ਪੰਜਾਬੀਓ 6 ਅਕਤੂਬਰ ਤੱਕ ਮੰਨਣੇ ਪੈਣਗੇ ਹੁਕਮ, ਹੁਣ ਲੱਗ ਗਈਆਂ ਪਾਬੰਦੀਆਂ

Friday, Jul 11, 2025 - 06:30 PM (IST)

ਪੰਜਾਬੀਓ 6 ਅਕਤੂਬਰ ਤੱਕ ਮੰਨਣੇ ਪੈਣਗੇ ਹੁਕਮ, ਹੁਣ ਲੱਗ ਗਈਆਂ ਪਾਬੰਦੀਆਂ

ਅੰਮ੍ਰਿਤਸਰ (ਨੀਰਜ)-ਵਧੀਕ ਜ਼ਿਲਾ ਮੈਜਿਸਟਰੇਟ ਅੰਮ੍ਰਿਤਸਰ ਅਮਨਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ. ਐੱਨ. ਐੱਸ. ਐੱਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਸਲਾ ਭੰਡਾਰ ਬਿਆਸ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿਚ ਲੋਕਾਂ ਵਲੋਂ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣਅਧਿਕਾਰਤ ਉਸਾਰੀਆਂ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡਾ ਐਨਕਾਊਂਟਰ

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਅੰਮ੍ਰਿਤਸਰ ਵਿਚ ਅਸਲਾ ਭੰਡਾਰ ਬਿਆਸ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿਚ ਲੋਕਾਂ ਦੁਆਰਾ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣਅਧਿਕਾਰਤ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਮਨੁੱਖੀ ਜਾਨਾਂ ਅਤੇ ਸਰਕਾਰੀ ਜਾਇਦਾਦ ਨੂੰ ਬਚਾਉਣ ਦੇ ਮੰਤਵ ਲਈ ਅਸਲਾ ਭੰਡਾਰ ਬਿਆਸ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿਚ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣਅਧਿਕਾਰਤ ਉਸਾਰੀਆਂ ਨਾ ਕਰਨ ਲਈ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ।

ਸਰਹੱਦ ’ਤੇ ਕੰਡਿਆਲੀ ਤਾਰ ਨੇੜ੍ਹੇ ਹਰ ਤਰ੍ਹਾਂ ਦੀ ਹਰਕਤ ’ਤੇ ਪਾਬੰਦੀ

ਜ਼ਿਲਾ ਪੁਲਸ ਮੁਖੀ ਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਦੇ ਘੇਰੇ ਅੰਦਰ ਰਾਤ 8:30 ਵਜੇ ਤੋਂ ਸਵੇਰੇ 5 ਵਜੇ ਤਕ ਹਰ ਤਰ੍ਹਾਂ ਦੀ ਹਰਕਤ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਆਉਂਦੀ ਭਾਰਤ-ਪਾਕਿ ਸੀਮਾ ’ਤੇ ਅਣਚਾਹੇ ਅਨਸਰਾਂ ਦੀ ਹਰਕਤ ਨਾਲ ਭਾਰਤ-ਪਾਕਿ ਬਾਰਡਰ ਦੀ ਸੁਰੱਖਿਆ, ਦੇਸ਼ ਦੇ ਅਮਨ-ਚੈਨ ਅਤੇ ਸ਼ਾਂਤੀ ਨੂੰ ਖ਼ਤਰੇ ਦੀ ਸੰਭਾਵਨਾ ਹੈ, ਜਿਸ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਅਤੇ ਰੋਕਥਾਮ ਲਈ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋ 500 ਮੀਟਰ ਘੇਰੇ ਅੰਦਰ ਰਾਤ 8:30 ਵਜੇ ਤੋਂ ਸਵੇਰੇ 5 ਵਜੇ ਤਕ ਹਰ ਤਰ੍ਹਾਂ ਦੀ ਹਰਕਤ ਕਰਨ ’ਤੇ ਮਨਾਹੀ ਦੇ ਹੁਕਮ ਜਾਰੀ ਕੀਤਾ ਜਾਣਾ ਲਾਜ਼ਮੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ

