6 ਪਿੰਡਾਂ ਦੇ ਲੋਕਾਂ ਵੱਲੋਂ ਟੋਲ ਮੁਆਫ ਨਾ ਕਰਨ 'ਤੇ ਕੌਮੀ ਮਾਰਗ ਜਾਮ ਕਰਨ ਦੀ ਚਿਤਾਵਨੀ
Tuesday, Jun 05, 2018 - 01:52 AM (IST)

ਬਨੂੜ, (ਗੁਰਪਾਲ)- ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ 'ਤੇ ਪਿੰਡ ਅਜ਼ੀਜ਼ਪੁਰ ਨੇੜੇ ਲੱਗੇ ਟੋਲ-ਪਲਾਜ਼ਾ ਦੇ ਅਧਿਕਾਰੀਆਂ ਵਿਰੁੱਧ ਨੇੜਲੇ 6 ਪਿੰਡਾਂ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਉਨ੍ਹਾਂ ਦੀਆਂ ਨਿੱਜੀ ਕਾਰਾਂ ਦੀ ਟੋਲ ਪਰਚੀ ਮੁਆਫ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਜਾਇਜ਼ ਮੰਗ ਨੂੰ ਹਫਤੇ ਦੇ ਅੰਦਰ-ਅੰਦਰ ਪੂਰਾ ਨਾ ਕੀਤਾ ਗਿਆ ਤਾਂ ਉਹ ਅਣਮਿਥੇ ਸਮੇਂ ਲਈ ਕੌਮੀ ਮਾਰਗ 'ਤੇ ਆਵਾਜਾਈ ਠੱਪ ਕਰ ਦੇਣਗੇ।
ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਟੋਲ-ਪਲਾਜ਼ਾ ਨੇੜਲੇ ਪਿੰਡ ਅਜ਼ੀਜ਼ਪੁਰ, ਕਰਾਲਾ, ਕਨੌੜ, ਸੇਖਣ ਮਾਜਰਾ, ਰਾਮਪੁਰ ਤੇ ਕੁਰੜੀ ਦੇ 1000 ਦੇ ਲਗਭਗ ਵਸਨੀਕ ਟੋਲ-ਪਲਾਜ਼ਾ ਨੇੜੇ ਇਕੱਤਰ ਹੋ ਕੇ ਪਲਾਜ਼ੇ ਦੇ ਅਧਿਕਾਰੀਆਂ ਖਿਲਾਫ ਧਰਨਾ ਦੇਣ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਟੋਲ ਕਰਮਚਾਰੀ ਨੇੜਲੇ ਪਿੰਡਾਂ ਦੇ ਵਸਨੀਕਾਂ ਦੀਆਂ ਨਿੱਜੀ ਕਾਰ ਤੋਂ ਪਰਚੀ ਵਸੂਲ ਰਹੇ ਹਨ, ਜਿਸ ਕਾਰਨ ਉਹ ਪਰੇਸ਼ਾਨ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਜਾਇਜ਼ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਕੌਮੀ ਮਾਰਗ ਨੂੰ ਅਣਮਿਥੇ ਸਮੇਂ ਲਈ ਜਾਮ ਕਰਨਗੇ।
ਮਾਮਲੇ ਦੀ ਸੂਚਨਾ ਮਿਲਦੇ ਹੀ ਨਾਇਬ-ਤਹਿਸੀਲਦਾਰ ਜਸਵੀਰ ਕੌਰ ਤੇ ਐੈੱਸ. ਐੈੱਚ. ਓ. ਸੁਖਦੀਪ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਏ ਤੇ ਲੋਕਾਂ ਦੀ ਟੋਲ-ਪਲਾਜ਼ਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਵਾਈ। ਉਨ੍ਹਾਂ ਪਿੰਡ ਦੇ ਵਸਨੀਕਾਂ ਨੂੰ ਮਾਮਲਾ ਐੱਨ. ਐੈੱਚ. ਏ. ਤੇ ਹੋਰ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਛੱਜਾ ਸਿੰਘ ਸਰਪੰਚ ਕੁਰੜੀ, ਸੁਰਿੰਦਰ ਸਰਪੰਚ ਰਾਮਪੁਰ, ਬਲਦੇਵ ਕਨੌੜ, ਨਾਗਰ ਸਿੰਘ ਸਰਪੰਚ, ਕੁਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ, ਰੂਬੀ ਕਨੌੜ ਤੇ ਕਿਹਰ ਸਿੰਘ ਕਨੌੜ ਤੋਂ ਇਲਾਵਾ 1000 ਦੇ ਲਗਭਗ ਵਸਨੀਕਾਂ ਹਾਜ਼ਰ ਸਨ।
ਸੜਕਾਂ ਦੇ ਜਾਲ ਵਿਛਾਉਣ ਦੇ ਨਾਂ 'ਤੇ ਹੋ ਰਹੀ ਹੈ ਲੁੱਟ
ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਸਮਾਜ-ਸੇਵੀ ਕਰਨਵੀਰ ਸ਼ੈਂਟੀ ਥੰਮਨ ਤੇ ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੜਕਾਂ 'ਤੇ ਜਾਲ ਵਿਛਾਉਣ ਦੇ ਨਾਂ 'ਤੇ ਜਨਤਾ ਦੀ ਦੋਹਰੀ ਲੁੱਟ ਕੀਤੀ ਜਾ ਰਹੀ ਹੈ।