ਨੰਗਲ ਅੰਬੀਆਂ ਦਾ ਕਾਤਲ ਸ਼ਾਰਪ ਸ਼ੂਟਰ ਹੈਰੀ ਮੌੜ ਗ੍ਰਿਫ਼ਤਾਰ, ਖੁੱਲ੍ਹਣ ਲੱਗੀਆਂ ਨਵੀਆਂ ਪਰਤਾਂ

Tuesday, Oct 10, 2023 - 03:04 PM (IST)

ਨੰਗਲ ਅੰਬੀਆਂ ਦਾ ਕਾਤਲ ਸ਼ਾਰਪ ਸ਼ੂਟਰ ਹੈਰੀ ਮੌੜ ਗ੍ਰਿਫ਼ਤਾਰ, ਖੁੱਲ੍ਹਣ ਲੱਗੀਆਂ ਨਵੀਆਂ ਪਰਤਾਂ

ਲੁਧਿਆਣਾ (ਪੰਕਜ) : 14 ਮਾਰਚ 2022 ਨੂੰ ਚੱਲਦੇ ਟੂਰਨਾਮੈਂਟ ’ਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਹੈਰੀ ਮੌੜ ਉਰਫ ‘ਛੋਟਾ ਹੈਰੀ’ ਨੂੰ ਆਖਿਰਕਾਰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਸਰਿਤਾ ਵਿਹਾਰ ਸਥਿਤ ਅਪੋਲੋ ਹਸਪਤਾਲ ਨੇੜਿਓਂ ਗ੍ਰਿਫਤਾਰ ਕਰ ਲਿਆ। ਪੰਜਾਬ ’ਚ ਇਕ ਤੋਂ ਬਾਅਦ ਇਕ 4 ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਸ ਸ਼ੂਟਰ ਨੂੰ ਫੜਨ ਲਈ ਪੰਜਾਬ ਪੁਲਸ ਪਿਛਲੇ 1 ਸਾਲ ਤੋਂ ਸਰਗਰਮ ਸੀ। ਸਾਲ 2022 ’ਚ ਦੋ ਮਹੀਨਿਆਂ ਅੰਦਰ 4 ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁੱਖ ਸ਼ੂਟਰਾਂ ’ਚੋਂ ਇਕ ਹੈਰੀ ਮੌੜ ਬੇਹੱਦ ਸ਼ਾਤਰ ਅਤੇ ਖ਼ਤਰਨਾਕ ਗੈਂਗਸਟਰ ਹੈ, ਜੋ ਕੈਨੇਡਾ ’ਚ ਸਰਗਰਮ ਗੈਂਗਸਟਰ ਸੁੱਖਾ ਦੁੱਨੇਕੇ ਅਤੇ ਗੈਂਗਸਟਰ ਅਰਸ਼ ਡੱਲਾ ਲਈ ਆਪਣੇ ਸਾਥੀ ਹੈਰੀ ਰਾਜਪੁਰਾ ਨਾਲ ਮਿਲ ਕੇ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ: ਆਵੇਗੀ ਸਮੱਗਲਰਾਂ ਦੀ ਸ਼ਾਮਤ, ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਪੁਲਸ ਨੇ ਚੁੱਕਿਆ ਅਹਿਮ ਕਦਮ

