ਸੀ. ਬੀ. ਐੱਸ. ਈ. ਜੁਲਾਈ ''ਚ ਟੈਸਟ ਕਰੇਗੀ ਨਵਾਂ ਐਗਜ਼ਾਮੀਨੇਸ਼ਨ ਸਿਸਟਮ!

05/26/2018 4:45:35 AM

ਲੁਧਿਆਣਾ(ਵਿੱਕੀ)– ਸੀ. ਬੀ. ਐੱਸ. ਈ. 12ਵੀਂ ਅਰਥ ਸ਼ਾਸਤਰ ਦਾ ਪੇਪਰ ਲੀਕ ਹੋਣ ਨਾਲ ਹੋਈ ਕਿਰਕਰੀ ਤੋਂ ਬਾਅਦ ਹਰਕਤ ਵਿਚ ਆਏ ਮਨੁੱਖੀ ਵਸੀਲੇ ਅਤੇ ਵਿਕਾਸ ਮੰਤਰਾਲਾ (ਐੱਮ. ਐੱਚ. ਆਰ. ਡੀ.) ਵਲੋਂ ਜਾਂਚ ਲਈ ਬਣਾਈ ਗਈ ਕਮੇਟੀ ਬੇਸ਼ੱਕ ਜੂਨ ਤੋਂ ਪਹਿਲੇ ਹਫਤੇ ਤੱਕ ਆਪਣੀ ਰਿਪੋਰਟ ਸਰਕਾਰ ਨੂੰ ਦੇਵੇਗੀ ਪਰ ਕਮੇਟੀ ਵਲੋਂ ਕੀਤੀਆਂ ਜਾਣ ਵਾਲੀਆਂ ਸਿਫਾਰਿਸ਼ਾਂ ਸਪਲੀਮੈਂਟਰੀ ਪ੍ਰੀਖਿਆਵਾਂ 'ਚ ਹੀ ਚੈੱਕ ਕਰਨ ਦੀ ਯੋਜਨਾ ਸਰਕਾਰ ਤਿਆਰ ਕਰ ਰਹੀ ਹੈ, ਮਤਲਬ ਨਵੇਂ ਸਿਸਟਮ ਦਾ ਟੈਸਟ ਸੀ. ਬੀ. ਐੱਸ. ਈ. ਜੁਲਾਈ 'ਚ ਕਰ ਲਵੇਗੀ। ਪਹਿਲੇ ਪੜਾਅ ਵਿਚ ਇਹ ਪਾਇਲਟ ਪ੍ਰਾਜੈਕਟ ਹੋਵੇਗਾ। ਬੋਰਡ ਐਗਜ਼ਾਮ ਦੇ ਸਮੇਂ ਤੱਕ ਜੇਕਰ ਉਸ 'ਚ ਕੁਝ ਸੁਧਾਰ ਦੀ ਗੁੰਜਾਇਜ਼ ਰਹੇ ਤਾਂ ਉਸ ਨੂੰ ਵੀ ਪੂਰਾ ਕੀਤਾ ਜਾ ਸਕੇ। 
ਜੁਲਾਈ 'ਚ ਹੁੰਦੇ ਹਨ ਸਪਲੀਮੈਂਟਰੀ ਐਗਜ਼ਾਮ
ਜਾਣਕਾਰੀ ਅਨੁਸਾਰ ਸੀ. ਬੀ. ਐੱਸ. ਈ. ਦਾ ਪੇਪਰ ਲੀਕ ਹੋਣ ਤੋਂ ਬਾਅਦ ਮਨਿਸਟਰੀ ਨੇ ਸੀ. ਬੀ. ਐੱਸ. ਈ. ਦੀ ਐਗਜ਼ਾਮ ਪ੍ਰਕਿਰਿਆ ਦੀਆਂ ਖਾਮੀਆਂ ਲੱਭਣ ਅਤੇ ਉਨ੍ਹਾਂ ਨੂੰ ਦਰੁਸਤ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਜਾਣਕਾਰੀ ਮੁਤਾਬਕ ਕਮੇਟੀ ਸੀ. ਬੀ. ਐੱਸ. ਈ. ਨੂੰ ਨਵੀਂ ਐਗਜ਼ਾਮ ਪ੍ਰਤੀਕਿਰਿਆ ਬਾਰੇ ਦੱਸੇਗੀ। ਇਨ੍ਹਾਂ ਸਿਫਾਰਿਸ਼ਾਂ ਨੂੰ ਸੀ. ਬੀ. ਐੱਸ. ਈ. ਜੁਲਾਈ 'ਚ ਹੀ ਲਾਗੂ ਕਰ ਲਵੇਗੀ। ਇਥੇ ਦੱਸ ਦੇਈਏ ਕਿ ਬੋਰਡ ਵਲੋਂ ਰਿਜ਼ਲਟ ਜਾਰੀ ਹੋਣ ਤੋਂ ਬਾਅਦ ਸੀ. ਬੀ. ਐੱਸ. ਈ. ਸਪਲੀਮੈਂਟਰੀ ਜਿਸ 'ਚ ਕੰਪਾਰਟਮੈਂਟ ਅਤੇ ਇੰਪਰੂਵਮੈਂਟ ਐਗਜ਼ਾਮ ਕਰਵਾਉਂਦੀ ਹੈ, ਇਹ ਐਗਜ਼ਾਮ ਫੇਲ ਹੋਏ ਵਿਦਿਆਰਥੀ ਜਾਂ ਘੱਟ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨੰਬਰ ਸੁਧਾਰਨ ਦਾ ਇਕ ਹੋਰ ਮੌਕਾ ਦੇਣ ਲਈ ਹੁੰਦਾ ਹੈ। 
