ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਤੇ ਜਥੇਦਾਰ ਨੂੰ ਮਿਲੀਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਭਾਸ਼ ਨਗਰ ਦੀਆਂ ਦੋ ਧਿਰਾਂ

Friday, Jul 04, 2025 - 02:12 AM (IST)

ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਤੇ ਜਥੇਦਾਰ ਨੂੰ ਮਿਲੀਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਭਾਸ਼ ਨਗਰ ਦੀਆਂ ਦੋ ਧਿਰਾਂ

ਅੰਮ੍ਰਿਤਸਰ (ਸਰਬਜੀਤ) - ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਭਾਸ਼ ਨਗਰ, ਨਵੀਂ ਦਿੱਲੀ ਕਮੇਟੀ ਦੇ ਮੈਂਬਰ ਬਲਾਕ ਪ੍ਰਧਾਨ ਦਲਜੀਤ ਸਿੰਘ ਭਾਟੀਆ ਨੇ ਸਾਥੀਆਂ ਸਮੇਤ ਪਹੁੰਚ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ।

ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਦਲਜੀਤ ਸਿੰਘ ਭਾਟੀਆ ਨੇ ਸਕੱਤਰੇਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਸੀਂ ਨਵੀਂ ਦਿੱਲੀ ਦੇ ਗੁਰਦੁਆਰਾ ਸੁਭਾਸ਼ ਨਗਰ ਦੀਆਂ ਚੋਣਾਂ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸੁਨੇਹੇ ’ਤੇ ਆਏ ਹਾਂ। ਇਸ ਮਾਮਲੇ ਸੰਬੰਧੀ ਵਿਰੋਧੀ ਟੀਮ ਵੀ ਇੱਥੇ ਪਹੁੰਚੀ ਸੀ ਪਰ ਵਿਰੋਧੀ ਮੈਂਬਰ ਇੱਥੇ ਪਹੁੰਚ ਕੇ ਜਥੇਦਾਰ ਸਾਹਿਬ ਵੱਲੋਂ ਕਰਵਾਏ ਸਹਿਮਤੀ ਦੇ ਲੈਟਰ ਤੋਂ ਸਾਈਨ ਕਰਨ ਲਈ ਭੱਜ ਗਏ ਜੋ ਕਿ ਬਹੁਤ ਮੰਦਭਾਗਾ ਹੈ, ਜਿਸ ਤੋਂ ਇੰਝ ਲੱਗ ਰਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੂੰਹ ਮੋੜ ਰਹੇ ਹਨ, ਜੋ ਕਿ ਸਹੀ ਨਹੀਂ ਹੈ।

ਭਾਟੀਆ ਨੇ ਕਿਹਾ ਕਿ ਅਸੀਂ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਕਰਵਾਈਆਂ ਜਾਣ ਅਤੇ ਜਥੇਦਾਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਚੋਣਾਂ ਨਵੰਬਰ ਦੇ ਪਹਿਲੇ ਹਫ਼ਤੇ ਦੇ ਅੰਦਰ-ਅੰਦਰ ਕਰਵਾਈਆਂ ਜਾਣਗੀਆਂ। ਅਸੀਂ ਜਥੇਦਾਰ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਹੁਕਮਾਂ ਦੀ ਪਾਲਣਾ ਕਰਾਂਗੇ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਚੋਣਾਂ ਕਰਵਾਈਆਂ ਜਾਣ। ਇਸ ਮੌਕੇ ਸਰਬਜੀਤ ਸਿੰਘ ਨੀਟਾ, ਜਸਪਾਲ ਸਿੰਘ ਟੋਨੀ, ਸਰਬਜੀਤ ਸਿੰਘ ਸਨੀ, ਹਰਮਿੰਦਰ ਸਿੰਘ ਚੱਡਾ, ਮਨਪ੍ਰੀਤ ਸਿੰਘ, ਜਗਦੀਪ ਸਿੰਘ ਸਬਰਵਾਲ ਵੀ ਹਾਜ਼ਰ ਸਨ।

