ਮਾਈਨਰ ਦਾ ਮੋਘਾ ਬੰਦ ਹੋਣ ਕਾਰਨ ਛੇ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਪ੍ਰਭਾਵਿਤ

05/25/2018 2:18:22 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ) - ਨਹਿਰ ਵਿਭਾਗ ਨੇ ਨਹਿਰੀ ਪਾਣੀ ਨੂੰ ਚੋਰੀ ਕਰਨ ਦੇ ਮਾਮਲੇ ਅਧੀਨ ਭਾਗਸਰ ਰਜਬਾਹੇ 'ਚੋਂ ਨਿਕਲਦੇ ਲੱਖੇਵਾਲੀ ਸਬ ਮਾਈਨਰ ਦਾ ਮੋਘਾ ਇਕ ਹਫ਼ਤੇ ਲਈ ਕੈਦ ਕਰ ਦਿੱਤਾ ਹੈ, ਜਿਸ ਕਰਕੇ ਉਕਤ ਕੱਸੀ 'ਚ ਪਾਣੀ ਬੰਦ ਹੋ ਗਿਆ ਹੈ। ਇਸ ਨਾਲ ਇਸ ਕੱਸੀ 'ਤੇ ਪੈਂਦੀ 6 ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਪ੍ਰਭਾਵਿਤ ਹੋ ਗਈ ਹੈ। 
ਮਿਲੀ ਜਾਣਕਾਰੀ ਅਨੁਸਾਰ ਨਹਿਰ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਕਿਸੇ ਨੇ ਉਕਤ ਮੋਘੇ ਨਾਲ ਛੇੜਛਾੜ ਕਰਕੇ ਉਸ ਨੂੰ ਭੰਨ ਕੇ ਪਾਣੀ ਦੀ ਮਾਤਰਾ ਵਧਾ ਲਈ, ਜਿਸ ਤੋਂ ਬਾਅਦ ਵਿਭਾਗ ਨੇ ਆਪਣੀ ਪਾਵਰ ਵਰਤਦਿਆਂ ਮੋਘੇ ਨੂੰ ਬੰਦ ਕਰਨ ਵਾਲੀ ਕਾਰਵਾਈ ਕੀਤੀ। ਨਹਿਰ ਵਿਭਾਗ ਦੀ ਉਕਤ ਕਾਰਵਾਈ ਤੋਂ ਕਿਸਾਨ ਵਰਗ ਪ੍ਰੇਸ਼ਾਨ ਹੈ, ਕਿਉਂਕਿ ਪਹਿਲਾਂ ਤਾਂ ਪਾਣੀ ਦੀ ਬੰਦੀ ਰਹੀ ਹੈ ਤੇ ਹੁਣ ਮੋਘਾ ਬੰਦ ਹੋ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਇਸ ਮੋਘੇ ਦਾ ਪਾਣੀ ਪਿੰਡ ਲੱਖੇਵਾਲੀ ਤੋਂ ਇਲਾਵਾ ਰੱਤਾ ਥੇੜ, ਤੇਲੂਪੁਰਾ, ਖੁੜੰਜ, ਕੌੜਿਆਵਾਲੀ ਅਤੇ ਮਦਰੱਸਾ ਪਿੰਡ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੱਗਦਾ ਹੈ। ਪਹਿਲਾਂ ਤੋਂ ਹੀ ਇਸ ਖੇਤਰ 'ਚ ਨਹਿਰੀ ਪਾਣੀ ਦੀ ਵੱਡੀ ਘਾਟ ਰੜਕ ਰਹੀ ਹੈ। 
ਜ਼ਿਕਰਯੋਗ ਹੈ ਕਿ ਇਹ ਏਰੀਆ ਨਰਮਾ ਪੱਟੀ ਵਾਲਾ ਏਰੀਆ ਹੈ ਤੇ ਨਰਮਾ ਬੀਜਣ ਲਈ ਨਹਿਰੀ ਪਾਣੀ ਦੀ ਬਹੁਤ ਲੋੜ ਪੈਂਦੀ ਹੈ। ਭਾਵੇਂ ਸਬੰਧਿਤ ਮਹਿਕਮਾ ਮੋਘਾ ਭੰਨਣ ਦਾ ਦੋਸ਼ ਲਾ ਰਿਹਾ ਹੈ ਪਰ ਕਿਸਾਨਾਂ ਦਾ ਪੱਖ ਹੈ ਕਿ ਸਾਰੇ ਕਿਸਾਨਾਂ ਨੂੰ ਮਹਿਕਮਾ ਦੋਸ਼ੀ ਕਿਉਂ ਠਹਿਰਾ ਰਿਹਾ ਹੈ। ਕੱਸੀ ਬੰਦ ਹੋਣ ਕਰਕੇ ਕਿਸਾਨ ਨਿਰਾਸ਼ਾਂ ਦੇ ਆਲਮ ਵਿਚ ਹਨ, ਜਿਸ ਕਾਰਨ ਉਹ ਨਰਮਾ ਬੀਜਣ ਤੋਂ ਹੋਰ ਵੀ ਲੇਟ ਹੋ ਜਾਣਗੇ।  


Related News