ਇਰਾਕ ''ਚ ਇਸਲਾਮਿਕ ਸਟੇਟ ਦੇ ਚੁੰਗਲ ''ਚੋਂ ਬਚੇ ਹਰਜੀਤ ਮਸੀਹ ਨੂੰ ਅਦਾਲਤ ਨੇ ਕੀਤਾ ਬਰੀ

Monday, Mar 30, 2026 - 09:08 PM (IST)

ਇਰਾਕ ''ਚ ਇਸਲਾਮਿਕ ਸਟੇਟ ਦੇ ਚੁੰਗਲ ''ਚੋਂ ਬਚੇ ਹਰਜੀਤ ਮਸੀਹ ਨੂੰ ਅਦਾਲਤ ਨੇ ਕੀਤਾ ਬਰੀ

ਗੁਰਦਾਸਪੁਰ (ਹਰਮਨ) : ਸਾਲ 2014 ਦੌਰਾਨ ਇਰਾਕ ਦੇ ਮੋਸੁਲ ਵਿੱਚ ਇਸਲਾਮਿਕ ਸਟੇਟ (ਆਈਐੱਸਆਈਐੱਸ) ਵੱਲੋਂ ਅਗਵਾ ਕਰਕੇ ਮਾਰੇ ਗਏ 39 ਭਾਰਤੀਆਂ ਨਾਲ ਸੰਬੰਧਿਤ ਚਰਚਿਤ ਮਾਮਲੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਹਰਜੀਤ ਮਸੀਹ ਨੂੰ ਗੁਰਦਾਸਪੁਰ ਦੀ ਅਡੀਸ਼ਨਲ ਸੈਸ਼ਨ ਜੱਜ ਰੰਜੀਵਪਾਲ ਸਿੰਘ ਚੀਮਾ ਦੀ ਅਦਾਲਤ ਵੱਲੋਂ ਹਿਊਮਨ ਟਰੈਫਿਕਿੰਗ ਅਤੇ ਇਮੀਗ੍ਰੇਸ਼ਨ ਐਕਟ ਨਾਲ ਜੁੜੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਸਾਲ 2014 ਵਿੱਚ ਇਰਾਕ ਦੇ ਮੋਸੁਲ ਸ਼ਹਿਰ ‘ਤੇ ਇਸਲਾਮਿਕ ਸਟੇਟ ਦੇ ਕਬਜ਼ੇ ਦੌਰਾਨ 39 ਭਾਰਤੀ ਨੌਜਵਾਨਾਂ ਨੂੰ ਬੰਦੀ ਬਣਾ ਲਿਆ ਗਿਆ ਸੀ, ਜਿਨ੍ਹਾਂ ਵਿੱਚੋਂ ਲਗਭਗ 29 ਪੰਜਾਬ ਨਾਲ ਸੰਬੰਧਿਤ ਸਨ। ਇਸ ਘਟਨਾ ਨੇ ਦੇਸ਼ ਭਰ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ। ਉਸ ਸਮੇਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਕਿਹਾ ਗਿਆ ਸੀ ਕਿ 39 ਭਾਰਤੀਆਂ ਦੀ ਮੌਤ ਦੀ ਕੋਈ ਪੁਸ਼ਟੀ ਨਹੀਂ ਹੋਈ ਅਤੇ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਜਾਰੀ ਹਨ।

ਇਸ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਰਜੀਤ ਮਸੀਹ ਨੇ ਦਾਅਵਾ ਕੀਤਾ ਸੀ ਕਿ ਉਹ ਬਹੁਤ ਮੁਸ਼ਕਿਲ ਨਾਲ ਇਸਲਾਮਿਕ ਸਟੇਟ ਦੇ ਚੁੰਗਲ ਵਿੱਚੋਂ ਬਚ ਕੇ ਨਿਕਲਿਆ ਹੈ ਅਤੇ ਉਸ ਦੇ ਸਾਹਮਣੇ ਹੀ ਬਾਕੀ ਭਾਰਤੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਕੇਂਦਰ ਸਰਕਾਰ ਵੱਲੋਂ ਉਸ ਨੂੰ ਵਾਈਟ ਪਾਸਪੋਰਟ ‘ਤੇ ਭਾਰਤ ਵਾਪਸ ਲਿਆਂਦਾ ਗਿਆ ਸੀ। ਉਸ ਸਮੇਂ ਹਰਜੀਤ ਮਸੀਹ ਵੱਲੋਂ ਦਿੱਤਾ ਗਿਆ ਅੱਖੀ ਡਿੱਠਾ ਬਿਆਨ ਕਾਫੀ ਚਰਚਾ ਵਿੱਚ ਰਿਹਾ ਸੀ।

ਬਾਅਦ ਵਿੱਚ ਸਾਲ 2018 ਵਿੱਚ ਮੋਸੁਲ ਨੇੜੇ ਮਿਲੀਆਂ ਅਸਥੀਆਂ ਦੀ ਡੀਐਨਏ ਜਾਂਚ ਤੋਂ ਪੁਸ਼ਟੀ ਹੋਈ ਕਿ ਲਾਪਤਾ ਹੋਏ 39 ਭਾਰਤੀ ਮਾਰੇ ਜਾ ਚੁੱਕੇ ਸਨ, ਜਿਸ ਨਾਲ ਇਸ ਮਾਮਲੇ ‘ਤੇ ਚੱਲ ਰਹੀ ਅਣਸ਼ਚਿਤਤਾ ਖਤਮ ਹੋਈ ਸੀ।

