ਪੰਜਾਬ, ਪੈਸਾ ਅਤੇ ਪੁਲਸ

Monday, May 21, 2018 - 05:17 PM (IST)

ਮੇਰਾ ਪੰਜ ਕੂ ਸਾਲ ਦਾ ਬੇਟਾ ਪਵਨੂਰ ਹਰ ਵਾਰ ਜਦੋਂ ਆਪਣੇ ਨਾਨਕੇ ਘਰ ਜਾਂਦਾ ਤਾਂ ਰਾਹ ਵਿਚ ਇਹ ਸਵਾਲ ਜ਼ਰੂਰ ਪੁੱਛਦਾ
'ਪਾਪਾ, ਇੱਧਰ ਇਨੇ ਪੁਲਸ ਵਾਲੇ ਅੰਕਲ ਕਿਉਂ ਖੜ੍ਹੇ ਨੇ...?
ਅਸਲ ਵਿਚ ਅਸੀਂ ਕੁਰੂਕਸ਼ੇਤਰ (ਹਰਿਆਣੇ) 'ਚ ਰਹਿੰਦੇ ਆਾਂ ਤੇ ਪਵਨੂਰ ਦੇ ਨਾਨਕੇ ਪਟਿਆਲੇ (ਪੰਜਾਬ) ਦੇ ਵਸਨੀਕ ਨੇ। ਇਸ ਲਈ ਹਰਿਆਣੇ ਦੀ ਹੱਦ ਖ਼ਤਮ ਹੁੰਦਿਆਂ 'ਸ਼ੰਭੂ ਬਾਰਡਰ' ਉੱਤੇ ਪੰਜਾਬ ਪੁਲਸ ਦੇ ਬਹੁਤ ਸਾਰੇ ਜਵਾਨਾਂ ਨੂੰ ਖੜ੍ਹੇ ਦੇਖ ਕੇ, ਪਵਨੂਰ ਅਕਸਰ ਹੀ ਇਹ ਸਵਾਲ ਪੁੱਛਦਾ ਹੈ।
'ਬੇਟਾ, ਸੁਰੱਖਿਆ ਕਰਕੇ ਤਾਇਨਾਤ ਨੇ।'ਮੈਂ ਹਰ ਵਾਰ ਇਹੋ ਜੁਆਬ ਦਿੰਦਾ ਹਾਂ। ਉਹ ਜੁਆਬ ਸੁਣ ਕੇ ਚੁਪ ਹੋ ਜਾਂਦਾ ਹੈ ਪਰ! ਇਸ ਵਾਰ ਉਸਨੇ ਅਗਲਾ ਸੁਆਲ ਕਰ ਦਿੱਤਾ ਹੈ ਜਿਸਦਾ ਮੈਨੂੰ ਕੋਈ ਜੁਆਬ ਨਹੀਂ ਔੜ ਰਿਹਾ,
'ਆਪਣੇ ਹਰਿਆਣੇ ਨੂੰ ਸੁਰੱਖਿਆ ਦੀ ਲੋੜ ਨਹੀਂ... ਇੱਧਰ ਤਾਂ ਕਦੇ ਕੋਈ ਪੁਲਸ ਵਾਲਾ ਅੰਕਲ ਖੜ੍ਹਾ ਨਹੀਂ   ਹੁੰਦਾ!!!'
ਮੈਨੂੰ ਅਹਿਸਾਸ ਹੋਇਆ ਕਿ ਪਵਨੂਰ ਗੱਲ ਤਾਂ ਦਰੁਸਤ ਆਖ ਰਿਹੈ। ਹਰਿਆਣੇ ਵਾਲੇ ਪਾਸੇ ਕਦੇ ਕੋਈ ਪੁਲਸ ਕਰਮਚਾਰੀ ਖੜ੍ਹਾ ਨਹੀਂ ਦਿੱਸਦਾ। ਹਾਂ, ਕਦੇ-ਕਦਾਈਂ 'ਹਾਈਵੇ ਪੈਟਰੋਲ ਵਾਲੀ ਗੱਡੀ ਜ਼ਰੂਰ ਖੜ੍ਹੀ ਹੁੰਦੀ ਹੈ ਪਰ, ਉਹ ਵੀ ਮਹੀਨੇ-ਮੱਸਿਆ ਹੀ।
