ਬੱਚੀ ਨਾਲ ਗਲਤ ਹਰਕਤਾਂ ਕਰਨ ਵਾਲਾ ਅਧਿਆਪਕ ਕੀਤਾ ਪੁਲਸ ਹਵਾਲੇ

05/29/2018 2:49:16 AM

ਲਹਿਰਾ ਮੁਹੱਬਤ(ਮਨੀਸ਼)-ਸਰਕਾਰੀ ਪ੍ਰਾਇਮਰੀ ਸਕੂਲ ਦੇ ਇਕ ਅਧਿਆਪਕ ਵੱਲੋਂ ਨਾਬਾਲਗ ਬੱਚੀ ਨਾਲ ਗਲਤ ਹਰਕਤਾਂ ਕਰ ਕੇ ਤੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪੰਜਵੀਂ ਜਮਾਤ ਦੀ 12 ਕੁ ਸਾਲਾਂ ਦੀ ਵਿਦਿਆਰਥਣ ਪਿੰਡ ਦੇ ਹੀ ਇਕ ਦਲਿਤ ਪਰਿਵਾਰ ਨਾਲ ਸਬੰਧਤ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਕੂਲ ਦਾ ਇਕ ਅਧਿਆਪਕ ਜੋ ਕਿ ਬੱਚੀ ਨਾਲ ਬੀਤੇ ਕਈ ਦਿਨਾਂ ਤੋਂ ਗਲਤ ਹਰਕਤਾਂ ਕਰ ਕੇ ਡਰਾ-ਧਮਕਾਅ ਰਿਹਾ ਸੀ। ਇਸੇ ਡਰ ਕਾਰਨ ਬੱਚੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਸੀ ਕਰ ਰਹੀ, ਜਦੋਂ ਬੀਤੇ ਕੱਲ ਬੱਚੀ ਨੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਸਕੂਲ ਜਾ ਕੇ ਗੱਲ ਕਰਨੀ ਚਾਹੀ ਪਰ ਸਕੂਲ ਵਿਚ ਮਾਪਿਆਂ ਨੂੰ ਦੇਖ ਕੇ ਅਧਿਆਪਕ ਸਕੂਲ ਦੇ ਦਫਤਰ ਅੰਦਰ ਹੀ ਲੁਕਦਾ ਰਿਹਾ। ਇਸ ਮਾਮਲੇ ਸਬੰਧੀ ਜਦੋਂ ਲੋਕਾਂ ਦਾ ਇਕੱਠ ਸਕੂਲ ਅੰਦਰ ਹੋ ਗਿਆ ਤਾਂ ਸਬੰਧਤ ਅਧਿਆਪਕ ਨੇ ਮਾਪਿਆਂ ਅਤੇ ਲੋਕਾਂ ਤੋਂ ਪੁਲਸ ਦੀ ਹਾਜ਼ਰੀ 'ਚ ਮੁਆਫੀ ਮੰਗ ਕੇ ਪੱਲਾ ਛੁਡਾਉਣਾ ਚਾਹਿਆ। ਇਸ ਕਾਰਵਾਈ ਤੋਂ ਮਾਪੇ ਅਸੰਤੁਸ਼ਟ ਸਨ ਅਤੇ ਉਨ੍ਹਾਂ ਨੇ ਇਸ ਅਧਿਆਪਕ ਨੂੰ ਪੁਲਸ ਹਵਾਲੇ ਕਰ ਦਿੱਤਾ। ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਅਜਿਹੇ ਅਧਿਆਪਕ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਭੁੱਚੋ ਚੌਕੀ ਇੰਚਾਰਜ ਜਸਪਾਲ ਸਿੰਘ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਸਬੰਧਤ ਅਧਿਆਪਕ ਨੂੰ ਭੁੱਚੋ ਚੌਕੀ ਵਿਖੇ ਲਿਆਂਦਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲਾ ਸਿੱਖਿਆ ਅਫਸਰ (ਪ੍ਰਾਇਮਰੀ) ਬਲਜੀਤ ਕੁਮਾਰ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਅਧਿਆਪਕ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਉਸਨੂੰ ਮੰਗਲਵਾਰ ਸਨਮਾਨਤ ਵੀ ਕੀਤਾ ਜਾਣਾ ਸੀ ਪਰ ਇਸ ਅਧਿਆਪਕ ਨੇ ਜੋ ਅੱਜ ਬੱਚੀ ਨਾਲ ਗਲਤ ਹਰਕਤ ਕੀਤੀ ਹੈ ਉਸਦੇ ਬਦਲੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। 


Related News