ਨੰਗਲ ’ਚ 60 ਕਿਲੋਮੀਟਰ ਜ਼ਮੀਨਦੋਜ਼ ਗੈਸ ਪਾਈਪ ਲਾਈਨ ਵਿਛਾਈ

Wednesday, May 23, 2018 - 07:40 AM (IST)

 ਨੰਗਲ (ਗੁਰਭਾਗ) - ਨੰਗਲ ਪੰਜਾਬ ਦਾ ਪਹਿਲਾ ਅਜਿਹਾ ਵਿਕਸਿਤ ਅਤੇ ਅਾਧੁਨਿਕ ਸੁੱਖ ਸਹੂਲਤਾਂ ਨਾਲ ਲੈਸ ਸ਼ਹਿਰ ਹੋਵੇਗਾ, ਜਿੱਥੇ ਘਰੇਲੂ ਰਸੋਈ ਗੈਸ ਦੀ ਸਹੂਲਤ ਪਾਈਪ ਲਾਈਨ ਰਾਹੀਂ ਹਰ ਘਰ ’ਚ ਪਹੁੰਚਾਈ ਜਾਵੇਗੀ। ਇਸ ਸ਼ਹਿਰ ਦੇ ਸਕੂਲਾਂ ਤੇ ਵਪਾਰਕ ਸੰਸਥਾਨਾਂ ਨੂੰ ਵੀ ਇਹ ਕਿਫਾਇਤੀ ਅਤੇ ਸੁਰੱਖਿਅਤ, ਪ੍ਰਦੂਸ਼ਣ ਮੁਕਤ ਗੈਸ, ਪਾਈਪ ਲਾਈਨ ਰਾਹੀਂ ਮੁਹੱਈਆ ਕਰਵਾਈ ਜਾਵੇਗੀ ਅਤੇ ਇੱਥੇ ਇਕ ਸੀ.ਐੱਨ.ਜੀ. ਗੈਸ ਸਟੇਸ਼ਨ ਵੀ ਸਥਾਪਤ ਕੀਤਾ ਜਾ ਰਿਹਾ ਹੈ।  ਜਿਸ ਦੇ ਨਾਲ ਇਹ ਸ਼ਹਿਰ ਪੰਜਾਬ ਦਾ ਪਹਿਲਾ ਇਸ ਸਹੂਲਤ ਵਾਲਾ ਸ਼ਹਿਰ ਬਣ ਜਾਵੇਗਾ। ਇਸ ਪ੍ਰੋਜੈਕਟ ਦੀ ਸ਼ੁਰੂਆਤ 22 ਸਤੰਬਰ ਨੂੰ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸ਼ਿਵਾਲਿਕ ਐਵੇਨਿਊ ਨੰਗਲ ਵਿਚ ਭੂਮੀ ਪੁੱਜਣ ਕਰ ਕੇ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਹ ਪਹਿਲਾ ਅਜਿਹਾ ਪ੍ਰੋਜੈਕਟ ਹੈ ਜਿਸ ਨਾਲ ਘਰੇਲੂ ਖਪਤਕਾਰਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਪਾਈਪ ਲਾਈਨ ਰਾਹੀਂ ਰਸੋਈ ਗੈਸ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਵਿਚ ਸਭ ਤੋਂ ਪਹਿਲਾਂ ਘਰੇਲੂ ਗੈਸ ਪਾਈਪ ਲਾਈਨ ਵਿਛਾਉਣ ਦਾ ਕੰਮ ਨੰਗਲ ਤੋਂ ਸ਼ੁਰੂ ਕੀਤਾ ਹੈ। ਜਿੱਥੇ 60 ਕਿਲੋਮੀਟਰ ਗੈਸ ਪਾਈਪ ਲਾਈਨ ਵਿਛਾ ਦਿੱਤੀ ਗਈ ਹੈ ਅਤੇ ਲੱਗਭਗ 1000 ਘਰਾਂ ਦੀ ਰਸੋਈ ਤੱਕ ਸਟੀਲ ਅਤੇ ਫਾਈਬਰ ਦੀ ਪਾਈਪ ਲਾਈਨ ਪਹੁੰਚਾਈ ਗਈ ਹੈ। ਅਗਲੇ ਕੁਝ ਦਿਨਾਂ ਵਿਚ ਨੰਗਲ ਦੇ 200 ਖਪਤਕਾਰਾਂ ਨੂੰ ਇਹ ਰਸੋਈ ਗੈਸ ਮਿਲਣੀ ਸ਼ੁਰੂ ਹੋ ਜਾਵੇਗੀ।