ਪੰਜਾਬ ਵਾਲੇ ਪਾਸੇ ਚਾਲੀ-ਪੰਜਾਹ ਪੁਲਸ ਮੁਲਾਜ਼ਮ ਹਰ ਵਕਤ ਚਾਹ ਦੇ ਖੋਖਿਆਂ, ਰੇੜੀਆਂ, ਗੱਡੀਆਂ,       ਦੁਕਾਨਾਂ ਅਤੇ ਦਰੱਖ਼ਤਾਂ ਹੇਠਾਂ ਖੜ੍ਹੇ/ਬੈਠੇ ਨਜ਼ਰ ਆਉਂਦੇ ਹਨ। 
ਉਂਝ, ਦੇਖਿਆ ਜਾਵੇ ਤਾਂ ਹਰਿਆਣੇ ਵੱਲ ਜ਼ਿਆਦਾ ਮੁਲਾਜ਼ਮ ਹੋਣੇ ਚਾਹੀਦੇ ਹਨ ਕਿਉਂਕਿ ਪੰਜਾਬ ਦਾ ਕਾਫੀ ਇਲਾਕਾ, ਪਾਕਿਸਤਾਨ ਨਾਲ ਲੱਗਦਾ ਹੈ ਇਸ ਲਈ ਨਸ਼ਾ ਤਸਕਰ ਪੰਜਾਬ 'ਚੋਂ ਨਸ਼ੇ ਦੀ ਖੇਪ ਦਿੱਲੀ, ਹਰਿਆਣੇ ਜਾਂ ਹੋਰ ਦੂਜੇ ਸੂਬਿਆਂ ਵਿਚ ਸਪਲਾਈ ਕਰ ਸਕਦੇ ਹਨ।  ਪਰ! ਹੁੰਦਾ ਇਸ ਤੋਂ ਉਲਟ ਹੈ, ਪਤਾ ਨਹੀਂ ਕਿਉਂ?
ਕੁਝ ਮਹੀਨੇ ਪਹਿਲਾਂ ਇੱਕ ਸਰਵੇਖਣ ਵਿਚ ਮੈਂ ਕਿਤੇ ਪੜ੍ਹਿਆ ਸੀ, 'ਪੰਜਾਬ ਵਿਚ ਪੁਲਸ ਮੁਲਾਜ਼ਮਾਂ ਦੀ ਨਫ਼ਰੀ ਪੂਰੇ ਦੇਸ਼ ਵਿਚੋਂ ਦੂਜੇ ਨੰਬਰ ਤੇ ਹੈ। ਉਸ ਸਰਵੇਖਣ ਵਿਚ ਪਹਿਲੇ ਨੰਬਰ ਉੱਤੇ ਪੱਛਮੀ ਬੰਗਾਲ ਦਾ ਨਾਮ ਸੀ ਅਤੇ ਦੂਜੇ ਤੇ ਪੰਜਾਬ ਦਾ।
ਪੱਛਮੀ ਬੰਗਾਲ ਪਹਿਲੇ ਨੰਬਰ ਤੇ ਹੋਣ ਦੇ ਬਾਵਜੂਦ ਘੱਟ ਪੁਲਸ ਨਫ਼ਰੀ ਦੀ ਸਮੱਸਿਆ ਤੋਂ ਜੂਝ ਰਿਹਾ ਹੈ     ਕਿਉਂਕਿ ਆਬਾਦੀ ਅਤੇ ਖੇਤਰਫਲ ਪੱਖੋਂ ਪੱਛਮੀ ਬੰਗਾਲ ਬਹੁਤ ਵੱਡਾ ਸੂਬਾ ਹੈ ਪਰ ਪੰਜਾਬ ਵਰਗੇ ਸੂਬੇ ਵਿਚ ਇੰਨੀ ਪੁਲਸ ਨਫਰੀ ਖਜਾਨੇ 'ਤੇ ਭਾਰ ਹੀ ਹੈ, ਇਸ ਤੋਂ ਵਧ ਕੁਝ ਨਹੀਂ।
ਖ਼ੈਰ! ਇਹ ਸੋਚਣਾ ਤਾਂ ਸਰਕਾਰਾਂ ਦਾ ਕੰਮ ਹੈ ਪਰ ਪਵਨੂਰ ਦੇ ਬਾਲ-ਮਨ ਵਿਚ ਉੱਠੇ ਇਸ ਗੰਭੀਰ ਸਵਾਲ ਨੇ ਮੈਨੂੰ ਤਾਂ ਚੁਪ ਕਰਵਾ ਹੀ ਦਿੱਤਾ ਹੈ...!!
ਡਾ. ਨਿਸ਼ਾਨ ਸਿੰਘ ਰਾਠੌਰ 
ਸੰਪਰਕ 75892 33437


Related News