ਕੁਈਨਜ਼ਲੈਂਡ ''ਚ ਹਮਲਾਵਰ ਨੇ ਘਰ ''ਚ ਦਾਖਲ ਹੋ ਕੇ ਚਾਕੂ ਨਾਲ ਵਿੰਨ੍ਹੇ ਮਾਂ-ਪੁੱਤ
Friday, Apr 27, 2018 - 04:30 PM (IST)

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਹੇਰਵੇ ਬੇਅ ਸਥਿਤ ਇਕ ਘਰ 'ਚ ਮਾਂ-ਪੁੱਤ 'ਤੇ ਇਕ ਵਿਅਕਤੀ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਕਾਰਨ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਮਲਾਵਰ ਵਲੋਂ ਸ਼ੁੱਕਰਵਾਰ ਦੀ ਸਵੇਰ ਨੂੰ ਤਕਰੀਬਨ 9.00 ਵਜੇ ਮਾਂ-ਪੁੱਤ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਘਟਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਦੇਖਿਆ ਕਿ ਮਾਂ-ਪੁੱਤ ਗੰਭੀਰ ਜ਼ਖਮੀ ਹਾਲਤ 'ਚ ਮਿਲੇ, ਦੋਹਾਂ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਦੋਹਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹੇਰਵੇ ਬੇਅ ਹਸਪਤਾਲ 'ਚ ਭਰਤੀ ਕਰਾਇਆ। ਜ਼ਖਮੀ ਮਾਂ-ਪੁੱਤ ਦੀ ਉਮਰ 80 ਤੋਂ 50 ਸਾਲ ਦਰਮਿਆਨ ਦੱਸੀ ਜਾ ਰਹੀ ਹੈ।
ਪੁਲਸ ਮੁਤਾਬਕ ਹਮਲਾ ਕਰਨ ਵਾਲੇ ਹਮਲਾਵਰ ਦੀ ਉਮਰ 30 ਸਾਲ ਹੈ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਮਾਂ-ਪੁੱਤ ਨੂੰ ਜਾਣਦਾ ਸੀ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ। ਪੁਲਸ ਨੇ ਕੁਝ ਹੀ ਦੇਰ ਬਾਅਦ ਉਸ ਹਿਰਾਸਤ ਵਿਚ ਲੈ ਲਿਆ ਅਤੇ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ। ਪੁਲਸ ਨੇ ਦੱਸਿਆ ਕਿ ਹਮਲਾਵਰ ਨੇ ਦੋਹਾਂ ਮਾਂ-ਪੁੱਤ ਦੀ ਗਰਦਨ 'ਤੇ ਚਾਕੂ ਕਈ ਵਾਰ ਚਾਕੂ ਮਾਰੇ। ਪੁਲਸ ਨੇ ਦੱਸਿਆ ਕਿ ਘਨਟਾ ਵਾਲੀ ਥਾਂ ਤੋਂ ਚਾਕੂ ਬਰਾਮਦ ਕਰ ਲਿਆ ਗਿਆ ਹੈ।
ਇਕ ਗੁਆਂਢਣ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਹਮਲਾ ਪਹਿਲੀ ਵਾਰ ਹੋਇਆ ਹੈ। ਉਹ ਪਿਛਲੇ 20 ਸਾਲਾਂ ਤੋਂ ਇੱਥੇ ਰਹਿ ਰਹੀ ਹੈ, ਜੋ ਕਿ ਬਹੁਤ ਸ਼ਾਂਤ ਗਲੀ ਹੈ। ਇਸ ਤਰ੍ਹਾਂ ਦਾ ਜਾਨਲੇਵਾ ਹਮਲਾ ਉਸ ਨੇ ਪਹਿਲੇ ਇੱਥੇ ਕਦੇ ਨਹੀਂ ਦੇਖਿਆ, ਜਿਸ ਕਾਰਨ ਉਹ ਹੈਰਾਨ ਹੈ।