ਲੁੱਟਣ ਲਈ ਆਏ, ਹੱਤਿਆ ਕਰ ਕੇ ਭੱਜੇ
Wednesday, May 23, 2018 - 05:25 AM (IST)
ਸਾਹਨੇਵਾਲ(ਜਗਰੂਪ)-ਕੰਮ ਤੋਂ ਘਰ ਪਰਤ ਰਹੇ ਦੋ ਭਰਾਵਾਂ ਕੋਲੋਂ ਕਥਿਤ ਲੁੱਟ-ਖੋਹ ਦੀ ਕੋਸ਼ਿਸ਼ ਦੌਰਾਨ ਵਿਰੋਧ ਕਰਨ 'ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇਕ ਭਰਾ ਦੇ ਸਿਰ 'ਚ ਰਾਡਨੁਮਾ ਭਾਰੀ ਚੀਜ਼ ਮਾਰ ਕੇ ਕਥਿਤ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਾਅਦ ਸੂਚਨਾ ਮਿਲਣ 'ਤੇ ਡੀ. ਸੀ. ਪੀ. ਕ੍ਰਾਈਮ ਗਗਨਅਜੀਤ ਸਿੰਘ, ਏ. ਡੀ. ਸੀ. ਪੀ.-2 ਸੰਦੀਪ ਸ਼ਰਮਾ, ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ, ਏ. ਸੀ. ਪੀ. ਕ੍ਰਾਈਮ, ਥਾਣਾ ਸਾਹਨੇਵਾਲ ਮੁਖੀ ਸਤਵਿੰਦਰ ਸਿੰਘ ਵਿਰਕ ਅਤੇ ਚੌਕੀ ਕੰਗਣਵਾਲ ਸਮੇਤ ਸੀ. ਆਈ. ਏ. ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਰਵੀ ਮਿਸ਼ਰਾ (21) ਪੁੱਤਰ ਓਮ ਪ੍ਰਕਾਸ਼ ਮਿਸ਼ਰਾ ਵਾਸੀ ਖੇਮੀਆਂ, ਯੂ. ਪੀ. ਹਾਲ ਵਾਸੀ ਮਨਜੀਤ ਦਾ ਵਿਹੜਾ, ਹੀਰੋ ਸਾਈਕਲ, ਜਸਪਾਲ ਬਾਂਗਰ, ਲੁਧਿਆਣਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਅਭਿਸ਼ੇਕ ਨੇ ਦੱਸਿਆ ਕਿ ਉਹ ਦੋਵੇਂ ਭਰਾ ਮਹਿਤਾ ਆਟੋਮੋਟਿਵ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਹਨ, ਜਦੋਂਕਿ ਉਨ੍ਹਾਂ ਦਾ ਤੀਸਰਾ ਭਰਾ ਅਮਲੇਸ਼ ਮਿਸ਼ਰਾ ਨੇੜੇ ਹੀ ਬਿਰਦੀ ਗਿਅਰ ਐਂਡ ਜੌਬ ਵਰਕਸ 'ਚ ਕੰਮ ਕਰਦਾ ਹੈ। 21 ਮਈ ਦੀ ਸ਼ਾਮ ਸਾਢੇ 7 ਵਜੇ ਅਮਲੇਸ਼ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਦੀ ਰਾਤ ਦੀ ਡਿਊਟੀ ਹੈ, ਇਸ ਲਈ ਉਹ ਦੋਵੇਂ ਘਰ ਚਲੇ ਜਾਣ। ਜਿਸ 'ਤੇ ਉਹ ਦੋਵੇਂ ਪੈਦਲ ਘਰ ਵੱਲ ਨੂੰ ਚੱਲ ਪਏ। ਓਮ ਯਾਰਨ ਤੋਂ ਥੋੜ੍ਹਾ ਅੱਗੇ ਜਾ ਕੇ ਉਨ੍ਹਾਂ ਦੇ ਪਿੱਛੇ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ। ਜਿਨ੍ਹਾਂ 'ਚੋਂ ਇਕ ਨੇ ਮੇਰੇ ਹੱਥ 'ਚ ਫੜਿਆ ਹੋਇਆ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਮੈਂ ਮੋਬਾਇਲ ਨਾ ਛੱਡਿਆ ਪਰ ਇਸ ਦੌਰਾਨ ਰਵੀ ਨੇ ਦਲੇਰੀ ਵਿਖਾਉਂਦੇ ਹੋਏ ਉਕਤ ਲੁਟੇਰੇ ਨੂੰ ਜੱਫਾ ਪਾ ਲਿਆ, ਜਿਸ ਦੇ ਬਾਅਦ ਉਕਤ ਲੁਟੇਰੇ ਦੇ ਦੂਸਰੇ ਸਾਥੀ ਨੇ ਰਾਡਨੁਮਾ ਇਕ ਭਾਰੀ ਚੀਜ਼ ਰਵੀ ਦੇ ਸਿਰ 'ਚ ਮਾਰ ਦਿੱਤੀ। ਫਿਰ ਰੌਲਾ ਪਾਉਣ 'ਤੇ ਉਕਤ ਦੋਵੇਂ ਲੁਟੇਰੇ ਉਥੋਂ ਭੱਜ ਨਿਕਲੇ, ਜਿਸ ਦੇ ਬਾਅਦ ਉਹ ਜ਼ਖਮੀ ਹਾਲਤ 'ਚ ਰਵੀ ਨੂੰ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਦੇ ਬਾਅਦ ਉਸ ਨੇ ਥਾਣਾ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਟੀਮਾਂ ਗਠਿਤ, ਤਲਾਸ਼ ਜਾਰੀ : ਡੀ. ਸੀ. ਪੀ. ਕ੍ਰਾਈਮ
ਇਸ ਸਬੰਧ 'ਚ ਡੀ. ਸੀ. ਪੀ. ਕ੍ਰਾਈਮ ਗਗਨਅਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰਦੇ ਹੋਏ ਪੁਲਸ ਦੀਆਂ 15 ਟੀਮਾਂ ਗਠਿਤ ਕੀਤੀਆਂ ਹਨ। ਜੋ ਪੂਰੇ ਇਲਾਕੇ ਦੇ ਵੱਖ-ਵੱਖ ਚੌਕਾਂ, ਫੈਕਟਰੀਆਂ ਦੇ ਬਾਹਰ ਅਤੇ ਘਰਾਂ ਦੇ ਬਾਹਰ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀਆਂ ਹਨ। ਇਸ ਦੇ ਨਾਲ ਇਲਾਕੇ 'ਚ ਸਰਗਰਮ ਪੁਲਸ ਸੂਤਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਜਲਦ ਹੀ ਉਕਤ ਹਤਿਆਰਿਆਂ ਨੂੰ ਕਾਬੂ ਕਰ ਲਵੇਗੀ।
