ਰੇਲਵੇ ਫਾਟਕਾਂ ''ਤੇ ਲੱਗਦੇ ਜਾਮ ਕਾਰਨ ਪਬਲਿਕ ਪ੍ਰੇਸ਼ਾਨ
Monday, May 21, 2018 - 05:52 AM (IST)

ਤਰਨਤਾਰਨ, (ਵਾਲੀਆ)- ਸਥਾਨਕ ਸ਼ਹਿਰ 'ਚ ਪੈਂਦੇ ਰੇਲਵੇ ਫਾਟਕਾਂ 'ਤੇ ਲੱਗਦੇ ਜਾਮ ਕਾਰਨ ਪਬਲਿਕ ਪ੍ਰੇਸ਼ਾਨ ਹੋ ਰਹੀ ਹੈ। ਇਸ ਸਬੰਧੀ ਜਗ ਬਾਣੀ ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਮੀਆਂ ਸੁਲੇਮਾਨ ਨੇ ਦੱਸਿਆ ਕਿ ਜੰਡਿਆਲਾ ਰੋਡ ਰੇਲਵੇ ਫਾਟਕ, ਮੁਰਾਦਪੁਰ, ਸ੍ਰੀ ਗੋਇੰਦਵਾਲ ਸਾਹਿਬ ਰੇਲਵੇ ਫਾਟਕ ਬੰਦ ਹੋਣ ਕਰਕੇ ਵ੍ਹੀਕਲਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਜਿਸ ਕਰਕੇ ਪਬਲਿਕ ਆਪਣੇ ਕੰਮਕਾਜ ਤੋਂ ਲੇਟ ਹੋ ਜਾਂਦੀ ਹੈ ਅਤੇ ਇਸ ਨਾਲ ਪ੍ਰਦੂਸ਼ਣ ਵੀ ਫੈਲਦਾ ਹੈ।
ਮੀਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਰੇਲਵੇ ਫਾਟਕਾਂ ਤੇ ਟ੍ਰੈਫਿਕ ਪੁਲਸ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣ ਤਾਂ ਲੋਕ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਜੰਡਿਆਲਾ ਰੋਡ ਰੇਲਵੇ ਫਾਟਕ 'ਤੇ ਟ੍ਰੈਫਿਕ ਪੁਲਸ ਡਿਊਟੀ 'ਤੇ ਤਾਇਨਾਤ ਹੁੰਦੀ ਹੈ ਪਰ ਟ੍ਰੈਫਿਕ ਪੁਲਸ ਦੇ ਇਕ ਕਰਮਚਾਰੀ ਤੋਂ ਇੱਥੇ ਟ੍ਰੈਫਿਕ ਕੰਟਰੋਲ ਨਹੀਂ ਹੁੰਦੀ। ਉਨ੍ਹਾਂ ਐੱਸ. ਐੱਸ. ਪੀ. ਪਾਸੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਸਮੱਸਿਆ ਤੋਂ ਪਬਲਿਕ ਨੂੰ ਨਿਜਾਤ ਦਿਵਾਉਣ ਲਈ ਟ੍ਰੈਫਿਕ ਪੁਲਸ ਅਧਿਕਾਰੀਆਂ, ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਰੇਲਵੇ ਫਾਟਕਾਂ 'ਤੇ ਪੱਕੇ ਤੌਰ 'ਤੇ ਲਾਇਆ ਜਾਵੇ।