ਵਿਦਿਆਰਥਣ ਨੂੰ ਕੁੱਟਣ ’ਤੇ ਪਰਿਵਾਰ ਵੱਲੋਂ ਸਕੂਲ ਮੂਹਰੇ ਧਰਨਾ

05/29/2018 6:29:28 AM

 ਅਬੋਹਰ,    (ਸੁਨੀਲ)–  ਪਿੰਡ ਮਲੂਕਪੁਰਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਅਧਿਆਪਕਾ ਵੱਲੋਂ ਵਿਦਿਆਰਥਣ ਨਾਲ ਕੀਤੀ ਗਈ ਕੁੱਟ-ਮਾਰ  ਦੇ  ਮਾਮਲੇ ’ਚ ਸੋਮਵਾਰ ਨੂੰ ਵਿਦਿਆਰਥਣ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ  ਸਕੂਲ ਨੂੰ ਜਿੰਦਰੇ ਲਾ ਕੇ ਧਰਨਾ ਦਿੱਤਾ ਤੇ ਸਕੂਲ ਪ੍ਰਬੰਧਕਾਂ ਖਿਲਾਫ  ਨਾਅਰੇਬਾਜ਼ੀ ਕੀਤੀ।
 ਦੂਜੇ ਪਾਸੇ ਘਟਨਾ ਦਾ ਪਤਾ ਲੱਗਣ ’ਤੇ ਪੁਲਸ ਤੇ ਪ੍ਰਬੰਧਕੀ ਅਧਿਕਾਰੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀ ਸਕੂਲ ਅਧਿਆਪਕਾ ਖਿਲਾਫ ਕਾਰਵਾਈ ਕਰਵਾਉਣ ’ਤੇ ਅਡ਼ੇ ਰਹੇ।  ਵਿਦਿਆਰਥਣ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। 
 ਇਸ ਮਾਮਲੇ ’ਚ ਸਕੂਲ ਪ੍ਰਬੰਧਕਾਂ ਨੇ ਵੀ ਵਿਦਿਆਰਥਣ ਤੇ ਉਸ ਦੇ ਭਰਾ ’ਤੇ ਫੇਸਬੁੱਕ ’ਤੇ ਅਧਿਆਪਕਾ ਦੀ ਨਿੱਜੀ ਫੋਟੋ ਵਾਇਰਲ ਕਰਨ ਦੇ  ਦੋਸ਼ ਲਾਏ ਹਨ। ਪਿੰਡ ਮਲੂਕਪੁਰਾ ਵਾਸੀ ਤੇ 11ਵੀਂ ਦੀ ਵਿਦਿਆਰਥਣ ਲਵਪ੍ਰੀਤ ਕੌਰ ਪੁੱਤਰੀ ਛਿੰਦਾ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਧਰਨੇ ਦੌਰਾਨ ਦੱਸਿਆ ਕਿ ਸ਼ਨੀਵਾਰ ਨੂੰ ਸਕੂਲ ਦੀ ਅਧਿਆਪਕਾ ਉਮੰਗਦੀਪ ਪਤਨੀ ਐਡਵੋਕੇਟ ਪ੍ਰਕਾਸ਼ ਨੇ ਉਨ੍ਹਾਂ ਦੀ ਧੀ ਤੇ  2 ਪੁੱਤਰਾਂ ’ਤੇ ਸੋਸ਼ਲ ਮੀਡੀਆ  ’ਤੇ ਉਸ ਦੀ ਫੋਟੋ ਪੋਸਟ ਕਰਨ ਦੇ ਦੋਸ਼ ਲਾਉਂਦੇ ਹੋਏ ਨਾ ਸਿਰਫ ਸਕੂਲ ’ਚ ਕੁੱਟ-ਮਾਰ ਕੀਤੀ ਸਗੋਂ ਕਈ ਘੰਟਿਆਂ ਤੱਕ ਇਕ ਕਮਰੇ ’ਚ ਬੰਧਕ ਵੀ ਬਣਾ ਕੇ ਰੱਖਿਆ, ਜਿਸ ’ਚ ਸਕੂਲ ਸਟਾਫ ਅਤੇ ਪ੍ਰਿੰਸੀਪਲ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਛੁੱਟੀ ਤੋਂ ਬਾਅਦ ਉਨ੍ਹਾਂ ਲਵਪ੍ਰੀਤ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਤਡ਼ਕੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਅੱਜ ਸਕੂਲ ਖੁੱਲ੍ਹਣ ਸਮੇਂ ਮੁੱਖ ਦਰਵਾਜ਼ੇ ’ਤੇ ਧਰਨਾ ਲਾਉਂਦੇ ਹੋਏ ਸਕੂਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।  ਸੂਚਨਾ ਮਿਲਦੇ ਹੀ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਮੌਕੇ ’ਤੇ ਪੁੱਜ ਗਏ।
  ਇਸ ਮਾਮਲੇ ’ਚ ਸਕੂਲ ਪ੍ਰਿੰਸੀਪਲ ਸੁਰਿੰਦਰ ਕੁਮਾਰ ਨੂੰ ਪ੍ਰਬੰਧਕੀ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਨੇ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਪ੍ਰਿੰਸੀਪਲ ਦੀ ਸਭ ਤੋਂ ਵੱਡੀ ਲਾਪ੍ਰਵਾਹੀ ਇਹ ਰਹੀ ਕਿ ਉਨ੍ਹਾਂ ਇਸ ਪੂਰੀ ਘਟਨਾ ਦੀ ਜਾਣਕਾਰੀ ਜ਼ਿਲਾ ਸਿੱਖਿਆ ਅਧਿਕਾਰੀਆਂ ਤੇ ਪ੍ਰਸ਼ਾਸਨ ਨੂੰ ਨਹੀਂ ਦਿੱਤੀ।


Related News