ਕਣਕ ਤੋਂ ਬਾਅਦ ਹੁਣ ਖਰਬੂਜ਼ਿਆਂ ਤੇ ਹਦਵਾਣੇ ''ਤੇ ਪਈ ਕੁਦਰਤ ਦੀ ਮਾਰ

05/04/2018 4:06:31 PM

ਕਪੂਰਥਲਾ (ਬਿਊਰੋ) —ਕਣਕ ਦੀ ਬਰਬਾਦੀ ਦਾ ਗਮ ਝੱਲ ਰਹੇ ਕਿਸਾਨਾਂ 'ਤੇ ਇੱਕ ਵਾਰ ਫਿਰ ਕੁਦਰਤ ਦੀ ਮਾਰ ਪਈ ਹੈ। ਪਿਛਲੇ ਦਿਨੀਂ ਪੰਜਾਬ ਦੇ ਕਈ ਹਿੱਸਿਆਂ 'ਚ ਪਏ ਮੀਂਹ ਤੇ ਗੜ੍ਹੇਮਾਰੀ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਕਪੂਰਥਲਾ ਦੇ ਨਜ਼ਦੀਕੀ ਪੈਂਦੇ ਪਿੰਡਾਂ 'ਚ ਹੋਈ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਖਰਬੂਜ਼ੇ ਤੇ ਹਦਵਾਣੇ ਦੀ ਫਸਲ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ, ਜਿਸ ਕਾਰਨ ਕਿਸਾਨ ਕਾਫੀ ਨਿਰਾਸ਼ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਈ ਏਕੜ ਫਸਲ ਗੜ੍ਹੇਮਾਰੀ ਕਾਰਨ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਇਸ ਨੁਕਸਾਨ ਦੇ ਲਈ ਸਰਕਾਰ ਪਾਸੋਂ ਮੁਆਵਜ਼ਾ ਦਿੱਤੇ ਜਾਣ ਦੀ ਅਪੀਲ ਕੀਤੀ ਹੈ।ਕਪੂਰਥਲਾ ਦੇ ਡੀ.ਸੀ ਮੁਹੰਮਦ ਤਾਇਬ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਫਸਲ ਬਰਬਾਦ ਹੋਣ ਦੇ ਕਾਰਨਾਂ ਬਾਰੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਪੜਤਾਲ ਕਰਨ ਲਈ ਕਿਹਾ ਹੈ।
ਦੱਸ ਦੇਈਏ ਕਿ ਮੀਂਹ ਤੇ ਗੜ੍ਹੇਮਾਰੀ ਨੇ ਜਿੱਥੇ ਕਿਸਾਨਾਂ ਦੀਆਂ ਖੇਤਾਂ 'ਚ ਖੜ੍ਹੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਨੇ, ਉੱਥੇ ਹੀ ਮੰਡੀਆਂ 'ਚ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ, ਜਿੱਥੇ ਚੰਗੇ ਪ੍ਰਬੰਧ ਨਾ ਹੋਣ ਕਾਰਨ ਮੰਡੀਆਂ 'ਚ ਪਈ ਕਣਕ ਵੀ ਮੀਂਹ ਦੀ ਭੇਂਟ ਚੜ੍ਹ ਗਈ।


Related News