ਇੱਥੇ ਪਹੁੰਚੇ ਵਿਰੋਧੀ ਧਿਰ ਦੇ ਆਗੂ ਗੁਰਦੁਆਰਾ ਕਮੇਟੀ ਆਫ ਗੁਰਦੁਆਰਾ ਸਿੰਘ ਸਭਾ ਸੁਭਾਸ਼ ਨਗਰ ਦਿੱਲੀ ਦੇ ਪ੍ਰਧਾਨ ਭੁਪਿੰਦਰ ਸਿੰਘ ਬੱਗਾ ਨੇ ਕਿਹਾ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਬੁਲਾ ਕੇ ਜਬਰਦਸਤੀ ਸਾਈਨ ਕਰਵਾਏ ਜਾ ਰਹੇ ਹਨ ਜੋ ਕਿ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਸਾਡੀ ਇਕ ਵੀ ਗੱਲ ਨਾ ਸੁਣਦੇ ਹੋਏ ਦੂਜੇ ਪੱਖ ਦੀ ਗੱਲ ਰੱਖ ਰਹੇ ਹਨ, ਜਿਸ ਵਿਚ ਸਾਰੇ ਮੈਂਬਰ ਪਤਿਤ ਹਨ ਜੋ ਦਾੜੀ ਰੰਗ ਦੇ ਹਨ ਅਤੇ ਨਾ ਹੀ ਗੁਰਦੁਆਰਾ ਸਾਹਿਬ ਵਿਖੇ ਕਦੀ ਸੇਵਾ ਵਿੱਚ ਸ਼ਾਮਲ ਹੋਏ ਹਨ।

ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਗੁਰਦੁਆਰਾ ਸਿੰਘ ਸਭਾ ਸੁਭਾਸ਼ ਨਗਰ ਦਿੱਲੀ ਦੀਆਂ ਚੋਣਾਂ ਦੇ ਮੁੱਦੇ ’ਤੇ ਫ਼ੋਨ ਕੀਤਾ ਸੀ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਾਨੂੰ ਸ਼੍ਰੋਮਣੀ ਅਕਾਲੀ ਦਲ-ਬ-ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਦਬਾਅ ਹੇਠ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੁਬਾਰਾ ਕਰਵਾਉਣ ਲਈ ਮਜਬੂਰ ਕੀਤਾ ਜੋ ਕਿ ਅਸੀਂ ਨਹੀਂ ਹੋਣ ਦਵਾਂਗੇ ਕਿਉਂਕਿ ਸਾਡੀਆਂ ਚੋਣਾਂ 4 ਮਹੀਨੇ ਪਹਿਲਾਂ ਹੀ ਹੋ ਚੁੱਕੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਪ੍ਰੈਲ ਦੇ ਮਹੀਨੇ ਵਿੱਚ ਸੰਗਤਾਂ ਦੀ ਹਾਜ਼ਰੀ ਵਿਚ ਸਾਡੀ ਕਮੇਟੀ ਗਠਿਤ ਹੋਈ ਹੈ, ਜਿਸ ਦੇ ਸਾਰੇ ਪ੍ਰਮਾਣ ਸਾਡੇ ਹੱਕ ਵਿਚ ਹਨ ਪਰ ਅੱਜ ਜਥੇਦਾਰ ਸਾਹਿਬ ਸਾਡੀ ਗੱਲ ਨਾ ਸੁਣਦੇ ਹੋਏ ਦੂਸਰੇ ਪੱਖ ਦੀ ਗੱਲ ਕਰ ਰਹੇ ਹਨ ਜਿਸ ਨੂੰ ਅਸੀਂ ਕਦੀ ਵੀ ਨਹੀਂ ਕਬੂਲਾਂਗੇ।
 


author

Inder Prajapati

Content Editor

Related News