ਪੁਲੀਆਂ ਅਤੇ ਸੜਕਾਂ ’ਤੇ ਬਣੀ ਰੇਲਿੰਗ ਅਤੇ ਡਿਵਾਈਡਰ ਤੋੜਨ ’ਤੇ ਮੁਕੰਮਲ ਪਾਬੰਦੀ

ਪੁਲੀਆਂ ਅਤੇ ਸੜਕਾਂ ’ਤੇ ਬਣੀਆਂ ਰੇਲਿੰਗਾਂ ਤੋੜਨ ਅਤੇ ਸੜਕਾਂ ਦੀ ਉਸਾਰੀ ਜਾਂ ਫਲਾਈਓਵਰ ਨੂੰ ਪੱਕਾ ਕਰਦੇ ਸਮੇਂ ਬਣੇ ਡਿਵਾਈਡਰਾਂ ਨੂੰ ਤੋੜ ਕੇ ਆਰਜ਼ੀ ਤੌਰ ’ਤੇ ਰਸਤਾ ਕੱਢਣ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਅੰਮ੍ਰਿਤਸਰ ਵਿਚ ਕਈ ਪੁਲੀਆਂ ਅਤੇ ਸੜਕਾਂ ਹਨ ਜੋ ਬਿਨਾਂ ਰੇਲਿੰਗ ਦੇ ਹਨ। ਇਸ ਤੋਂ ਇਲਾਵਾ ਕੁਝ ਲੋਕਾਂ/ਠੇਕੇਦਾਰਾਂ/ਮਹਿਕਮਿਆਂ ਵੱਲੋਂ ਫ਼ਸਲ ਦੀ ਕਟਾਈ ਸਬੰਧੀ ਮਸ਼ੀਨਾਂ/ਡਿੱਚ ਮਸ਼ੀਨਾਂ ਅਤੇ ਟਰਾਲੀਆਂ ਆਦਿ ਨੂੰ ਲਿਜਾਣ ਲਈ ਤੰਗ ਪੁਲੀਆਂ ’ਤੇ ਬਣੇ ਡਿਵਾਈਡਰਾਂ ਨੂੰ ਤੋੜਨ, ਪੁਲੀਆਂ ਜਾਂ ਸੜਕਾਂ ਦੀ ਉਸਾਰੀ ਜਾਂ ਫਲਾਈਓਵਰ ਨੂੰ ਪੱਕਾ ਕਰਦੇ ਸਮੇਂ ਸੜਕਾਂ ’ਤੇ ਬਣੇ ਡਿਵਾਈਡਰਾਂ ਨੂੰ ਤੋੜਨ ਅਤੇ ਆਰਜ਼ੀ ਤੌਰ ’ਤੇ ਰਸਤਾ ਕੱਢਣ ਕਰਕੇ ਦੁਰਘਟਨਾਵਾਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਫਿਰ ਹੋਵੇਗਾ ਸ਼ੁਰੂ

