ਗਰੀਨਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲੇ ''ਚੋਂ ਪਹਿਲੀਆਂ ਪੁਜੀਸ਼ਨਾਂ ਕੀਤੀਆਂ ਹਾਸਲ

Monday, May 28, 2018 - 05:34 PM (IST)

ਗਰੀਨਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲੇ ''ਚੋਂ ਪਹਿਲੀਆਂ ਪੁਜੀਸ਼ਨਾਂ ਕੀਤੀਆਂ ਹਾਸਲ

ਬਰੇਟਾ (ਬਾਂਸਲ) : ਸੀ. ਬੀ. ਐੱਸ. ਈ ਬੋਰਡ ਵਲੋਂ ਐਲਾਨ ਕੀਤੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਗਰੀਨਲੈਂਡ ਪਬਲਿਕ ਸਕੂਲ ਦੇ ਵਿਦਿਆਰਥਾ ਨੇ ਜ਼ਿਲੇ 'ਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਸਿੱਖਿਆ ਦੇ ਖੇਤਰ 'ਚ ਤਹਿਲਕਾ ਮਚਾ ਦਿੱਤਾ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਪਰਸਨ ਡਾ. ਮਨੋਜ ਬਾਲਾ ਨੇ ਸਕੂਲ ਦੇ ਸ਼ਾਨਦਾਰ ਨਤੀਜੇ 'ਤੇ ਵਿਦਿਆਰਥੀਆਂ, ਮਾਪਿਆਂ ਤੇ ਸਟਾਫ ਨੂੰ ਵਧਾਈ ਦਿੱਤੀ ਹੈ ਅਤੇ ਬੱਚਿਆ ਦੀ ਹੌਸਲਾ ਅਫਜਾਈ ਕੀਤੀ। ਅੱਜ ਸਕੂਲ ਦੇ ਵਿਹੜੇ 'ਚ ਬੱਚਿਆਂ ਦੇ ਸਵਾਗਤ ਲਈ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਆਲ ਇੰਡੀਆਂ ਯੂਥ ਕਾਂਗਰਸ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਦੌਰਾਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ।
ਪ੍ਰਿਆ ਆਈ. ਪੀ. ਐੱਸ ਬਣਨਾ ਚਾਹੁੰਦੀ ਹੈ
ਪ੍ਰਿਆ ਨੇ ਕਾਮਰਸ ਗਰੁੱਪ 'ਚੋਂ 96.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜ਼ਿਲੇ 'ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿਆ ਨੇ ਦੱਸਿਆ ਕਿ ਉਹ ਆਈ. ਪੀ. ਐੱਸ. ਅਫਸਰ ਵਜੋਂ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸਦੇ ਪਿਤਾ ਰਾਜ ਕੁਮਾਰ ਜੋ ਇੱਕ ਦੁਕਾਨਦਾਰ ਹਨ ਦਾ ਕਹਿਣਾ ਹੈ ਕਿ ਪ੍ਰਿਆ ਪੜ੍ਹਾਈ 'ਚ ਬਹੁਤ ਮਿਹਨਤੀ ਹੈ ਤੇ ਉਹ ਆਪਣੇ ਛੋਟੇ ਭੈਣ ਭਰਾਵਾਂ ਦੀ ਵੀ ਪੜ੍ਹਾਈ 'ਚ ਮਦਦ ਕਰਦੀ ਹੈ। ਪ੍ਰਿਆ ਦਾ ਹਰ ਸੁਪਨਾ ਪੂਰਾ ਕਰਨ ਲਈ ਉਸਦਾ ਪਰਿਵਾਰ ਉਸਦੇ ਨਾਲ ਹੈ।
ਹਰਨੂਰ ਅਕਾਸ਼ 'ਚ ਉੱਡਣਾ ਚਾਹੁੰਦਾ ਹੈ
ਇਸੇ ਤਰ੍ਹਾ ਨਾਨ ਮੈਡੀਕਲ ਦੀ ਪ੍ਰੀਖਿਆ 'ਚੋਂ ਗਰੀਨਲੈਂਡ ਸਕੂਲ ਦੇ ਵਿਦਿਆਰਥੀ ਹਰਨੂਰ ਸਿੰਘ ਨੇ 95.2 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲੇ 'ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ|। ਹਰਨੂਰ ਪਾਇਲਟ ਬਣਨਾ ਚਾਹੁੰਦਾ ਹੈ। ਹਰਨੂਰ ਦੇ ਪਿਤਾ ਗੁਰਨਾਮ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਦੇ ਰੁਝੇਵਿਆਂ ਦੇ ਬਾਵਜੂਦ ਵੀ ਆਪਣੇ ਬੇਟੇ ਦੀ ਪੜ੍ਹਾਈ ਦਾ ਪੂਰਾ ਧਿਆਨ ਰੱਖਦੇ ਹਨ।
ਚਾਰੂ ਡਾਕਟਰ ਬਣਕੇ ਕਰੇਗੀ ਸੇਵਾ
ਇਸੇ ਸਕੂਲ ਦੀ ਵਿਦਿਆਰਥਣ ਚਾਰੂ ਗੁਪਤਾ ਨੇ ਮੈਡੀਕਲ 'ਚੋਂ 92.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਚਾਰੂ ਦਾ ਸੁਪਨਾ ਡਾਕਟਰ ਬਣਨਾ ਹੈ। ਉਸਦੀ ਮਾਤਾ ਰਾਜੇਸ਼ ਕੁਮਾਰੀ ਜੋ ਸਰਕਾਰੀ ਅਧਿਆਪਕ ਹਨ ਆਪਣੀ ਬੇਟੀ ਦਾ ਸੁਪਨਾ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰਨ ਲਈ ਤਿਆਰ ਹੈ। 
ਸੁਨਾਧੀ ਆਈ. ਏ. ਐੱਸ. ਬਣਕੇ ਇਲਾਕੇ ਦੀ ਸੇਵਾ ਕਰਨਾ ਚਾਹੁੰਦੀ ਹੈ
ਇਸੇ ਸਕੂਲ ਦੀ ਵਿਦਿਆਰਥਣ ਸੁਨਾਧੀ ਨੇ ਆਰਟਸ ਵਿਸ਼ੇ 'ਚੋਂ 88 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਉਹ ਸਿਵਲ ਸਰਵਿਸ ਪ੍ਰੀਖਿਆ ਪਾਸ ਕਰਕੇ ਆਈ. ਏ. ਐੱਸ ਅਫਸਰ ਬਣਕੇ ਇਲਾਕੇ ਦੀ ਸੇਵਾ ਕਰਨੀ ਚਾਹੁੰਦੀ ਹੈ। ਸੁਨਾਧੀ ਦੇ ਪਿਤਾ ਰਾਜ ਕੁਮਾਰ ਕਾਰੋਬਾਰੀ ਹਨ ਤੇ ਉਸਦੀ ਹਰ ਇੱਛਾ ਪੂਰੀ ਕਰਨ ਲਈ ਤਿਆਰ ਹਨ। 
 


Related News