ਪੰਜਾਬ ’ਚ ਜਨਵਰੀ 2022 ’ਚ ਕੁਲਬੀਰ ਨਰਵਾਣਾ ਦੇ ਕਰੀਬੀ 2 ਸਾਥੀਆਂ ਮਨਪ੍ਰੀਤ ਛੱਲਾ ਅਤੇ ਮਨਪ੍ਰੀਤ ਵਿੱਕੀ ਦਾ ਬੇਦਰਦੀ ਨਾਲ ਕਤਲ ਕਰਨ ਤੋਂ ਇਕ ਮਹੀਨੇ ਬਾਅਦ 14 ਮਾਰਚ ਨੂੰ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰਨ ਵਾਲਿਆਂ ’ਚ ਸ਼ਾਮਲ ਹੈਰੀ ਮੌੜ ਅਤੇ ਹੈਰੀ ਰਾਜਪੁਰਾ ਨੇ ਚੌਥੀ ਵਾਰਦਾਤ ਪਲਵਲ ’ਚ ਕੀਤੀ, ਜਿੱਥੇ ਇਨ੍ਹਾਂ ਸ਼ੂਟਰਾਂ ਨੇ ਉਸੇ ਤਰਜ਼ ’ਤੇ ਜਸਬੀਰ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। 3 ਮਹੀਨਿਆਂ ਅੰਦਰ 4 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਵੇਂ ਸ਼ੂਟਰ ਇੰਨੇ ਸ਼ਾਤਰ ਹਨ ਕਿ ਵਾਰਦਾਤ ਤੋਂ ਬਾਅਦ ਹਰਿਆਣਾ ਅਤੇ ਦਿੱਲੀ ਏਰੀਆ ’ਚ ਲੁਕਣ ਤੋਂ ਬਾਅਦ ਪੂਰੀ ਤਰ੍ਹਾਂ ਚੁੱਪ ਧਾਰ ਲੈਂਦੇ ਸਨ। ਮੋਬਾਇਲ ਫੋਨ ਤੋਂ ਦੂਰ ਰਹਿਣ ਵਾਲੇ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਪੰਜਾਬ ਪੁਲਸ ਦੀਆਂ ਕਈ ਟੀਮਾਂ ਮਹੀਨਿਆਂ ਤੋਂ ਇਨ੍ਹਾਂ ਦੀ ਭਾਲ ’ਚ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀਆਂ ਸਨ ਪਰ ਪੁਲਸ ਦੀ ਪਕੜ ਤੋਂ ਦੂਰ ਦੋਵੇਂ ਸ਼ਾਤਰ ਖਾਮੋਸ਼ੀ ਨਾਲ ਕੈਨੇਡਾ ਤੋਂ ਮਿਲਣ ਵਾਲੇ ਅਗਲੇ ਟਾਰਗੈੱਟ ਦਾ ਇੰਤਜ਼ਾਰ ਕਰ ਰਹੇ ਸਨ।

ਇਹ ਵੀ ਪੜ੍ਹੋ: ਪਲਾਂ 'ਚ ਉੱਜੜਿਆ ਹੱਸਦਾ-ਖੇਡਦਾ ਪਰਿਵਾਰ, ਅੱਗ 'ਚ ਝੁਲਸੇ 6ਵੇਂ ਵਿਅਕਤੀ ਦੀ ਵੀ ਮੌਤ, ਮਚਿਆ ਚੀਕ-ਚਿਹਾੜਾ

ਅਸਲ ’ਚ 6 ਸਤੰਬਰ ਨੂੰ ਇਸੇ ਗੈਂਗ ਦਾ ਇਕ ਤੀਜਾ ਮੈਂਬਰ ਮਨੀਸ਼ ਲਾਂਬਾ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ ਹੱਥ ਲੱਗਾ ਤਾਂ ਟੀਮ ਨੂੰ ਪਤਾ ਲੱਗਾ ਕਿ ਹੈਰੀ ਮੌੜ ਦਾ ਭਰਾ ਬਲਜੀਤ ਮੌੜ ਜੋ ਮਿਡਲ ਈਸਟ ’ਚ ਰਹਿੰਦਾ ਹੈ, ਜ਼ਰੀਏ ਹੀ ਅਰਸ਼ ਡੱਲਾ ਇਨ੍ਹਾਂ ਦੇ ਨਾਲ ਸੰਪਰਕ ਕਰਦਾ ਸੀ ਅਤੇ ਅਗਲੇ ਟਾਰਗੈੱਟ ਦੀ ਜਾਣਕਾਰੀ ਦਿੰਦਾ ਸੀ। ਜਦੋਂਕਿ ਸੁੱਖਾ ਦੁੱਨੇਕੇ ਪੁਰਤਗਾਲ ’ਚ ਰਹਿਣ ਵਾਲੇ ਨੀਰਜ ਫਰੀਦਪੁਰੀਆ ਸਮੇਤ ਹੋਰ ਵਾਰਦਾਤਾਂ ਕਰਦੇ ਸਨ ਅਤੇ ਉਸੇ ਤਰ੍ਹਾਂ ਫਿਰ ਖਾਮੋਸ਼ ਹੋ ਕੇ ਲੁਕ ਜਾਂਦੇ ਸਨ, ਤਾਂ ਕਿ ਪੁਲਸ ਉਨ੍ਹਾਂ ਤੱਕ ਨਾ ਪੁੱਜ ਸਕੇ। ਲਾਂਬਾ ਦੀ ਗ੍ਰਿਫਤਾਰੀ ਅਤੇ ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਸ ਨੇ ਅਗਲੇ ਹੀ ਦਿਨ 7 ਸਤੰਬਰ ਨੂੰ ਹੈਰੀ ਰਾਜਪੁਰਾ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ, ਜਿਸ ਤੋਂ ਬਾਅਦ ਸੈੱਲ ਦੀ ਟੀਮ ਹੈਰੀ ਮੌੜ ਦੇ ਪਿੱਛੇ ਲੱਗ ਗਈ ਸੀ। ਇਸ ਖ਼ਤਰਨਾਕ ਅਤੇ ਬੇਹੱਦ ਸ਼ਾਤਰ ਅਪਰਾਧੀ ਨੂੰ ਫੜਨ ’ਚ ਪੁਲਸ ਨੂੰ ਸਖ਼ਤ ਮਿਹਨਤ ਅਤੇ ਲੰਬਾ ਇੰਤਜ਼ਾਰ ਕਰਨਾ ਪਿਆ। ਆਖਿਰਕਾਰ ਸ਼ਨੀਵਾਰ ਨੂੰ ਹੈਰੀ ਮੌੜ ਨੂੰ ਸੈੱਲ ਦੀ ਟੀਮ ਨੇ ਅਪੋਲੋ ਹਸਪਤਾਲ ਲਾਗਿਓਂ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਕਿਸੇ ਨੂੰ ਮਿਲਣ ਆਇਆ ਸੀ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਗਠਜੋੜਾਂ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ

