ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

04/16/2019 11:59:26 AM

ਕਪੂਰਥਲਾ (ਸੋਢੀ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਜਿਥੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ, ਉਥੇ ਸੁਲਤਾਨਪੁਰ ਲੋਧੀ ਨਗਰ ਦੀ ਬੇਬੇ ਨਾਨਕੀ ਅਰਬਨ ਅਸਟੇਟ ਤੇ ਨੇਡ਼ਲੇ ਪਿੰਡ ਅਲਾਦਾਦ ਚੱਕ ਬਸਤੀ ਦੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਹੁਣ ਤਕ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਪਿੰਡ ਅਲਾਦਾਦ ਚੱਕ ਦਾ ਗੰਦਾ ਪਾਣੀ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮੁੱਖ ਸਡ਼ਕ ਦੇ ਨਾਲ ਭਰਿਆ ਪਿਆ ਹੈ, ਜਿਥੇ ਲੰਘਣ ਲਈ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨ ਪਹਿਲਾਂ ਭਾਵੇਂ ਇਸ ਪਿੰਡ ਦਾ ਗੰਦਾ ਪਾਣੀ ਪਵਿੱਤਰ ਵੇਈਂ ਦੇ ਨਾਲ ਮਿੰਨੀ ਬੱਸ ਸਟੈਂਡ ਤਲਵੰਡੀ ਚੌਕ ਨੇਡ਼ੇ ਡੂੰਘਾ ਛੱਪਡ਼ ਪੁੱਟ ਕੇ ਪਾਇਆ ਗਿਆ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਪਿੰਡ ਗਾਜੀਪੁਰ-ਸੁਲਤਾਨਪੁਰ ਲੋਧੀ ਸਡ਼ਕ ਤੇ ਪਿੰਡ ਅਲਾਦਾਦ ਚੱਕ ਦਾ ਨਾਲੀਆਂ ਤੇ ਸੀਵਰੇਜ ਦਾ ਗੰਦਾ ਪਾਣੀ ਸਿੱਖ ਮਿਸ਼ਨ ਅਕੈਡਮੀ ਦੇ ਨੇਡ਼ੇ ਭਰਿਆ ਹੋਇਆ ਹੈ।ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵੀ ਸਡ਼ਕ ਤੇ ਗੰਦੇ ਪਾਣੀ ਭਰੇ ਰਹਿਣ ਕਾਰਨ ਲੋਕਾਂ ਵਲੋਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖਡ਼੍ਹੇ ਕੀਤੇ ਜਾ ਰਹੇ ਹਨ। ਇਥੋਂ ਲੰਘਣ ਵਾਲੇ ਲੋਕਾਂ ਨੂੰ ਗੰਦੇ ਪਾਣੀ ਦੇ ਬਦਬੂ ਮਾਰਦੇ ਪਾਣੀ ’ਚੋਂ ਲੰਘਣਾ ਪੈ ਰਿਹਾ ਹੈ, ਜਿਸ ਕਾਰਨ ਲੋਕ ਡਾਢੇ ਪ੍ਰੇਸ਼ਾਨ ਹਨ। ਸੁਖਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਸਵੇਰੇ ਇਥੋਂ ਦੀ ਫੁੱਟ-ਫੁੱਟ ਗੰਦੇ ਪਾਣੀ ’ਚੋਂ ਦੀ ਲੰਘਣਾ ਪਿਆ ਸੀ ਤੇ ਬਾਅਦ ’ਚ ਸ਼ਾਮ ਤਕ ਕੁਝ ਪਾਣੀ ਕੱਢਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਥੇ ਗੰਦਾ ਪਾਣੀ ਭਰਨ ਤੋਂ ਰੋਕਣ ਲਈ ਕੋਈ ਠੋਸ ਪ੍ਰਬੰਧ ਕਰੇ।ਉੱਧਰ ਦੂਜੇ ਪਾਸੇ ਬੇਬੇ ਨਾਨਕੀ ਅਰਬਨ ਅਸਟੇਟ ਦਾ ਸੀਵਰੇਜ ਦਾ ਗੰਦਾ ਪਾਣੀ ਵੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਕੀਤੇ ਜਾਣ ਕਾਰਨ ਸੀਵਰੇਜ ਦੇ ਪਾਈਪਾਂ ਵਿਚ ਹੀ ਭਰਿਆ ਪਿਆ ਹੈ । ਸਰਕਾਰ ਵਲੋਂ ਇਸ ਇਲਾਕੇ ਦਾ ਗੰਦਾ ਪਾਣੀ ਸੰਭਾਲਣ ਲਈ ਟਰੀਟਮੈਂਟ ਪਲਾਂਟ ਲਗਾਉਣ ਲਈ ਨੀਂਹ ਪੱਥਰ ਤਾਂ ਛੇ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਵਲੋਂ ਰੱਖਿਆ ਗਿਆ ਸੀ, ਜਿਸਦੀ ਹੁਣ ਤਕ ਕਿਸੇ ਕਾਰਨ ਆਰੰਭਤਾ ਨਹੀਂ ਹੋ ਸਕੀ।


Related News