ਇਸ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਮੋਸੁਲ ਵਿੱਚ ਮਾਰੇ ਗਏ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਮਨਜਿੰਦਰ ਸਿੰਘ ਦੀ ਭੈਣ ਗੁਰਪਿੰਦਰ ਕੌਰ ਨੇ ਥਾਣਾ ਫਤਿਹਗੜ ਚੂੜੀਆਂ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਭਰਾ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਹਰਜੀਤ ਮਸੀਹ ਅਤੇ ਉਸ ਦੇ ਸਾਥੀ ਰਾਜਬੀਰ ਸਿੰਘ ਵੱਲੋਂ ਧੋਖਾਧੜੀ ਕੀਤੀ ਗਈ। ਸ਼ਿਕਾਇਤ ਅਨੁਸਾਰ ਕਰੀਬ 2 ਲੱਖ ਰੁਪਏ ਲੈ ਕੇ ਪਹਿਲਾਂ ਮਨਜਿੰਦਰ ਸਿੰਘ ਨੂੰ ਦੁਬਈ ਲਿਜਾਇਆ ਗਿਆ ਅਤੇ ਬਾਅਦ ਵਿੱਚ ਇਰਾਕ ਭੇਜ ਦਿੱਤਾ ਗਿਆ, ਜਿੱਥੇ ਨੌਕਰੀ ਦਾ ਝਾਂਸਾ ਦੇ ਕੇ ਉਸ ਨੂੰ ਫਸਾ ਦਿੱਤਾ ਗਿਆ।

ਸ਼ਿਕਾਇਤ ਅਨੁਸਾਰ ਇੱਕ ਵਾਰ ਮਨਜਿੰਦਰ ਸਿੰਘ ਕਿਸੇ ਭਾਰਤੀ ਮਹਿਲਾ ਵੱਲੋਂ ਕੀਤੀ ਮਦਦ ਕਰਨ ਵਾਪਸ ਭਾਰਤ ਆ ਗਿਆ ਸੀ ਪਰ ਹਰਜੀਤ ਮਸੀਹ ਵੱਲੋਂ ਉਸ ਨੂੰ ਮੁੜ ਇਹ ਭਰੋਸਾ ਦਿੱਤਾ ਗਿਆ ਕਿ ਉਹ ਉਸ ਨੂੰ ਆਪਣੇ ਨਾਲ ਦੁਬਾਰਾ ਵਿਦੇਸ਼ ਲੈ ਕੇ ਜਾਵੇਗਾ ਅਤੇ ਉੱਥੇ ਨੌਕਰੀ ਲਗਵਾ ਦੇਵੇਗਾ। ਇਸ ਦੌਰਾਨ ਉਸ ਨੂੰ ਮੁੜ ਇਰਾਕ ਲਿਜਾਇਆ ਗਿਆ, ਜਿੱਥੇ ਉਹ ਦੁਬਾਰਾ ਫਸ ਗਿਆ। ਪਰਿਵਾਰ ਅਨੁਸਾਰ 15 ਜੂਨ 2014 ਨੂੰ ਉਸ ਦਾ ਫੋਨ ਬੰਦ ਹੋ ਗਿਆ ਸੀ ਅਤੇ ਬਾਅਦ ਵਿੱਚ ਹਰਜੀਤ ਮਸੀਹ ਵੱਲੋਂ ਦੱਸਿਆ ਗਿਆ ਕਿ ਇਸਲਾਮਿਕ ਸਟੇਟ ਵੱਲੋਂ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ।

ਇਸ ਸਬੰਧੀ ਪੁਲਿਸ ਵੱਲੋਂ ਧਾਰਾ 420, 406, 370, 34 ਆਈਪੀਸੀ ਅਤੇ ਇਮੀਗ੍ਰੇਸ਼ਨ ਐਕਟ 1983 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਮਨੀਸ਼ ਕੁਮਾਰ ਅਨੁਸਾਰ ਅਡੀਸ਼ਨਲ ਸੈਸ਼ਨ ਜੱਜ ਰੰਜੀਵਪਾਲ ਸਿੰਘ ਚੀਮਾ ਦੀ ਅਦਾਲਤ ਵਿੱਚ ਲੰਬੀ ਸੁਣਵਾਈ ਦੌਰਾਨ ਪੇਸ਼ ਸਬੂਤਾਂ ਅਤੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਵੱਲੋਂ ਹਰਜੀਤ ਮਸੀਹ ਅਤੇ ਰਾਜਬੀਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।

ਵਕੀਲ ਨੇ ਕਿਹਾ ਕਿ ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਮੁਆਵਜ਼ਾ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਸਨ, ਪਰ ਜੋ ਵਿਅਕਤੀ ਮੌਤ ਦੇ ਮੂੰਹ ਵਿੱਚੋਂ ਬਚ ਕੇ ਵਾਪਸ ਆਇਆ ਉਸ ਨੂੰ ਲਗਭਗ 10 ਸਾਲ ਤੱਕ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਿਆ। ਹੁਣ ਅਗਲੇ ਕਦਮ ਵਜੋਂ ਸੰਬੰਧਿਤ ਧਿਰ ਵੱਲੋਂ ਇਨਸਾਫ ਅਤੇ ਹੋਰ ਹੱਕਾਂ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News