ਡਿਪਟੀ ਕਮਿਸ਼ਨਰ ਨੇ ਜਲਘਰਾਂ ਤੇ ਨਹਿਰਾਂ ਦਾ ਕੀਤਾ ਦੌਰਾ

05/23/2018 2:51:22 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਅੱਜ ਵੱਖ-ਵੱਖ ਜਲਘਰਾਂ ਅਤੇ ਨਹਿਰਾਂ ਦਾ ਮੁਆਇਨਾ ਕਰਕੇ ਪਾਣੀ ਦੀ ਸਥਿਤੀ ਬਾਰੇ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਹੁਣ ਨਹਿਰਾਂ 'ਚ ਪਾਣੀ ਦੀ ਸਥਿਤੀ ਆਮ ਵਾਂਗ ਹੋ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ 'ਚ ਪਹਿਲਾਂ ਹੀ ਜਲ ਸਪਲਾਈ ਵਿਭਾਗ ਨੂੰ ਸੁਚੇਤ ਕਰ ਦਿੱਤਾ ਗਿਆ ਸੀ ਕਿ ਨਹਿਰਾਂ 'ਚ ਆਉਣ ਵਾਲਾ ਪਾਣੀ ਜਲ ਘਰਾਂ ਦੀਆਂ ਡਿੱਗੀਆਂ 'ਚ ਨਾ ਪਾਇਆ ਜਾਵੇ, ਜਿਸ ਕਾਰਨ ਅਗੇਤੀ ਚੌਕਸੀ ਕਾਰਨ ਜ਼ਿਲੇ 'ਚ ਪੀਣ ਵਾਲੇ ਪਾਣੀ ਤੇ ਕੋਈ ਅਸਰ ਨਹੀਂ ਪਿਆ ਹੈ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨ ਸਿਹਤ ਵਿਭਾਗ ਨੂੰ ਫਿਰ ਵੀ ਇਤਿਆਦ ਵਜੋਂ ਪੀਣ ਵਾਲੇ ਪਾਣੀ ਦੇ ਨਮੂਨੇ ਲੈਣ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮਲੋਟ ਡਵੀਜ਼ਨ 'ਚ ਜਲਘਰਾਂ ਤੋਂ ਸਪਲਾਈ ਹੋਣ ਵਾਲੇ ਪਾਣੀ ਦੇ 92 ਸੈਂਪਲ ਲਏ ਗਏ ਸਨ ਜੋ ਕਿ ਜਾਂਚ ਦੌਰਾਨ ਸਹੀ ਪਾਏ ਗਏ ਹਨ। ਇਸ ਤੋਂ ਬਿਨ੍ਹਾਂ ਮਲੋਟ ਦੇ ਵਾਟਰਵਰਕਸ ਦੇ ਪਾਣੀ ਦੇ ਨਮੂਨੇ ਵੀ ਜਾਂਚ ਦੌਰਾਨ ਸਹੀ ਪਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਲਘਰਾਂ ਦੇ ਪਾਣੀ 'ਚ ਮਿਲਾਵਟ ਨਹੀਂ ਹੋਣ ਦਿੱਤੀ ਗਈ ਸੀ ਅਤੇ ਹੁਣ ਜਲਘਰਾਂ ਤੋਂ ਪੀਣ ਯੋਗ ਪਾਣੀ ਦੀ ਸਪਲਾਈ ਆਮ ਵਾਂਗ ਕੀਤੀ ਜਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਦਾ ਜ਼ਿਲੇ 'ਚ ਕੋਈ ਸੰਕਟ ਨਹੀਂ ਹੈ। ਮਲੋਟ ਦੇ ਵਾਟਰ ਵਰਕਸ ਦੇ ਪਾਣੀ ਦੇ ਨਮੂਨੇ 'ਚ ਆਕਸੀਜਨ ਦੀ ਮਾਤਰਾ 9.6 ਪਾਈ ਗਈ ਜੋ ਕਿ ਤੈਅ ਮਾਪਦੰਡ ਅਨੁਸਾਰ ਹੈ।
ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਕਿਹਾ ਕਿ ਹੁਣ ਨਹਿਰਾਂ 'ਚ ਪਾਣੀ ਦੀ ਗੁਣਵੱਤਾ 'ਚ ਸੁਧਾਰ ਹੋ ਗਿਆ ਹੈ। ਉਨ੍ਹਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੇ ਮੁੱਦੇ ਤੇ ਘਬਰਾਹਟ 'ਚ ਨਾ ਆਉਣ ਕਿਉਂਕਿ ਜ਼ਿਲਾ ਪ੍ਰਸਾਸ਼ਨ ਵਲੋਂ ਇਸ ਸਬੰਧੀ ਅਗੇਤੇ ਤੌਰ 'ਤੇ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਸਨ। ਡਿਪਟੀ ਕਮਿਸ਼ਨਰ ਨੇ ਮਲੋਟ ਦੇ ਮੁੱਖ ਵਾਟਰ ਵਰਕਸ ਤੋਂ ਇਲਾਵਾ ਛਾਪਿਆਂ ਵਾਲੇ ਦੇ ਜਲਘਰ ਦਾ ਵੀ ਮੌਕੇ ਤੇ ਜਾ ਕੇ ਜਾਇਜ਼ਾ ਲਿਆ। 
ਇਸ ਮੌਕੇ ਮਲੋਟ ਦੇ ਐੱਸ. ਡੀ. ਐੱਮ. ਨਰਿੰਦਰ ਸਿੰਘ ਧਾਲੀਵਾਲ, ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ  ਜਸਵੀਰ ਸਿੰਘ ਔਜਲਾ, ਐੱਸ. ਡੀ. ਓ. ਸੀਵਰੇਜ ਬੋਰਡ ਰਾਕੇਸ਼ ਮੋਹਨ ਮੱਕੜ, ਐੱਸ. ਡੀ. ਓ. ਪ੍ਰਦੂਸ਼ਨ ਕੰਟਰੋਲ ਬੋਰਡ, ਦਲਜੀਤ ਸਿੰਘ ਆਦਿ ਵੀ ਹਾਜ਼ਰ ਸਨ।


Related News