ਨਾਰਵੇ ''ਚ ਵਧਦੀ ਗਰਮੀ ਨੇ ਤੋੜਿਆ 71 ਸਾਲ ਦਾ ਰਿਕਾਰਡ

05/26/2018 11:27:12 AM

ਕੋਪੇਨਹੇਗਨ— ਵਧਦੀ ਗਰਮੀ ਨਾਲ ਭਾਰਤ ਦੇ ਨਾਲ-ਨਾਲ ਦੁਨੀਆ ਦੇ ਬਾਕੀ ਦੇਸ਼ ਵੀ ਪਰੇਸ਼ਾਨ ਹਨ। ਇਸ ਸਮੇਂ ਅਜਿਹੇ ਦੇਸ਼ਾਂ ਵਿਚ ਵੀ ਤਾਪਮਾਨ ਵਧਦਾ ਜਾ ਰਿਹਾ ਹੈ, ਜਿੱਥੇ ਇਸ ਤੋਂ ਪਹਿਲਾਂ ਤੱਕ ਮੌਸਮ ਠੰਡਾ ਰਹਿੰਦਾ ਸੀ। ਅਜਿਹੀ ਹੀ ਇਕ ਖਬਰ ਨਾਰਵੇ ਤੋਂ ਆ ਰਹੀ ਹੈ। ਉਥੇ ਵਧਦੀ ਗਰਮੀ ਨੇ ਪਿਛਲੇ 71 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਹਾਲਾਂਕਿ ਉਥੇ ਇਸ ਸਮੇਂ ਪਾਰਾ 14.4 ਡਿਗਰੀ ਸੈਲਸੀਅਸ ਹੀ ਹੈ ਪਰ ਇਹ ਉਥੇ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਹੈ।
ਵਧਦੀ ਗਰਮੀ ਦੇ ਪਿੱਛੇ ਕੀ ਵਜ੍ਹਾ ਹੈ, ਫਿਲਹਾਲ ਇਹ ਕਿਸੇ ਨੂੰ ਸਮਝ ਨਹੀਂ ਆ ਰਿਹਾ ਹੈ। ਨਾਰਵੇ ਦੇ ਮੌਸਮ ਵਿਭਾਗ ਨੇ ਉਥੇ ਦੇ ਲੋਕਾਂ ਲਈ ਨਵੀਂ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਹ ਨਾਰਵੇ ਦੇ ਹਿਸਾਬ ਨਾਲ ਬਿਲਕੁੱਲ ਵੀ ਸਾਧਾਰਨ ਗੱਲ ਨਹੀਂ ਹੋਵੇਗੀ।
ਨਾਰਵੇ ਵਿਚ ਅੱਗ 'ਤੇ ਕਾਬੂ ਰੱਖਣ ਵਾਲੇ ਵਿਭਾਗ ਨੇ ਲੋਕਾਂ ਨੂੰ ਖੁੱਲ੍ਹੇ ਵਿਚ ਅੱਗ ਨਾ ਬਾਲਣ ਦੀ ਸਲਾਹ ਦਿੱਤੀ ਹੈ, ਅਜਿਹਾ ਉਥੇ ਦੇ ਸੁੱਕੇ ਜੰਗਲਾਂ ਅਤੇ ਘਾਹ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਅਜਿਹੀ ਹੀ ਚਿਤਾਵਨੀ ਜਰਮਨੀ ਵਿਚ ਵੀ ਲਾਗੂ ਹੈ। ਦੱਸ ਦਈਏ ਕਿ ਭਾਰਤ ਵਿਚ ਵੀ ਤਾਪਮਾਨ ਦਿਨ ਪ੍ਰਤੀਦਿਨ ਵਧਦਾ ਜਾ ਰਿਹਾ ਹੈ। ਇੱਥੇ ਵੀ ਗਰਮੀ ਨਾਲ ਲੋਕਾਂ ਦੀ ਹਾਲਤ ਖਰਾਬ ਹੋਈ ਪਈ ਹੈ।


Related News