 ਇਸ ਵਿਧਾਨ ਸਭਾ ਹਲਕੇ ਦਾ ਦੂਜਾ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਹੈ, ਜਿੱਥੇ 41 ਕਿਲੋਮੀਟਰ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ। ਇਸ ਦੇ ਲਈ ਭਾਰਤ ਪੈਟਰੋਲੀਅਮ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਇਸ ਪਡ਼ਾਅ ਅਧੀਨ ਕੀਰਤਪੁਰ ਸਾਹਿਬ ਇਸ ਤੋਂ ਅਗਲਾ ਪ੍ਰੋਜੈਕਟ ਹੋਵੇਗਾ ਅਤੇ ਉਸ ਦੇ ਪੂਰਾ ਹੋਣ ਨਾਲ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਦਾ ਪਹਿਲਾ ਅਜਿਹਾ ਹਲਕਾ ਹੋਵੇਗਾ ਜਿੱਥੇ ਖਪਤਕਾਰਾਂ ਨੂੰ ਪਾਈਪ ਲਾਈਨ ਰਾਹੀਂ ਰਸੋਈ ਗੈਸ ਮਿਲੇਗੀ। ਜਦੋਂ 2002 ਵਿਚ ਰਾਣਾ ਕੰਵਰਪਾਲ ਸਿੰਘ ਮੁੱਖ ਸੰਸਦੀ ਸਕੱਤਰ ਉਦਯੋਗ ਸਨ ਤਾਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਗੈਸ ਪਾਈਪ ਲਾਈਨ ਪ੍ਰੋਜੈਕਟ ਵਿਚ ਪੰਜਾਬ ਦੇ ਬਣਦੇ  ਹਿੱਸੇ ਦਾ ਭੁਗਤਾਨ  ਕਰ ਕੇ ਨੰਗਲ ਵਿਚ ਚਰਖੀ ਦਾਦਰੀ ਤੋਂ ਗੈਸ ਪਾਈਪ ਲਾਈਨ ਲਿਆਉਣ ਲਈ ਕਰਾਰ ਕੀਤਾ ਸੀ। ਹੁਣ ਇਹ ਸ਼ਹਿਰ ਅਤਿ ਵਿਕਸਿਤ ਅਤੇ ਖੁਸ਼ਹਾਲ ਇਲਾਕਾ ਬਣਨ ਜਾ ਰਿਹਾ ਹੈ। ਜਿੱਥੇ ਇਹ ਗੈਸ ਵੱਡੇ ਵਪਾਰਕ ਅਦਾਰਿਆਂ ਲਈ ਬਿਜਲੀ ਤੋਂ ਵਧੇਰੇ ਕਿਫਾਇਤੀ ਅਤੇ ਸੁਰੱਖਿਅਤ ਹੋਵੇਗੀ।

  ਐੱਨ.ਐੱਫ.ਐੱਲ. ਦੇ ਚੀਫ ਜਨਰਲ ਮੈਨੇਜਰ ਨਿਰਲੇਪ ਸਿੰਘ ਰਾਏ ਅਤੇ ਭਾਰਤ ਪੈਟਰੋਲੀਅਮ ਦੇ ਚੀਫ ਜਨਰਲ ਮੈਨੇਜਰ ਵਿਜੇ ਦੁੱਗਲ ਅਤੇ ਜਨਰਲ ਮੈਨੇਜਰ ਦੀਪਕ ਮਲਿਕ ਵੱਲੋਂ ਇਸ ਪ੍ਰੋਜੈਕਟ ਦੀ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਰਹੀ  ਹੈ। ਭਾਰਤ ਪੈਟਰੋਲੀਅਮ ਦੇ ਚੀਫ ਮੈਨੇਜਰ ਰਜਿੰਦਰ ਕੁਮਾਰ ਕਹਿੰਦੇ ਹਨ ਕਿ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਯਤਨਾਂ ਸਦਕਾ ਇਸ ਖੇਤਰ ਵਿਚ ਇਹ ਗੈਸ ਪਾਈਪ ਲਾਈਨ ਲਿਆਉਣ ਅਤੇ ਵਿਛਾਉਣ ਵਿਚ ਸਫਲਤਾ ਮਿਲੀ ਹੈ। ਇਸ ਗੈਸ ਪਾਈਪ ਲਾਈਨ ਦਾ ਪ੍ਰੈÎਸ਼ਰ (ਦਬਾਅ) ਕਾਫੀ ਘੱਟ ਹੈ ਅਤੇ ਹਾਦਸੇ ਹੋਣ ਦੀ ਸੰਭਾਵਨਾ ਵੀ ਬਿਲਕੁਲ ਨਹੀਂ ਹੈ। ਪ੍ਰੋਜੈਕਟ ਦੇ  ਅਧਿਕਾਰੀ ਸਥਾਈ ਤੌਰ ’ਤੇ ਇੱਥੇ ਮੌਜੂਦ ਰਹਿਣਗੇ ਅਤੇ ਇਸ ਗੈਸ ਪਾਈਪ ਲਾਈਨ ਦੀ ਮੁਰੰਮਤ, ਰੱਖ-ਰਖਾਵ ਅਤੇ ਸਾਂਭ-ਸੰਭਾਲ ਦੀ ਮੁਕੰਮਲ ਜ਼ਿੰਮੇਵਾਰੀ ਭਾਰਤ ਪੈਟਰੋਲੀਅਮ ਦੀ ਹੋਵੇਗੀ। ਸਥਾਨਕ ਵਪਾਰੀਆਂ ਅਤੇ ਸ਼ਹਿਰ ਨਿਵਾਸੀਆਂ ਵਿਚ ਇਸ  ਪ੍ਰੋਜੈਕਟ ਨੂੰ ਲੈ ਕੇ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ। 


Related News