ਜਗਰਾਓਂ ''ਚ ਬਿਜਲੀ ਸਪਲਾਈ ਦਾ ਹਾਲ ਮਾੜਾ

Tuesday, May 22, 2018 - 04:42 AM (IST)

ਕਈ ਘੰਟੇ ਲਗਦਾ ਕੱਟ, ਮੁਰੰਮਤ ਲਈ ਕੋਈ ਵੀ ਮੁਲਾਜ਼ਮ ਨਹੀਂ ਸ਼ਿਕਾਇਤ ਕੇਂਦਰ 'ਚ
ਜਗਰਾਓਂ(ਮਾਲਵਾ)-ਇਕ ਨਿੱਜੀ ਕੰਪਨੀ ਵੱਲੋਂ ਜਗਰਾਓਂ ਇਲਾਕੇ ਦੇ ਬਿਜਲੀ ਦੇ ਕੰਮਾਂ ਨੂੰ ਭਾਵੇਂ ਕਾਫੀ ਨੇਪਰੇ ਚਾੜ੍ਹਿਆ ਹੈ ਪਰ ਜਗਰਾਓਂ ਅੰਦਰ ਬਿਜਲੀ ਦੀ ਸਪਲਾਈ ਦਾ ਅਤਿ ਮੰਦਾ ਹਾਲ ਹੈ। ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਬਿਨਾਂ ਅਗਾਊਂ ਸੂਚਨਾ ਦਿੱਤੇ ਲਗਾਤਾਰ 10-11 ਘੰਟੇ ਬਿਜਲੀ ਦੀ ਸਪਲਾਈ ਠੱਪ ਕਰਕੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਭਾਵੇਂ ਕਿ ਸਰਕਾਰ ਵੱਲੋਂ ਵੋਟਾਂ ਸਮੇਂ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਦੇ ਵੱਡੇ-ਵੱਡੇ ਵਾਅਦੇ ਤਾਂ ਕੀਤੇ ਗਏ ਸਨ ਪਰ ਬਿਜਲੀ ਸਪਲਾਈ ਦਾ ਮਾੜਾ ਹਾਲ ਹੋਣ ਕਾਰਨ ਉਨ੍ਹਾਂ ਵਾਅਦਿਆਂ ਨੂੰ ਬੂਰ ਨਹੀਂ ਪੈ ਰਿਹਾ, ਜਦਕਿ ਸਰਕਾਰ ਵੱਲੋਂ ਝੋਨਾ ਲਗਾਉਣ ਲਈ ਕਿਸਾਨਾਂ ਨੂੰ 20 ਜੂਨ ਦੀ ਮਿਤੀ ਦਿੱਤੀ ਗਈ ਹੈ ਪਰ ਉਸ ਤੋਂ ਪਹਿਲਾਂ ਹੀ ਜੇਕਰ ਬਿਜਲੀ ਸਪਲਾਈ ਦਾ ਇੰਨਾ ਮਾੜਾ ਹਾਲ ਹੋਇਆ ਪਿਆ ਹੈ, ਜਦੋਂ ਝੋਨਾ ਲਗਾਉਣਾ ਹੋਵੇਗਾ ਤਾਂ ਬਿਜਲੀ ਦੀ ਖ਼ਪਤ ਵੱਧ ਜਾਣ ਕਾਰਨ ਸਰਕਾਰ ਦੀ ਇਸ ਮਾੜੀ ਕਾਰਗੁਜ਼ਾਰੀ ਤੋਂ ਜਾਪਦਾ ਹੈ ਕਿ ਲੋਕਾਂ ਨੂੰ ਬਿਜਲੀ ਮਿਲਣੀ ਨਸੀਬ ਹੀ ਨਾ ਹੋਵੇ। ਇਕ ਤਾਂ ਪਹਿਲਾਂ ਹੀ ਅਤਿ ਦੀ ਗਰਮੀ ਪੈ ਰਹੀ ਹੈ, ਉਪਰੋਂ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੇ ਲੋਕਾਂ ਦੇ ਸਾਹ ਸੂਤਣੇ ਸ਼ੁਰੂ ਕਰ ਦਿੱਤੇ ਹਨ, ਡੀਜ਼ਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਆਮ ਵਿਅਕਤੀ ਨੂੰ ਮਜਬੂਰਨ ਗਰਮੀ 'ਚ ਬੈਠ ਕੇ ਡੰਗ ਟਪਾਉਣਾ ਪੈ ਰਿਹਾ ਹੈ। ਭਰੋਸੇਯੋਗ ਸੂਤਰਾਂ ਮੁਤਾਬਿਕ ਨਗਰ ਕੌਂਸਲ ਦੇ ਨਾਲ ਬਣੇ ਬਿਜਲੀ ਸ਼ਿਕਾਇਤ ਕੇਂਦਰ 'ਚ ਬਿਜਲੀ ਦੀ ਸ਼ਿਕਾਇਤ ਦੂਰ ਕਰਨਾ ਤਾਂ ਇਕ ਪਾਸੇ ਰਿਹਾ, ਸ਼ਿਕਾਇਤ ਲਿਖਣ ਵਾਲਾ ਵੀ ਕੋਈ ਮੁਲਾਜ਼ਮ ਮੌਜੂਦ ਨਹੀਂ ਹੁੰਦਾ। ਜੇਕਰ ਇਲਾਕੇ ਅੰਦਰ ਕਿਸੇ ਦੀ ਬਿਜਲੀ ਸਪਲਾਈ ਖ਼ਰਾਬ ਹੋ ਜਾਵੇ ਤਾਂ ਉਸ ਨੂੰ ਮਜਬੂਰਨ ਪ੍ਰਾਈਵੇਟ ਤੌਰ 'ਤੇ ਹੀ ਨਿੱਜੀ ਖ਼ਰਚੇ ਨਾਲ ਬਿਜਲੀ ਠੀਕ ਕਰਵਾਉਣੀ ਪੈਂਦੀ ਹੈ।
ਕੀ ਕਹਿੰਦੇ ਹਨ ਐਕਸੀਅਨ ਧਰਮਪਾਲ?
ਇਸ ਸਬੰਧੀ ਐਕਸੀਅਨ ਧਰਮਪਾਲ ਨਾਲ ਮੋਬਾਇਲ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹੜੀ ਬਿਜਲੀ ਸਪਲਾਈ ਲਗਾਤਾਰ ਬੰਦ ਰਹੀ ਹੈ, ਜੋ ਰੀਗਲ ਮਾਰਕੀਟ ਕੋਲ ਇਕ ਪੋਲ ਟੁੱਟਣ ਕਰਕੇ ਰਹੀ ਹੈ, ਜਿਸ ਨੂੰ ਬਦਲਣ 'ਚ ਇੰਨਾ ਜ਼ਿਆਦਾ ਸਮਾਂ ਲਗ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਭਾਵੇਂ ਪ੍ਰਾਈਵੇਟ ਕੰਪਨੀ ਵੱਲੋਂ ਜਗਰਾਓਂ ਇਲਾਕੇ ਦੇ ਅੰਦਰ ਬਹੁਤ ਕੰਮ ਕੀਤੇ ਹਨ ਪਰ ਫਿਰ ਵੀ ਬਹੁਤ ਜ਼ਿਆਦਾ ਕੰਮ ਅਧੂਰੇ ਪਏ ਹਨ। ਸ਼ਿਕਾਇਤ ਕੇਂਦਰ ਸਬੰਧੀ ਉਨ੍ਹਾਂ ਦੱਸਿਆ ਕਿ ਅਬੋਹਰ ਦੇ ਠੇਕੇਦਾਰ ਵੱਲੋਂ ਸ਼ਿਕਾਇਤ ਕੇਂਦਰ ਦਾ ਠੇਕਾ ਲਿਆ ਗਿਆ, ਜਿਸ ਨੂੰ ਉਹ ਵਿਚਾਲੇ ਛੱਡ ਕੇ ਚਲਾ ਗਿਆ ਹੈ। ਹੁਣ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਇਕ ਜੇ. ਈ. ਦੀ ਰੋਜ਼ਾਨਾ ਡਿਊਟੀ ਲਗਾਈ ਜਾਂਦੀ ਹੈ, ਜੋ ਕਿ ਉਹ ਆਪਣੇ ਮੁਲਾਜ਼ਮਾਂ ਵੱਲੋਂ ਲੋਕਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਨੂੰ ਦੂਰ ਕਰਦੇ ਹਨ।


Related News