ ਹੈ।


Related News