ਨੰਗਲ ਦੇ ਸਰਪੰਚ ''ਤੇ ਦਾੜ੍ਹੀ ਤੇ ਦਸਤਾਰ ਦੀ ਬੇਅਦਬੀ ਕਰਨ ਦੇ ਲੱਗੇ ਦੋਸ਼

Wednesday, May 23, 2018 - 05:19 AM (IST)

ਨੰਗਲ ਦੇ ਸਰਪੰਚ ''ਤੇ ਦਾੜ੍ਹੀ ਤੇ ਦਸਤਾਰ ਦੀ ਬੇਅਦਬੀ ਕਰਨ ਦੇ ਲੱਗੇ ਦੋਸ਼

ਆਲਮਗੀਰ(ਰਣਜੀਤ)-ਪਿਛਲੇ ਦਿਨੀਂ ਪਿੰਡ ਨੰਗਲ ਦੇ ਗੁਰਦੁਆਰਾ ਸਾਹਿਬ 'ਚ ਗੁਰਸਿੱਖ ਨੌਜਵਾਨ ਦੀ ਦਾੜ੍ਹੀ ਤੇ ਦਸਤਾਰ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਜਗਜੀਤ ਸਿੰਘ ਵੱਲੋਂ ਰਾਮ ਦਿਆਲ ਸਿੰਘ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਦੇ ਘਰੇਲੂ ਝਗੜੇ ਨੂੰ ਲੈ ਕੇ ਖਿੱਚੋ-ਤਾਣ ਹੋ ਗਈ ਤੇ ਨੌਜਵਾਨ ਨੇ ਸਰਪੰਚ ਤੋਂ ਮੁਆਫ਼ੀ ਵੀ ਮੰਗ ਲਈ ਪਰ ਦੂਸਰੇ ਦਿਨ ਸਰਪੰਚ ਵੱਲੋਂ ਰਾਮ ਦਿਆਲ ਸਿੰਘ ਨੂੰ ਗੁਰਦੁਆਰਾ ਬਾਬਾ ਮੰਗਤ ਸਿੰਘ ਨੰਗਲ 'ਚ ਆਉਣ ਲਈ ਸੁਨੇਹਾ ਦਿੱਤਾ। ਰਾਮ ਦਿਆਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਉਥੇ ਪੁੱਜਾ ਤਾਂ ਸਰਪੰਚ ਸਮੇਤ ਉਸ ਦੇ ਪੁੱਤਰ, ਨੂੰਹ, ਭਾਣਜੇ ਤੇ ਧਰਮ ਪਤਨੀ ਨੇ ਲੋਹੇ ਦੀਆਂ ਰਾਡਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇਸ ਕੁੱਟ-ਮਾਰ ਦੌਰਾਨ ਉਸ ਦੀ ਦਾੜ੍ਹੀ ਪੁੱਟ ਦਿੱਤੀ ਤੇ ਦਸਤਾਰ ਵੀ ਲਾਹ ਕੇ ਬੇਅਦਬੀ ਕੀਤੀ ਗਈ, ਜਿਸ 'ਤੇ ਉਸ ਨੇ ਦੋਸ਼ੀਆਂ ਖ਼ਿਲਾਫ਼ ਥਾਣਾ ਡੇਹਲੋਂ ਵਿਖੇ ਸ਼ਿਕਾਇਤ ਵੀ ਦਿੱਤੀ ਹੈ। ਸੂਤਰਾਂ ਮੁਤਾਬਕ ਪੁਲਸ ਵੱਲੋਂ ਜਦੋਂ ਗੁਰੂ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ 3 ਦਿਨਾਂ ਦੀ ਰਿਕਾਰਡਿੰਗ ਡਿਲੀਟ ਸੀ। ਅੱਜ ਪਿੰਡ ਨੰਗਲ ਵਿਚ ਗੁੱਸੇ 'ਚ ਆਏ ਲੋਕਾਂ ਵੱਲੋਂ ਵੱਡੀ ਗਿਣਤੀ 'ਚ ਗੁਰਦੁਆਰਾ ਬਾਬਾ ਅਤਰ ਸਿੰਘ ਵਿਖੇ ਵੱਡਾ ਇਕੱਠ ਕੀਤਾ ਗਿਆ ਅਤੇ ਦੋਸ਼ੀਆਂ ਖ਼ਿਲਾਫ਼ ਜਿੱਥੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ, ਉੱਥੇ ਗੁਰੂ ਮਰਿਆਦਾ ਦੀਆਂ ਧੱਜੀਆਂ ਉਡਾਉਣ ਲਈ ਦੋਸ਼ੀਆਂ ਤੇ ਗੁਰਦੁਆਰਾ ਬਾਬਾ ਸੰਗਤ ਸਿੰਘ ਦੀ ਪ੍ਰਬੰਧਕ ਕਮੇਟੀ ਖ਼ਿਲਾਫ਼ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ 295 ਏ ਤਹਿਤ ਪਰਚਾ ਦਰਜ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ। 
ਜਾਂਚ ਜਾਰੀ ਹੈ : ਏ. ਐੱਸ. ਆਈ. 
ਜਦੋਂ ਇਸ ਮਾਮਲੇ ਸਬੰਧੀ ਪੁਲਸ ਅਧਿਕਾਰੀ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਕੀ ਕਿਹਾ ਸਰਪੰਚ ਨੇ
ਜਦੋਂ ਇਸ ਸਬੰਧੀ ਪਿੰਡ ਨੰਗਲ ਦੇ ਸਰਪੰਚ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਆਸੀ ਰੰਜਿਸ਼ ਕਾਰਨ ਮੈਨੂੰ ਧੱਕੇ ਨਾਲ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਮੇਰੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।


Related News