ਹਵਾਈ ਅੱਡੇ ਦੇ ਆਲੇ-ਦੁਆਲੇ ਡਰੋਨਜ਼ ਕੈਮਰਾ ਉਡਾਉਣ ’ਤੇ ਮੁਕੰਮਲ ਪਾਬੰਦੀ

ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡਾ, ਅਜਨਾਲਾ ਰੋਡ, ਰਾਜਾਸਾਂਸੀ, ਅੰਮ੍ਰਿਤਸਰ ਦੇ ਦਿਹਾਤੀ ਅਧਿਕਾਰ ਖੇਤਰ ਵਿਚ ਡਰੋਨਜ਼ ਚਲਾਉਣ ਦੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਜਾਂਦੀ ਹੈ। ਏਅਰਪੋਰਟ ਵਿਖੇ ਦਿਨ ਰਾਤ ਅੰਤਰ ਰਾਸ਼ਟਰੀ/ਘਰੇਲੂ ਉਡਾਣਾ ਆਉਂਦੀਆਂ ਅਤੇ ਜਾਂਦੀਆਂ ਹਨ। ਇਸ ਲਈ ਹਵਾਈ ਅੱਡੇ ਦੇ ਨਜ਼ਦੀਕ ਪੈਂਦੇ ਦਿਹਾਤੀ ਏਰੀਏ ਵਿਚ ਆਸ ਪਾਸ ਕਾਫ਼ੀ ਹੋਟਲ ਅਤੇ ਮੈਰਿਜ ਪੈਲਸ ਪੈਂਦੇ ਹਨ। ਜਿੱਥੇ ਆਮ ਪਬਲਿਕ ਆਪਣੇ ਫੰਕਸ਼ਨਾਂ ਦੀ ਡਰੋਨਜ ਰਾਹੀਂ ਕਵਰਿੰਗ ਕਰਦੇ ਹਨ, ਜਿਨ੍ਹਾਂ ਦੀ ਆੜ ਵਿਚ ਕੋਈ ਸਮਾਜ ਵਿਰੋਧੀ ਅਨਸਰ ਕਿਸੇ ਸਮੇਂ ਵੀ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੇ ਹਨ। ਇਸ ਲਈ ਏਅਰਪੋਰਟ ਦੇ ਨਜ਼ਦੀਕ ਪੈਂਦੇ ਦਿਹਾਤੀ ਏਰੀਏ ਵਿੱਚ ਅਜਿਹੀ ਘਟਨਾਵਾਂ ਨੂੰ ਰੋਕਣ ਲਈ ਡਰੋਨਜ਼ ਕੈਮਰਾ ਉਡਾਉਣ ’ਤੇ ਪਾਬੰਦੀ ਲਗਾਈ ਜਾਂਦੀ ਹੈ।

ਇਹ ਵੀ ਪੜ੍ਹੋਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਸਾਬਕਾ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ

ਰੋਸ ਰੈਲੀਆਂ ਅਤੇ ਧਰਨੇ-ਵਿਖਾਵਿਆਂ ਆਦਿ ’ਤੇ ਮੁਕੰਮਲ ਪਾਬੰਦੀ

ਜ਼ਿਲ੍ਹਾ ਪੁਲਸ ਮੁਖੀ (ਦਿਹਾਤੀ) ਦੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਪਿੰਡਾਂ ਕਸਬਿਆਂ ਵਿਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਰੋਸ ਰੈਲੀਆਂ, ਧਰਨਾ ਦੇਣ, ਮੀਟਿੰਗਾਂ ਕਰਨ, ਨਾਅਰੇ ਮਾਰਨ ਜਾਂ ਲਗਾਉਣ ਅਤੇ ਵਿਖਾਵਾ ਕਰਨ ’ਤੇ ਮੁਕੰਮਲ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ।

ਕੁਝ ਰਾਜਨੀਤਿਕ ਜਥੇਬੰਦੀਆਂ ਜ਼ਿਲ੍ਹਾ ਪੱਧਰ ’ਤੇ ਰੋਸ, ਧਰਨੇ ਰੈਲੀਆਂ ਅਤੇ ਮੁਜ਼ਾਹਰੇ ਕਰਨ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਨਾਲ ਸਰਕਾਰੀ ਅਤੇ ਗੈਰ-ਸਰਕਾਰੀ ਸੰਪਤੀ/ਜਾਇਦਾਦ ਦਾ ਨੁਕਸਾਨ ਹੋਣ ਅਤੇ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਅਮਨ ਅਤੇ ਕਾਨੂੰਨ ਦੀ ਸਥਿਤੀ ਠੀਕ ਬਣਾਏ ਰੱਖਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਾਸਤੇ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ। ਉਕਤ ਸਾਰੇ ਹੁਕਮ 6 ਅਕਤੂਬਰ ਤੱਕ ਲਾਗੂ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News