ਪਹਿਲੇ ਪੜਾਅ ਤੋਂ ਹੋਵੇਗਾ ਸਕੂਲਾਂ ਨੂੰ ਤਜਰਬਾ
ਦੱਸਿਆ ਜਾ ਰਿਹਾ ਹੈ ਕਿ ਜੇਕਰ ਕਮੇਟੀ ਆਉਣ ਵਾਲੇ 10 ਦਿਨਾਂ 'ਚ ਰਿਪੋਰਟ ਦੇ ਦੇਵੇਗੀ ਤਾਂ ਬੋਰਡ ਕੋਲ ਲਗਭਗ ਸਵਾ ਮਹੀਨਾ ਹੋਵੇਗਾ, ਜਿਸ ਵਿਚ ਨਵੇਂ ਸਿਸਟਮ ਮੁਤਾਬਕ ਸਪਲੀਮੈਂਟਰੀ ਐਗਜ਼ਾਮ ਕੰਡਕਟ ਹੋ ਸਕੇ। ਇਸ ਪ੍ਰਕਿਰਿਆ ਨਾਲ ਨਵੇਂ ਸਿਸਟਮ ਦਾ ਤਜਰਬਾ ਹੋਣ ਤੋਂ ਪਤਾ ਲੱਗ ਸਕੇਗਾ ਕਿ ਉਹ ਕਿੰਨਾ ਸਫਲ ਹੈ। ਪਹਿਲੇ ਪੜਾਅ 'ਚ ਇਹ ਪਾਇਲਟ ਪ੍ਰੋਜੈਕਟ ਹੋਵੇਗਾ ਤਾਂ ਕਿ ਜਦ ਅਗਲੇ ਸਾਲ 10ਵੀਂ ਅਤੇ 12ਵੀਂ ਦੇ ਬੋਰਡ ਐਗਜ਼ਾਮ 'ਚ ਇਸ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤਾਂ ਕਿ ਗਲਤੀ ਦੀ ਕੋਈ ਗੁੰਜਾਇਸ਼ ਨਾ ਰਹੇ। ਨਾਲ ਹੀ ਸਕੂਲਾਂ ਨੂੰ ਵੀ ਅਤੇ ਬੋਰਡ ਨੂੰ ਵੀ ਇਸ ਦਾ ਤਜਰਬਾ ਹੋ ਜਾਵੇਗਾ।
ਇਸ ਤਰ੍ਹਾਂ ਹੋ ਸਕਦਾ ਹੈ ਨਵਾਂ ਸਿਸਟਮ 
ਸੂਤਰਾਂ ਮੁਤਾਬਕ ਸਿਸਟਮ ਨੂੰ ਲੀਕ ਪਰੂਫ ਬਣਾਉਣ ਲਈ ਡਿਜ਼ੀਟਲਾਈਜ਼ੇਸ਼ਨ ਕਰਨ ਦੀ ਤਿਆਰੀ ਹੈ। ਕਮੇਟੀ ਨੇ ਇਸ 'ਤੇ ਵੀ ਵਿਚਾਰ ਕੀਤਾ ਹੈ ਕਿ ਐਗਜ਼ਾਮ ਸੈਂਟਰ ਨੂੰ ਪ੍ਰਸ਼ਨ ਪੱਤਰ ਪੇਪਰ ਦੀ ਫਿਜ਼ੀਕਲ ਕਾਪੀ ਭੇਜਣ ਦੀ ਬਜਾਏ ਪ੍ਰਸ਼ਨ ਪੱਤਰ ਦਾ ਲਿੰਕ ਭੇਜਿਆ ਜਾਵੇ ਜੋ ਕਿ ਪਾਸਵਰਡ ਨਾਲ ਹੀ ਖੋਲ੍ਹਿਆ ਜਾ ਸਕਦਾ ਹੈ। ਇਸ ਤਰ੍ਹਾਂ ਹੋ ਸਕਦਾ ਹੈ ਕਿ ਇਸ ਨੂੰ ਐਗਜ਼ਾਮ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਖੋਲ੍ਹਿਆ ਜਾਵੇ ਅਤੇ ਫਿਰ ਇਸ ਨੂੰ ਵਿਦਿਆਰਥੀਆਂ ਨੂੰ ਦਿੱਤਾ ਜਾਵੇ। 


Related News