ਕੈਨੇਡਾ ’ਚ ਸਰਗਰਮ ਅਰਸ਼ ਡੱਲਾ ਅਤੇ ਦੁੱਨੇਕੇ ਵੱਲੋਂ ਭਾਰਤ, ਖਾਸ ਕਰ ਕੇ ਪੰਜਾਬ ’ਚ ਕਰਵਾਏ ਜਾ ਰਹੇ ਕੰਟ੍ਰੈਕਟ ਮਰਡਰਾਂ ਅਤੇ ਚਲਾਏ ਜਾ ਰਹੇ ਫਿਰੌਤੀ ਦੇ ਕਾਰੋਬਾਰ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹੈਰੀ ਮੌੜ ਅਤੇ ਹੈਰੀ ਰਾਜਪੁਰਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਸ ਨੇ ਸੁੱਖ ਦਾ ਸਾਹ ਲਿਆ ਹੈ। ਦਿੱਲੀ ਦੇ ਸਪੈਸ਼ਲ ਸੈੱਲ ਵੱਲੋਂ ਦੋਵਾਂ ਪ੍ਰਮੁੱਖ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਪੁਲਸ ਇਨ੍ਹਾਂ ਸ਼ੂਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰਨ ਦੀ ਤਿਆਰੀ ’ਚ ਜੁਟ ਗਈ ਹੈ।  ਕੈਨੇਡਾ ’ਚ ਹੋਏ ਦੁੱਨੇਕੇ ਦੇ ਕਤਲ ਤੋਂ ਬਾਅਦ ਦੋਵੇਂ ਸ਼ਾਰਪ ਸ਼ੂਟਰ ਪੂਰੀ ਤਰ੍ਹਾਂ ਅਰਸ਼ ਡੱਲਾ ਦੇ ਸੰਪਰਕ ’ਚ ਆ ਚੁੱਕੇ ਸਨ। ਚਾਰ ਕਤਲਾਂ ਤੋਂ ਇਲਾਵਾ ਇਨ੍ਹਾਂ ਨੇ ਹੁਣ ਤੱਕ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਇਸ ਦੀ ਪੂਰੀ ਜਾਣਕਾਰੀ ਜਲਦ ਸਾਹਮਣੇ ਆ ਜਾਵੇਗੀ।

ਇਹ ਵੀ ਪੜ੍ਹੋ : ਟਰੱਸਟ ਦੀਆਂ 'ਇੰਪਰੂਵਮੈਂਟ' ਸਕੀਮਾਂ ਨੂੰ ਲੱਗਾ ਵੱਡਾ ਝਟਕਾ, ਅਦਾ ਕਰਨੀ ਪਵੇਗੀ ਵੱਡੀ ਰਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News