ਪਾਸਪੋਰਟ ''ਤੇ ਬਣੇ ਉੱਪ ਨਾਮ ਦੇ ਕਾਲਮ ਕਾਰਨ ਇਟਲੀ ''ਚ ਪੰਜਾਬੀਆਂ ਨੂੰ ਆ ਰਹੀਆਂ ਨੇ ਇਹ ਮੁਸ਼ਕਲਾਂ

05/21/2018 10:19:37 AM

ਮਿਲਾਨ, (ਸਾਬੀ ਚੀਨੀਆ)— ਬੇਸ਼ੱਕ ਬਦਲਦੇ ਸਮੇਂ ਦੇ ਨਾਲ-ਨਾਲ ਲੋਕਾਂ ਨੇ ਬਦਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਕਈ ਅਜਿਹੀਆਂ ਗੱਲਾਂ ਦਾ ਧਿਆਨ ਰੱਖਣ ਲੱਗ ਪਏ ਹਨ ਤਾਂ ਕਿ ਉਨ੍ਹਾਂ ਨੂੰ ਬਾਅਦ 'ਚ ਪ੍ਰੇਸ਼ਾਨ ਨਾ ਹੋਣਾ ਪਿਆ। ਫਿਰ ਵੀ ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਕਰਕੇ ਸਾਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਜਾਣ ਮੌਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀਆਂ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ 'ਚ ਕਈ ਪੰਜਾਬੀ ਫਸੇ ਹੋਏ ਨਜ਼ਰ ਆ ਰਹੇ ਹਨ, ਜੋ ਪੰਜਾਬ ਤੋਂ ਇਟਲੀ ਵਿਚ ਪੱਕੇ ਤੌਰ 'ਤੇ ਰਹਿਣ ਦੇ ਇਰਾਦੇ ਨਾਲ ਆਏ ਹਨ। 
9 ਮਹੀਨਿਆਂ ਵਾਲੇ ਪੇਪਰ ਵੀਜ਼ੇ ਜਾਂ ਫਿਰ ਫੈਮਲੀ ਵੀਜ਼ਾ 'ਤੇ ਇਟਲੀ ਆਉਣ ਵਾਲਿਆਂ ਨੂੰ ਉਸ ਸਮੇਂ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਨ੍ਹਾਂ ਦੇ ਪਾਸਪੋਰਟ ਉੱਤੇ “ਸਰਨੇਮ, ( ਉੱਪਨਾਮ ) ਵਾਲੇ ਕਾਲਮ ਖਾਲੀ ਛੱਡਿਆ ਹੁੰਦਾ ਹੈ। ਬਿਨੇਕਾਰ ਦਾ ਨਾਂ ਸਿੰਘ/ ਕੌਰ/ ਕੁਮਾਰ ਨਾਮ ਦੇ ਪਿਛਲੇ ਪਾਸੇ ਲਿਖਿਆ ਹੁੰਦਾ ਹੈ। ਇਟਲੀ ਦੀਆਂ ਬਹੁਤ ਸਾਰੀਆਂ ਨਗਰ ਕੌਂਸਲਾਂ ਅਤੇ ਪੁਲਸ ਜਿਨ੍ਹਾਂ ਵੱਲੋਂ ਪੀ. ਆਰ. ਜਾਰੀ ਕੀਤੀ ਜਾਣੀ ਹੁੰਦੀ ਹੈ, ਉਹ ਇਟਲੀ ਦੇ ਪੇਪਰ ਦੇਣ ਮੌਕੇ ਖਾਲੀ ਕਾਲਮ ਨੂੰ ਦੇਖ ਕੇ ਕਾਗਜ਼ੀ ਕਾਰਵਾਈ ਪੂਰੀ ਕਰਵਾਉਣ ਲਈ ਆਖਦੇ ਹਨ। ਅਜਿਹੀ ਸਥਿਤੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਇਟਲੀ ਆਉਣ ਦੇ ਚਾਹਵਾਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇੱਥੇ ਆਉਣ ਤੋਂ ਪਹਿਲਾਂ ਆਪਣੇ ਪਾਸਪੋਰਟ ਉੱਤੇ ਸਰਨੇਮ ਲਿਖਵਾਉਣਾ ਕਦੇ ਨਾ ਭੁੱਲਣ । ਇਟਲੀ ਦੇ ਕਾਨੂੰਨ ਮੁਤਾਬਕ ਜਦ ਕਿਸੇ ਕੁੜੀ ਨੂੰ ਇਟਲੀ ਦੀ ਨਾਗਰਕਿਤਾ ਮਿਲਦੀ ਹੈ ਤਾਂ ਉਸ ਦੇ ਨਾਮ ਅੱਗੇ ਆਪਣੇ ਪਿਤਾ ਦਾ ਸਰਨੇਮ ਸਿੰਘ ਲਿਖਿਆ ਜਾਂਦਾ ਹੈ। ਬਹੁਤ ਸਾਰੇ ਅਜਿਹੇ ਪੰਜਾਬੀ ਨੌਜਵਾਨ ਵੀ ਹਨ, ਜਿਨ੍ਹਾਂ ਨੂੰ ਉੱਪਨਾਮ ਸਹੀ ਕਰਵਾਉਣ 'ਚ ਸਮਾਂ ਖਰਾਬ ਕਰਨਾ ਪੈਂਦਾ ਹੈ। ਕਈ ਵਾਰ ਤਾਂ ਵੀਜ਼ਾ ਲੱਗਣ ਦੀ ਸੂਰਤ ਵਿਚ ਪੇਪਰ ਵੀ ਖਰਾਬ ਹੋ ਜਾਂਦੇ ਹਨ। ਪਹਿਲਾਂ ਭਾਰਤੀ ਅੰਬੈਸੀ ਇਕ ਦਿਨ ਵਿਚ ਸੰਬੰਧਤ ਵਿਅਕਤੀ ਦੇ ਪਾਸਪੋਰਟ ਨੂੰ ਇਕ ਪੇਜ਼ 'ਤੇ ਲਿਖ ਕੇ ਮੋਹਰ ਲਗਾ ਦਿੰਦੀ ਸੀ ਕਿ ਇਸ ਵਿਅਕਤੀ ਦੇ ਨਾਮ ਨੂੰ ਇਸ ਤਰੀਕੇ ਪੜ੍ਹਿਆ ਜਾਵੇ ਪਰ ਭਾਰਤ ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਅਜਿਹਾ ਬੰਦ ਹੋ ਚੁੱਕਾ ਹੈ । ਕਿਸੇ ਵੀ ਗਲਤੀ ਨੂੰ ਠੀਕ ਕਰਨ ਦੀ ਸੂਰਤ ਵਿਚ ਪਾਸਪੋਰਟ ਨਵੀਂ ਕਾਪੀ ਦਿੱਤੀ ਜਾਂਦੀ ਹੈ, ਜਿਸ ਨੂੰ 2 ਮਹੀਨੇ ਦੇ ਕਰੀਬ ਸਮਾਂ ਲੱਗ ਰਿਹਾ ਹੈ। ਅਜਿਹੀ ਸਥਿਤੀ ਵਿਚ ਇਟਲੀ ਆਉਣ ਵਾਲੇ ਇਸ ਗੱਲ ਦਾ ਧਿਆਨ ਰੱਖਣ ਤੇ ਪਾਸਪੋਰਟ ਬਣਾਉਣ ਸਮੇਂ ਉੱਪਨਾਮ ਵਾਲੇ ਕਾਲਮ 'ਚ ਆਪਣਾ ਉੱਪਨਾਮ ਜ਼ਰੂਰ ਲਿਖਵਾਉਣ।


Related News