ਜਲੰਧਰ ਵਾਸੀਆਂ ਲਈ ਵੱਡੀ ਸਹੂਲਤ! ਹੁਣ ਹਫ਼ਤੇ ’ਚ 6 ਦਿਨ ਖੁੱਲ੍ਹੇਗਾ ਇਹ ਸੇਵਾ ਕੇਂਦਰ, ਨਹੀਂ ਪਵੇਗੀ ਛੁੱਟੀ ਲੈਣ ਦੀ ਲੋੜ
Sunday, Jul 13, 2025 - 03:00 PM (IST)

ਜਲੰਧਰ (ਪੁਨੀਤ)–ਜਲੰਧਰ ਦੇ ਲੋਕਾਂ ਲਈ ਇਕ ਵੱਡੀ ਸਹੂਲਤ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਮਾਡਲ ਟਾਊਨ ਸਥਿਤ ਸੇਵਾ ਕੇਂਦਰ ਹੁਣ 14 ਜੁਲਾਈ ਤੋਂ ਹਫ਼ਤੇ 'ਚ 6 ਦਿਨ ਕੰਮ ਕਰੇਗਾ। ਜਨਤਾ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਤੋਂ ਰਾਤ 8 ਵਜੇ ਤਕ ਸੇਵਾ ਕੇਂਦਰ ਖੁੱਲ੍ਹਾ ਮਿਲੇਗਾ। ਇਹ ਫ਼ੈਸਲਾ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਲਿਆ ਗਿਆ ਹੈ, ਜਿਸ ਨਾਲ ਆਮ ਜਨਤਾ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਸਹੂਲਤਾਂ ਹੋਰ ਜ਼ਿਆਦਾ ਸਹਿਜਤਾ ਨਾਲ ਮਿਲ ਸਕਣਗੀਆਂ।
ਇਹ ਵੀ ਪੜ੍ਹੋ: ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਹਿਲਾਂ ਸੇਵਾ ਕੇਂਦਰਾਂ ਦਾ ਸਮਾਂ ਸਵੇਰ ਤੋਂ ਲੈ ਕੇ ਦੁਪਹਿਰ ਜਾਂ ਸ਼ਾਮ ਤਕ ਹੀ ਹੁੰਦਾ ਸੀ, ਜਿਸ ਨਾਲ ਨੌਕਰੀਪੇਸ਼ਾ ਲੋਕਾਂ, ਦੁਕਾਨਦਾਰਾਂ ਜਾਂ ਹੋਰ ਕੰਮਕਾਜੀ ਨਾਗਰਿਕਾਂ ਨੂੰ ਕੇਂਦਰ ਤਕ ਪਹੁੰਚਣ ਵਿਚ ਸਮੇਂ ਦੀ ਦਿੱਕਤ ਹੁੰਦੀ ਸੀ ਪਰ ਹੁਣ ਕੇਂਦਰ ਦਾ ਸਮਾਂ ਵਧਾ ਕੇ 12 ਘੰਟੇ ਕਰ ਦਿੱਤਾ ਗਿਆ ਹੈ, ਜਿਸ ਨਾਲ ਉਹ ਸ਼ਾਮ ਨੂੰ ਵੀ ਆਪਣਾ ਕੰਮ ਨਿਪਟਾ ਸਕਦੇ ਹਨ। ਇਸ ਨਾਲ ਵਧੇਰੇ ਲੋਕਾਂ ਨੂੰ ਆਪਣੇ ਕੰਮ ਲਈ ਛੁੱਟੀ ਲੈਣ ਦੀ ਲੋੜ ਨਹੀਂ ਪਵੇਗੀ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
ਡਾ. ਅਗਰਵਾਲ ਨੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਸੀ ਕਿ ਲੋਕ 5 ਵਜੇ ਤੋਂ ਬਾਅਦ ਆਪਣੇ ਕੰਮਾਂ ਤੋਂ ਫ੍ਰੀ ਹੁੰਦੇ ਸਨ। ਉਹ ਹੁਣ ਸਵੇਰੇ ਜਲਦੀ ਜਾਂ ਸ਼ਾਮ ਨੂੰ ਵੀ ਕੇਂਦਰ ’ਤੇ ਆ ਕੇ ਆਪਣੇ ਜ਼ਰੂਰੀ ਦਸਤਾਵੇਜ਼ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਮ ਲੋੜਾਂ ਵਿਚ ਸ਼ਾਮਲ ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਆਧਾਰ ਕਾਰਡ, ਨਿਵਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਇਨਕਮ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਬੁਢਾਪਾ ਪੈਨਸ਼ਨ ਆਦਿ ਦੇ ਕੰਮ ਨਿਪਟਾਉਣਾ ਲੋਕਾਂ ਲਈ ਆਸਾਨ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਹੂਲਤ ਖ਼ਾਸ ਕਰਕੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ, ਔਰਤਾਂ, ਨਿੱਜੀ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਅਤੇ ਬਜ਼ੁਰਗਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਵਿਵਸਥਾ ਦਾ ਪੂਰਾ ਲਾਭ ਉਠਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੇਵਾ ਕੇਂਦਰ ਨਾਲ ਸਿੱਧਾ ਸੰਪਰਕ ਕਰਨ।
ਇਹ ਵੀ ਪੜ੍ਹੋ: ਗੋਰਾਇਆ ਵਿਖੇ ਝੋਨੇ ਦੇ ਖੇਤਾਂ ’ਚ ਬਜ਼ੁਰਗ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਚੱਲ ਰਹੇ ਸੇਵਾ ਕੇਂਦਰਾਂ ਜ਼ਰੀਏ ਲੋਕਾਂ ਨੂੰ ਇਕ ਹੀ ਥਾਂ ’ਤੇ 400 ਤੋਂ ਵੱਧ ਸੇਵਾਵਾਂ ਪਾਰਦਰਸ਼ੀ ਅਤੇ ਆਸਾਨ ਢੰਗ ਨਾਲ ਦਿੱਤੀਆਂ ਜਾ ਰਹੀਆਂ ਹਨ। ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਵਾਅਦੇ ਦਾ ਹਿੱਸਾ ਹੈ, ਜਿਸ ਵਿਚ ਜਨਤਾ ਨੂੰ ਸਰਕਾਰੀ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ। ਹੁਣ ਲੋਕਾਂ ਨੂੰ ਛੋਟੇ-ਛੋਟੇ ਕੰਮਾਂ ਲਈ ਛੁੱਟੀ ਲੈਣ ਦੀ ਲੋੜ ਨਹੀਂ ਪਵੇਗੀ, ਸਗੋਂ ਉਹ ਆਪਣੇ ਸਮੇਂ ਅਨੁਸਾਰ ਸਹੂਲਤ ਨਾਲ ਕੇਂਦਰ ’ਤੇ ਜਾ ਕੇ ਕੰਮ ਕਰਵਾ ਸਕਣਗੇ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਰੇਲਵੇ ਲਾਈਨਾਂ ਨੇੜੇ ਹੋਈ ਫਾਇਰਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e