ਚੰਡੀਗੜ੍ਹ ''ਚ ਗਰਮੀ ਦਾ ਕਹਿਰ, ਪਾਰਾ ਪੁੱਜਾ 40 ਤੋਂ ਪਾਰ, ਆਉਣ ਵਾਲੇ ਦਿਨਾਂ ''ਚ ਰਾਹਤ ਦੀ ਉਮੀਦ
Tuesday, May 07, 2024 - 10:41 AM (IST)
ਚੰਡੀਗੜ੍ਹ (ਰੋਹਾਲ) : ਸ਼ਹਿਰ ’ਚ ਸੋਮਵਾਰ ਨੂੰ ਤਾਪਮਾਨ 40 ਡਿਗਰੀ ਪਾਰ ਹੋ ਗਿਆ। ਸੀਜ਼ਨ ’ਚ ਇਹ ਦੂਜਾ ਮੌਕਾ ਸੀ, ਜਦੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਕਰ ਗਿਆ। ਇਸ ਤੋਂ ਪਹਿਲਾਂ 4 ਮਈ ਨੂੰ ਪਾਰਾ 40.6 ਡਿਗਰੀ ਦਰਜ ਕੀਤਾ ਗਿਆ ਸੀ। ਐਤਵਾਰ ਰਾਤ ਹੀ ਘੱਟ ਤੋਂ ਘੱਟ ਤਾਪਮਾਨ 23.5 ਡਿਗਰੀ ਤੋਂ ਹੇਠਾ ਨਹੀਂ ਗਿਆ। ਇਸ ਕਾਰਨ ਸਵੇਰ ਤੋਂ ਹੀ ਤਪਿਸ਼ ਰਹੀ। ਦਿਨ ਦੇ ਨਾਲ-ਨਾਲ ਪਾਰਾ ਚੜ੍ਹਦਾ ਗਿਆ ਤੇ ਦੁਪਹਿਰ ’ਚ ਤਾਪਮਾਨ 40.2 ਡਿਗਰੀ ਹੋ ਗਿਆ।
ਆਉਣ ਵਾਲੇ ਤਿੰਨ ਦਿਨਾਂ ਤੱਕ ਮੌਸਮ ਗਰਮ ਰਹੇਗਾ। ਹਾਲਾਂਕਿ 9 ਮਈ ਤੋਂ ਬਾਅਦ ਸਰਗਰਮ ਹੋਣ ਵਾਲੀ ਪੱਛਮੀ ਗੜਬੜੀ ਗਰਮੀ ਦੇ ਅਸਰ ਨੂੰ ਤਿੰਨ ਦਿਨਾਂ ਲਈ ਘੱਟ ਕਰੇਗੀ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਮੌਸਮ ’ਚ ਗਰਮੀ ਬਣੀ ਰਹੇਗੀ। ਤਾਪਮਾਨ 40 ਡਿਗਰੀ ਦੇ ਆਸ-ਪਾਸ ਰਹੇਗਾ ਪਰ 9 ਮਈ ਤੋਂ ਇਕ ਮਜ਼ਬੂਤ ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਹੈ, ਜੋ ਪੂਰੇ ਉੱਤਰ ਭਾਰਤ ’ਚ ਮੌਸਮ ਬਦਲੇਗੀ। ਪੱਛਮੀ ਗੜਬੜੀ ਸਰਗਰਮ ਹੋਣ ਨਾਲ ਮਿੱਟੀ ਭਰੀ ਹਵਾ ਤੇ ਮੀਂਹ ਦੇ ਵੀ ਆਸਾਰ ਬਣ ਰਹੇ ਹਨ। ਮੌਸਮ ’ਚ ਹੋਣ ਵਾਲੇ ਬਦਲਾਅ ਨਾਲ ਤਾਪਮਾਨ ਵਿਚ ਵੀ ਗਿਰਾਵਟ ਆਉਣ ਕਰ ਕੇ ਗਰਮੀ ਦਾ ਅਸਰ ਕੁਝ ਘੱਟ ਹੋ ਸਕਦਾ ਹੈ। ਤਾਪਮਾਨ 36 ਤੋਂ 38 ਡਿਗਰੀ ਦੇ ਆਸ-ਪਾਸ ਰਹੇਗਾ।
ਮਈ ਦੇ ਮੌਸਮ ਨਾਲ ਜੁੜੇ ਤੱਥ
28 ਮਈ 1998 : ਇਕ ਦਿਨ ’ਚ ਸਭ ਤੋਂ ਜ਼ਿਆਦਾ ਵੱਧ ਤੋਂ ਵੱਧ ਤਾਪਮਾਨ 46.5 ਡਿਗਰੀ
11 ਮਈ 1987 : ਸਭ ਤੋਂ ਘੱਟ ਤੋਂ ਘੱਟ ਤਾਪਮਾਨ 11.5 ਡਿਗਰੀ
13 ਮਈ 1974 : ਇਕ ਦਿਨ ’ਚ ਸਭ ਤੋਂ ਜ਼ਿਆਦਾ ਮੀਂਹ 55 ਮਿ.ਮੀ.
7 ਮਈ 1971 : ਸਭ ਤੋਂ ਜ਼ਿਆਦਾ ਮੀਂਹ 130.7 ਮਿ.ਮੀ.